ਪਾਠਕਾਂ ਦੇ ਖ਼ਤ
ਕਰਜ਼ਾ ਮੁਕਤ ਖੇਤੀ ਦਾ ਨੁਸਖਾ
3 ਜੁਲਾਈ ਨੂੰ ਦਵਿੰਦਰ ਸ਼ਰਮਾ ਦਾ ਲੇਖ ‘ਕਿਸਾਨ ਲਈ ਕਰਜ਼ਾ ਮੁਕਤ ਖੇਤੀ ਦਾ ਨੁਸਖਾ’ ਪੜ੍ਹਿਆ। ਉਨ੍ਹਾਂ ਠੋਸ ਅੰਕੜੇ ਦਿੰਦੇ ਹੋਏ ਵਧੀਆ ਤਰੀਕੇ ਨਾਲ ਦੱਸਿਆ ਹੈ ਕਿ ਕਿਵੇਂ ਸਰਕਾਰਾਂ ਕਾਰਪੋਰੇਟਾਂ ਦੇ ਲੱਖਾਂ ਕਰੋੜ ਦੇ ਕਰਜ਼ੇ ਮੁਆਫ਼ ਕਰ ਰਹੀਆਂ ਹਨ ਅਤੇ ਕਿਸਾਨਾਂ ਨੂੰ ਥੋੜ੍ਹਾ ਜਿਹਾ ਕਰਜ਼ਾ ਨਾ ਉਤਾਰਨ ’ਤੇ ਆਪਣੀ ਜ਼ਮੀਨ ਜਾਂ ਟਰੈਕਟਰ ਤੋਂ ਹੱਥ ਧੋਣਾ ਪੈਂਦਾ ਹੈ। ਇਹ ਅੱਜ ਦੀਆਂ ਕਾਰਪੋਰੇਟ ਪੱਖੀ ਸਰਕਾਰਾਂ ਦੀ ਕੌੜੀ ਸੱਚਾਈ ਹੈ ਪਰ ਜੋ ਨੁਸਖਾ ਲੇਖਕ ਨੇ ਦਿੱਤਾ ਹੈ ਉਸ ਵਿਚ ਕੁਝ ਊਣਤਾਈਆਂ ਜਾਪਦੀਆਂ ਹਨ। ਪਹਿਲਾ, ਕਿਸਾਨ ’ਤੇ ਕਰਜ਼ਾ ਨਾ ਚੜ੍ਹੇ ਇਸ ਲਈ ਜ਼ਰੂਰੀ ਹੈ ਕਿ ਉਸ ਦੀ ਫ਼ਸਲ ਐਮਐਸਪੀ ਉੱਪਰ ਵਿਕੇ। ਇਸ ਨੁਸਖੇ ਵਿਚ ਸਰਕਾਰ ਨੂੰ ਐਮਐਸਪੀ ’ਤੇ ਖਰੀਦ ਦੀ ਜ਼ਿੰਮੇਵਾਰੀ ਵਿਚੋਂ ਬਾਹਰ ਕੱਢ ਦਿੱਤਾ ਗਿਆ ਹੈ। ਦੂਜਾ, ਲੇਖਕ ਖ਼ੁਦ ਵੀ ਮੰਨਦਾ ਹੈ ਕਿ ਬੈਂਕਾਂ ਨੂੰ ਫ਼ਸਲ ਸਟੋਰ ਕਰਨ ਅਤੇ ਫਿਰ ਵੇਚਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਵੇਗਾ। ਬੈਂਕ ਅਜਿਹਾ ਕਿਉਂ ਕਰਨਗੇ? ਬੈਂਕਾਂ ਲਈ ਜ਼ਮੀਨ ਦੀ ਕੁਰਕੀ ਕਰਨਾ ਤੇ ਉਸ ਨੂੰ ਵੇਚਣਾ ਕਿਤੇ ਆਸਾਨ ਹੈ। ਲੇਖਕ ਦੀਆਂ ਭਾਵਨਾਵਾਂ ਤਾਂ ਚੰਗੀਆਂ ਹਨ ਪਰ ਵਿਹਾਰਕ ਨਹੀਂ।
ਡਾ. ਸੰਦੀਪ, ਪਟਿਆਲਾ
ਅਮੀਰ ਤੇ ਗ਼ਰੀਬ
5 ਜੁਲਾਈ ਦੇ ਨਜ਼ਰੀਆ ਸਫ਼ੇ ’ਤੇ ਔਨਿੰਦਓ ਚੱਕਰਵਰਤੀ ਦਾ ਲੇਖ ‘ਵੱਡੇ ਅਮੀਰਾਂ ਨੇ ਬਾਕੀ ਸਭ ਕੀਤੇ ਗ਼ਰੀਬ’ ਪੜ੍ਹਿਆ। ਦੁਨੀਆ ਦੇ ਅਮੀਰ ਤੋਂ ਅਮੀਰ ਅਤੇ ਗ਼ਰੀਬ ਤੋਂ ਗ਼ਰੀਬ ਮੁਲਕ ਨਾਲ ਤੁਲਨਾਤਮਿਕ ਅਧਿਐਨ ਦਰਸਾਉਂਦਾ ਹੈ ਕਿ ਸਾਡੇ ਦੇਸ਼ ਦੀ ਅੱਧੀ ਆਬਾਦੀ ਕਿੰਨੀ ਗ਼ਰੀਬ ਹੈ। ਇਸ ਦਾ ਅਸਲ ਕਾਰਨ ਸ਼ਾਇਦ ਸਾਡੇ ਦੇਸ਼ ਦਾ ਬਸਤੀਵਾਦੀ ਖ਼ਾਸਾ ਹੀ ਹੈ ਜਿਸ ਨੂੰ ਅਸੀਂ ਬੜੇ ਮਾਣ ਨਾਲ ਉਦਾਰੀਕਰਨ, ਨਿੱਜੀਕਰਨ ਅਤੇ ਵਿਸ਼ਵੀਕਰਨ ਦੇ ਹਵਾਲੇ ਕਰ ਦਿੱਤਾ ਹੈ। ਗਿਣਤੀ ਦੇ ਅਮੀਰਾਂ ਨੇ ਕਰੋੜਾਂ ਗ਼ਰੀਬਾਂ ਦਾ ਜੀਵਨ-ਰਸ ਨਿਚੋੜ ਲਿਆ ਹੈ।
ਜਗਰੂਪ ਸਿੰਘ, ਲੁਧਿਆਣਾ
ਨਿਹਾਲ ਸਿੰਘ ਉਰਫ਼ ਮਹਾਰਾਜ ਸਿੰਘ
5 ਜੁਲਾਈ ਦੇ ਅੰਕ ’ਚ ਪ੍ਰੋ. ਨਿਰਮਲ ਸਿੰਘ ਰੰਧਾਵਾ ਦੇ ਜਾਣਕਾਰੀ ਭਰਪੂਰ ਲੇਖ ‘ਜੰਗ-ਏ-ਆਜ਼ਾਦੀ ਦੇ ਪਹਿਲੇ ਸ਼ਹੀਦ ਭਾਈ ਮਹਾਰਾਜ ਸਿੰਘ ਨੌਰੰਗਾਬਾਦ’ ਦੇ ਸਬੰਧ ’ਚ ਜ਼ਿਕਰਯੋਗ ਹੈ ਕਿ ਭਾਈ ਮਹਾਰਾਜ ਸਿੰਘ ਦਾ ਪਹਿਲਾ ਅਸਲੀ ਨਾਮ ਨਿਹਾਲ ਸਿੰਘ ਸੀ।
ਕੁਲਦੀਪ ਸਿੰਘ, ਯੂਨੀਅਨ ਸਿਟੀ, ਕੈਲੀਫੋਰਨੀਆ (ਅਮਰੀਕਾ)
ਅਧਿਆਪਕ ਤੇ ਸਿੱਖਿਆ
4 ਜੁਲਾਈ ਦੇ ਨਜ਼ਰੀਆ ਅੰਕ ਵਿਚ ਗੁਰਬਿੰਦਰ ਸਿੰਘ ਮਾਣਕ ਨੇ ਆਪਣੇ ਲੇਖ ‘ਸਿੱਖਿਆ, ਸਰਕਾਰ ਤੇ ਅਧਿਆਪਕ ਦੀ ਭੂਮਿਕਾ’ ਵਿਚ ਤਿੰਨਾਂ ਧਿਰਾਂ ਬਾਰੇ ਵਿਸਥਾਰ ਨਾਲ ਵਰਤਮਾਨ ਦੇ ਹਾਲਾਤ ਅਤੇ ਭਵਿੱਖ ਬਾਰੇ ਚਾਨਣਾ ਪਾਇਆ ਹੈ। ਮੈਂ ਖ਼ੁਦ ਅਧਿਆਪਕ ਹੋਣ ਨਾਤੇ ਇਸ ਪੂਰੀ ਤਸਵੀਰ ਦੇ ਅਣਗੌਲੇ ਪੱਖ ਬਾਰੇ ਕਹਿ ਸਕਦਾ ਹਾਂ ਕਿ ਜਿਸ ਸਮਾਜ ਵਿਚ ਪੈਸਾ ਵਿਅਕਤੀ ਦੀ ਹੈਸੀਅਤ ਅਤੇ ਕਾਬਲੀਅਤ ਦਾ ਪੈਮਾਨਾ ਤੈਅ ਕਰਨ ਲੱਗ ਜਾਵੇ ਅਤੇ ਰਿਸ਼ਵਤ ਸਮਾਜ ਦੇ ਹਰ ਹਿੱਸੇ ਵਿਚ ਪ੍ਰਵਾਨਿਤ ਧਿਰ ਵਜੋਂ ਸਥਾਪਿਤ ਹੋ ਕੇ ਜੜ੍ਹਾਂ ਜਮਾ ਗਈ ਹੋਵੇ, ਸਿੱਖਿਆ ਬਾਰੇ ਚਰਚਾਵਾਂ ਵਿਚ ਅਧਿਆਪਕਾਂ ਦੀਆਂ ਤਨਖ਼ਾਹਾਂ ਮੀਡੀਆ ਵਿਚ ਵਧੇਰੇ ਚਰਚਾ ਦਾ ਵਿਸ਼ਾ ਬਨਣ ਲੱਗ ਜਾਣ ਤਾਂ ਇਹ ਦੱਸਣਾ ਹੋਰ ਵੀ ਜ਼ਰੂਰੀ ਜਾਪਦਾ ਹੈ ਕਿ ਯੋਗ ਅਧਿਆਪਕਾਂ ਦੀ ਚੋਣ ਕਰ ਲੈਣਾ ਹੀ ਆਖ਼ਰੀ ਪੜਾਅ ਨਹੀਂ ਹੁੰਦਾ। ਉੱਚਕੋਟੀ ਦੇ ਮਿਆਰ ਲਗਾਤਾਰ ਬਣਾ ਕੇ ਰੱਖਣ ਵਾਲੇ ਅਦਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਯੋਗ ਅਕਾਦਮਿਕ ਵਾਤਾਵਰਨ ਬਣਾ ਕੇ ਰੱਖਣ ਲਈ ਨਿਰੰਤਰ ਟਰੇਨਿੰਗ, ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਦੂਜੇ ਵਿੱਦਿਅਕ ਅਦਾਰਿਆਂ ਨਾਲ ਮੇਲ-ਜੋਲ ਦੇ ਮੌਕੇ ਲੈਕਚਰਾਂ, ਸੈਮੀਨਾਰਾਂ, ਵਿੱਦਿਅਕ ਟੂਰਾਂ, ਖੇਡਾਂ ਰਾਹੀਂ ਦਿੰਦੇ ਰਹਿੰਦੇ ਹਨ, ਜੋ ਦੋਵਾਂ ਧਿਰਾਂ, ਅਧਿਆਪਕ ਅਤੇ ਵਿਦਿਆਰਥੀ ਨੂੰ ਖੂਹ ਦਾ ਡੱਡੂ ਬਨਣ ਤੋਂ ਰੋਕਣ ਤੋਂ ਇਲਾਵਾ ਵੱਡੇ ਮੁਕਾਬਲੇ ਲਈ ਵੀ ਤਿਆਰ ਕਰਦਾ ਹੈ।
ਪ੍ਰੋ. ਨਵਜੋਤ ਸਿੰਘ, ਪਟਿਆਲਾ
ਪਿਓ, ਨੌਕਰ ਤੇ ਕੁੱਤਾ
3 ਜੁਲਾਈ ਨੂੰ ਕਮਲਜੀਤ ਸਿੰਘ ਬਨਵੈਤ ਦਾ ਮਿਡਲ ‘ਨੌਕਰ’ ਅਜਿਹੇ ਵਿਅਕਤੀ ਦੀ ਜ਼ਿੰਦਗੀ ਬਾਰੇ ਦੱਸਦਾ ਹੈ ਜੋ ਸਾਰੀ ਉਮਰ ਹੱਡ-ਤੋੜ ਮਿਹਨਤ ਕਰ ਕੇ ਆਪਣੇ ਬੱਚਿਆਂ ਦੀ ਹਰ ਰੀਝ ਪੁਗਾਉਂਦਾ ਹੈ ਪਰ ਜੀਵਨ ਦੇ ਅੰਤਿਮ ਪਲਾਂ ਵਿਚ ਜਦੋਂ ਉਸ ਨੂੰ ਕੋਈ ਲੋੜ ਪੈਂਦੀ ਹੈ ਤਾਂ ਬੱਚੇ ਝੱਟ ਨਾਂਹ ਕਰ ਦਿੰਦੇ ਹਨ ਅਤੇ ਮਾਪਿਆਂ ਨੂੰ ਬੋਝ ਸਮਝਣ ਲੱਗ ਪੈਂਦੇ ਹਨ। ਰਚਨਾ ਮੁਤਾਬਿਕ ਕੁੱਤੇ ਨੂੰ ਜ਼ਿਆਦਾ ਅਹਿਮੀਅਤ ਦੇ ਕੇ ਉਸ ਲਈ ਤਾਂ ਨੌਕਰ ਰੱਖ ਲਿਆ ਗਿਆ ਪਰ ਦੂਜੇ ਪਾਸੇ ਜਿਸ ਪਿਓ ਨੇ ਸਾਰੀ ਉਮਰ ਕਮਾਈ ਕੀਤੀ, ਪਾਲਿਆ-ਪੋਸਿਆ, ਉਸ ਨੂੰ ਘਰ ਵਿਚ ਵਾਧੂ ਸਮਝਿਆ ਗਿਆ।
ਨਵਜੀਤ ਕੌਰ, ਸੁਲਤਾਨਪੁਰ (ਬਧਰਾਵਾਂ), ਮਾਲੇਰਕੋਟਲਾ
ਸਿਹਤ ਕਾਮੇ ਦੀ ਸੇਵਾਮੁਕਤੀ
2 ਜੁਲਾਈ ਦੇ ਅੰਕ ਵਿਚ ਖ਼ਬਰ ‘ਪੱਕੀ ਨੌਕਰੀ ਨੂੰ ਤਰਸਦਾ 11 ਹਜ਼ਾਰ ਤਨਖ਼ਾਹ ’ਤੇ ਸੇਵਾਮੁਕਤ ਹੋਇਆ ਸਿਹਤ ਕਾਮਾ’, ਪੜ੍ਹ ਕੇ ਮਨ ਉਦਾਸ ਹੋ ਗਿਆ। ਖ਼ਬਰ ਅਨੁਸਾਰ ਸਿਹਤ ਕਾਮਾ ਹਸਪਤਾਲ ਵਿਚ ਫਾਰਮੇਸੀ ਅਫ਼ਸਰ ਸੀ ਤੇ ਪੂਰੇ 17 ਸਾਲ ਨੌਕਰੀ ਕੀਤੀ, ਪਰ ਨਿਗੂਣੀ ਤਨਖ਼ਾਹ ਨਾਲ ਹੀ ਸੇਵਾਮੁਕਤ ਹੋਣਾ ਪਿਆ। ਇਹ ਸਾਡੇ ਸਮੁੱਚੇ ਢਾਂਚੇ ਦੀ ਕੋਝੀ ਤਸਵੀਰ ਹੈ। ਇਕ ਪਾਸੇ ਵਿਧਾਇਕਾਂ ਨੂੰ ਪੈਨਸ਼ਨ 75000 ਰੁਪਏ ਤਕ ਅਦਾ ਕੀਤੀ ਜਾਂਦੀ ਹੈ ਤੇ ਅਨੇਕਾਂ ਸਹੂਲਤਾਂ ਮੁਹੱਈਆ ਕੀਤੀਆਂ ਜਾਂਦੀਆਂ ਹਨ, ਵਿਦਿਅਕ ਯੋਗਤਾਵਾਂ ਕੋਈ ਬੰਧਨ ਨਹੀਂ। ਦੂਜੇ ਪਾਸੇ ਉੱਚ ਵਿੱਦਿਆ ਪ੍ਰਾਪਤ ਇਕ ਫਾਰਮੇਸੀ ਅਫ਼ਸਰ, ਫਾਰਮੇਸੀ ਦਾ ਕੋਰਸ ਕਰ ਕੇ ਹੀ ਬਣ ਸਕਦਾ ਹੈ। ਇਹ ਵਰਤਾਰਾ ਬੇਹੱਦ ਨਿੰਦਣਯੋਗ ਹੈ।
ਪ੍ਰਿੰਸੀਪਲ ਰਣਜੀਤ ਸਿੰਘ, ਬਠਿੰਡਾ
ਪਰਵਾਸ ਦੀ ਹਨੇਰੀ
1 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਛਪਿਆ ਦਰਸ਼ਨ ਸਿੰਘ ਦਾ ਮਿਡਲ ‘ਜਿੰਦੇ-ਕੁੰਡੇ’ ਅਜੋਕੇ ਪੰਜਾਬ ਦੇ ਪਰਵਾਸ ਦੀ ਤ੍ਰਾਸਦੀ ਨੂੰ ਪੇਸ਼ ਕਰਦਾ ਹੈ। ਅਣਕਿਆਸੇ ਸੁਪਨਿਆਂ ਦੀ ਪੂਰਤੀ ਅਤੇ ਜਨਮ ਭੋਇੰ ਦਾ ਮੋਹ ਉਨ੍ਹਾਂ ਨੂੰ ਪੂਰੀ ਜ਼ਿੰਦਗੀ ਦੁਚਿੱਤੀ ਵਿਚ ਰੱਖਦਾ ਹੈ। ਮਨੁੱਖ ਕੁਦਰਤੀ ਤੌਰ ’ਤੇ ਆਪਣੀਆਂ ਜੜ੍ਹਾਂ ਨਾਲ ਜੁੜਿਆ ਰਹਿਣਾ ਚਾਹੁੰਦਾ ਹੈ। ਪਰਵਾਸ ਦੇ ਵਹਾਅ ਦੀ ਵਧ ਰਹੀ ਹਨੇਰੀ ਪੰਜਾਬ ਨੂੰ ਘੁਣ ਵਾਂਗ ਖਾ ਰਹੀ ਹੈ।
ਸੁਖਵੀਰ ਕੌਰ, ਬਠਿੰਡਾ
ਮੱਧਵਰਗੀ ਵਿਦਿਆਰਥੀ
30 ਜੂਨ ਨੂੰ ਜਗਵਿੰਦਰ ਜੋਧਾ ਦੇ ਲੇਖ ‘ਕਾਲਜੀਏਟ ਹੋਣ ਦਾ ਸਬਬ’ ਤੋਂ ਪਤਾ ਲੱਗਦਾ ਹੈ ਕਿ ਮੱਧਵਰਗੀ ਵਿਦਿਆਰਥੀ ਜੀਵਨ ਸ਼ੁਰੂ ਤੋਂ ਹੀ ਸੰਘਰਸ਼ ’ਚ ਰਿਹਾ ਹੈ। ਚੰਗੀ ਯੋਗਤਾ ਹਾਸਿਲ ਕਰਨ ਤੋਂ ਬਾਅਦ ਵੀ ਅੱਗੇ ਕਾਲਜ ਵਿਚ ਦਾਖਲਾ ਲੈਣ ਲਈ ਕਿੰਨੀ ਮੁਸ਼ਕਿਲ ਆਉਂਦੀ ਹੈ। ਸਕੂਲ ਵਿਚ ਪੜ੍ਹਾਈ ਤੋਂ ਬਾਅਦ ਘਰ ਮਾਪਿਆਂ ਨਾਲ ਕੰਮ ਕਰਾਉਣਾ। ਸਾਡੇ ਪੇਂਡੂ ਜਨਜੀਵਨ ਵਿਚ ਨੇੜੇ ਕੋਈ ਕਾਲਜ ਹੀ ਨਹੀਂ ਮਿਲਦਾ ਜਿੱਥੇ ਪਿੰਡਾਂ ਦੇ ਲੋਕਾਂ ਨੂੰ ਆਸਾਨੀ ਨਾਲ ਪੜ੍ਹਾਈ ਕਰ ਸਕਣ। ਸ਼ਹਿਰਾਂ ਵਿਚ ਕਾਲਜ ਦੂਰ ਹੋਣ ਕਾਰਨ ਪਿੰਡਾਂ ਦੇ ਵਿਦਿਆਰਥੀਆਂ ਨੂੰ ਇਕ ਤਾਂ ਕਾਲਜ ਜਾਣ ਆਉਣ ਦੀ ਮੁਸ਼ਕਿਲ ਆਉਂਦੀ ਹੈ, ਦੂਜਾ ਸ਼ਹਿਰਾਂ ਦਾ ਖ਼ਰਚਾ ਬਹੁਤ ਹੁੰਦਾ ਹੈ ਜੋ ਪਿੰਡਾਂ ਦੇ ਵਿਦਿਆਰਥੀਆਂ ਦੀ ਪਹੁੰਚ ਤੋਂ ਦੂਰ ਹੁੰਦਾ। ਇਸ ਕਾਰਨ ਵਿਦਿਆਰਥੀ ਆਖ਼ਰ ਪੜ੍ਹਾਈ ਹੀ ਛੱਡਣ ਲਈ ਮਜਬੂਰ ਹੋ ਜਾਂਦੇ ਹਨ।
ਸੁਖਮੰਦਰ ਪੁੰਨੀ, ਪਿੰਡ ਘੱਟਿਆਂਵਾਲੀ ਜੱਟਾਂ, ਈਮੇਲ