NEET ਪ੍ਰੀਖਿਆ: ਕੇਂਦਰ ’ਤੇ ਉਮੀਦਵਾਰ ਨੂੰ ‘ਜਨੇਊ’ ਉਤਾਰਨ ਲਈ ਕਹਿਣ ਵਾਲੇ ਦੋ ਗ੍ਰਿਫ਼ਤਾਰ
ਕਲਬੁਰਗੀ (ਕਰਨਾਟਕ), 5 ਮਈ
ਇਕ ਉਮੀਦਵਾਰ ਨੂੰ 4 ਮਈ ਨੂੰ ਨੀਟ ਟੈਸਟ ਲਈ ਪ੍ਰੀਖਿਆ ਹਾਲ ਵਿਚ ਦਾਖਲ ਹੋਣ ਤੋਂ ਪਹਿਲਾਂ ਕਥਿਤ ਤੌਰ ’ਤੇ ‘ਜਨੇਊ’(ਬ੍ਰਾਹਮਣਾਂ ਦੁਆਰਾ ਪਹਿਨਿਆ ਜਾਣ ਵਾਲਾ ਪਵਿੱਤਰ ਧਾਗਾ) ਉਤਾਰਨ ਲਈ ਕਿਹਾ ਗਿਆ ਸੀ, ਜਿਸ ਦੇ ਸਬੰਧ ਵਿਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਕਿਹਾ ਕਿ ਉਮੀਦਵਾਰ ਦੀ ਸ਼ਿਕਾਇਤ ਦੇ ਆਧਾਰ ’ਤੇ ਪ੍ਰੀਖਿਆ ਕੇਂਦਰ ’ਤੇ ਤਾਇਨਾਤ ਦੋ ਸਟਾਫ਼ ਮੈਂਬਰ, ਜਿਨ੍ਹਾਂ ਨੇ ਕਥਿਤ ਤੌਰ ’ਤੇ ਉਸ ਨੂੰ ਡਰਾਇਆ ਧਾਗਾ ਉਤਾਰਨ ਲਈ ਕਿਹਾ ਸੀ, ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ।
ਕਲਬੁਰਗੀ ਸ਼ਹਿਰ ਦੇ ਪੁਲੀਸ ਕਮਿਸ਼ਨਰ ਸ਼ਰਨੱਪਾ ਐੱਸਡੀ ਨੇ ਕਿਹਾ, ‘‘ਕੱਲ੍ਹ ਦੀ NEET ਪ੍ਰੀਖਿਆ ਦੌਰਾਨ ਇਕ ਪ੍ਰੀਖਿਆ ਕੇਂਦਰ ’ਤੇ ਜਨੇਊ ਘਟਨਾ ਦੇ ਸਬੰਧ ਵਿੱਚ ਉਮੀਦਵਾਰ ਨੇ ਦੋ ਵਿਅਕਤੀਆਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਅਸੀਂ ਮਾਮਲਾ ਦਰਜ ਕਰ ਲਿਆ ਹੈ। ਸਟਾਫ਼ ਤੋਂ ਪੁੱਛਗਿੱਛ ਕੀਤੀ ਗਈ ਅਤੇ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਗਈ ਹੈ।’’
ਉਨ੍ਹਾਂ ਕਿਹਾ ਕਿ, ‘‘ਦੋਵਾਂ ਨੂੰ ਐਤਵਾਰ ਸ਼ਾਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਬਾਅਦ ਵਿਚ ਸਟੇਸ਼ਨ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਕਿਉਂਕਿ ਇਹ ਇਕ ਜ਼ਮਾਨਤੀ ਅਪਰਾਧ ਸੀ।’’ ਅਧਿਕਾਰੀ ਨੇ ਕਿਹਾ ਕਿ ਹੋਰਾਂ ਦੀ ਭੂਮਿਕਾ ਅਤੇ ਸਟਾਫ ਨੂੰ ਉਨ੍ਹਾਂ ਦੀਆਂ ਡਿਊਟੀਆਂ ਬਾਰੇ ਸਹੀ ਢੰਗ ਨਾਲ ਦਿੱਤੀ ਜਾਣਕਾਰੀ ਦਾ ਪਤਾ ਲਗਾਉਣ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ।
ਐਤਵਾਰ ਨੂੰ ਬ੍ਰਾਹਮਣ ਭਾਈਚਾਰੇ ਦੇ ਮੈਂਬਰਾਂ ਨੇ ਇੱਥੇ NEET ਪ੍ਰੀਖਿਆ ਕੇਂਦਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਜਵਾਬਦੇਹੀ ਦੀ ਮੰਗ ਕੀਤੀ। ਉਮੀਦਵਾਰਾਂ ਨੂੰ ਜਾਂ ਤਾਂ ਪਵਿੱਤਰ ਧਾਗਾ(ਜਨੇਊ) ਹਟਾਉਣ ਲਈ ਕਿਹਾ ਗਿਆ ਸੀ ਜਾਂ ਪ੍ਰੀਖਿਆ ਹਾਲ ਵਿਚ ਦਾਖਲ ਹੋਣ ਤੋਂ ਪਹਿਲਾਂ ਇਸਨੂੰ ਕੱਟ ਦਿੱਤਾ ਗਿਆ ਸੀ। ਇਸੇ ਤਰ੍ਹਾਂ ਦੀ ਘਟਨਾ 16 ਅਪਰੈਲ ਨੂੰ ਇੰਜੀਨੀਅਰਿੰਗ ਅਤੇ ਹੋਰ ਕਿੱਤਾਮੁਖੀ ਕੋਰਸਾਂ ਲਈ ਆਯੋਜਿਤ ਸਾਂਝੀ ਦਾਖਲਾ ਪ੍ਰੀਖਿਆ ਦੌਰਾਨ ਹੋਈ ਸੀ, ਜਿੱਥੇ ਬ੍ਰਾਹਮਣ ਲੜਕਿਆਂ ਦੇ ਪਵਿੱਤਰ ਧਾਗੇ(ਜਨੇਊ) ਵੀ ਹਟਾ ਦਿੱਤੇ ਗਏ ਸਨ। -ਪੀਟੀਆਈ