ਪਾਠਕਾਂ ਦੇ ਖ਼ਤ
ਪੰਜਾਬ ਦਾ ਕਰਜ਼ਾ
3 ਅਪਰੈਲ ਦੇ ਨਜ਼ਰੀਆ ਪੰਨੇ ਉੱਤੇ ਲਖਵਿੰਦਰ ਸਿੰਘ ਦੇ ਲੇਖ ‘ਪੰਜਾਬ ਕਰਜ਼ੇ ਦੇ ਬੋਝ ਨਾਲ ਕਿਵੇਂ ਨਜਿੱਠੇ’ ਵਿੱਚ ਸੂਬੇ ਦੀ ਤਰਾਸਦੀ ਬਿਆਨ ਕੀਤੀ ਗਈ ਹੈ। ਪੰਜਾਬ ਦੇ ਕਰਜ਼ੇ ਦੀ ਪੰਡ ਹੌਲੀ ਹੋਣ ਦੀ ਥਾਂ ਹਰ ਰੋਜ਼ ਹੋਰ ਭਾਰੀ ਹੋ ਰਹੀ ਹੈ। ਕੋਈ ਵੀ ਰਾਜਨੀਤਕ ਪਾਰਟੀ ਇਸ ਮਸਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ ਸਗੋਂ ਆਪਣੇ ਹਿੱਤਾਂ ਨੂੰ ਮੁੱਖ ਰੱਖ ਕੇ ਹੋਰ ਕਰਜ਼ਾ ਚੁੱਕਣ ਵਿੱਚ ਭੋਰਾ ਵੀ ਸੰਕੋਚ ਨਹੀਂ ਕਰਦੀ। ਆਮ ਆਦਮੀ ਪਾਰਟੀ ਦੇ ਲੀਡਰ ਦਿੱਲੀ ਵਿੱਚ ਹਾਰਨ ਤੋਂ ਬਾਅਦ ਪੰਜਾਬ ਵਿੱਚ ਡੇਰਾ ਲਾ ਕੇ ਬੈਠ ਗਏ ਹਨ ਅਤੇ ਪੰਜਾਬ ਦੇ ਖਜ਼ਾਨੇ ਨੂੰ ਹਰ ਰੋਜ਼ ਕਰੋੜਾਂ ਰੁਪਏ ਦਾ ਚੂਨਾ ਲਗਾ ਰਹੇ ਹਨ। ਲੋਕਾਂ ਦਾ ਪੈਸਾ ਫਜ਼ੂਲ ਖਰਚਿਆ ਜਾ ਰਿਹਾ ਹੈ। ਇਸ਼ਤਿਹਾਰਾਂ ਉੱਤੇ ਕਰੋੜਾਂ ਰੁਪਏ ਰੋੜ੍ਹੇ ਜਾ ਰਹੇ ਹਨ। ਜੇ ਸਾਰਾ ਕੁਝ ਇਵੇਂ ਹੀ ਚੱਲਦਾ ਰਿਹਾ ਤਾਂ ਹੋਰ ਕਰਜ਼ਾ ਚੜ੍ਹੇਗਾ।
ਬਲਦੇਵ ਵਿਰਕ, ਝੂਰੜ ਖੇੜਾ (ਫਾਜ਼ਿਲਕਾ)
ਅਮਰੀਕੀ ਵਸਤਾਂ ਦੇ ਬਾਈਕਾਟ ਬਾਰੇ
2 ਅਪਰੈਲ ਨੂੰ ਤਰਲੋਚਨ ਮੁਠੱਡਾ ਦਾ ਲੇਖ ‘ਅਮਰੀਕੀ ਵਸਤਾਂ ਦਾ ਬਾਈਕਾਟ’ ਪੜ੍ਹਿਆ। ਲੇਖਕ ਨੇ ਅਮਰੀਕੀ ਉਤਪਾਦਾਂ ਦੀ ਖਰੀਦ ਤੁਰੰਤ ਰੋਕਣ ਦੀ ਅਪੀਲ ਕੀਤੀ ਹੈ ਪਰ ਇਹ ਵਿਚਾਰਨਯੋਗ ਹੈ ਕਿ ਕੀ ਅਮਰੀਕੀ ਉਤਪਾਦਾਂ ਦਾ ਬਾਈਕਾਟ ਭਾਰਤ ਦੀ ਆਰਥਿਕਤਾ ਅਤੇ ਰਾਜਨੀਤਕ ਹਿੱਤਾਂ ਲਈ ਵਾਜਬ ਹੋਵੇਗਾ? ਭਾਰਤ-ਅਮਰੀਕਾ ਵਪਾਰਕ ਸਬੰਧ ਪਿਛਲੇ ਕੁਝ ਦਹਾਕਿਆਂ ਵਿੱਚ ਮਜ਼ਬੂਤ ਹੋਏ ਹਨ। 2024 ਵਿੱਚ ਭਾਰਤ ਨੇ 77 ਅਰਬ ਡਾਲਰ ਦੀਆਂ ਵਸਤਾਂ ਅਮਰੀਕਾ ਨੂੰ ਬਰਾਮਦ ਕੀਤੀਆਂ ਅਤੇ 55 ਅਰਬ ਡਾਲਰ ਦੀਆਂ ਵਸਤਾਂ ਅਮਰੀਕਾ ਤੋਂ ਦਰਾਮਦ ਹੋਈਆਂ। 22 ਅਰਬ ਡਾਲਰ ਦਾ ਇਹ ਵਪਾਰਕ ਸਰਪਲੱਸ ਭਾਰਤ ਦੇ ਹੱਕ ’ਚ ਜਾਂਦਾ ਹੈ। ਜੇਕਰ ਅਸੀਂ ਅਮਰੀਕੀ ਉਤਪਾਦਾਂ ਦਾ ਬਾਈਕਾਟ ਕਰਦੇ ਹਾਂ ਤਾਂ ਇਹ ਸੰਭਵ ਹੈ ਕਿ ਅਮਰੀਕਾ ਵੀ ਭਾਰਤੀ ਉਤਪਾਦਾਂ ਦੀ ਕਟੌਤੀ ਕਰੇ, ਜਿਸ ਨਾਲ ਭਾਰਤੀ ਉਦਯੋਗ, ਖੇਤੀਬਾੜੀ ਅਤੇ ਰੁਜ਼ਗਾਰ ’ਤੇ ਬੁਰਾ ਪ੍ਰਭਾਵ ਪੈ ਸਕਦਾ ਹੈ। ਇਸ ਲਈ ਸਾਨੂੰ ਭਾਰਤੀ ਉਤਪਾਦਾਂ ਦੀ ਵਰਤੋਂ ਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਹੈ ਅਤੇ ਬਾਈਕਾਟ ਦੀ ਥਾਂ ਵਿਚਾਰਸ਼ੀਲ ਤੇ ਦੂਰਦਰਸ਼ੀ ਨੀਤੀ ਅਪਣਾਉਣੀ ਚਾਹੀਦੀ ਹੈ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਸੰਜਮ, ਸਮਝਦਾਰੀ ਅਤੇ ਰਾਜਨੀਤਕ ਸੂਝ-ਬੂਝ ਨਾਲ ਭਾਰਤ-ਅਮਰੀਕਾ ਵਪਾਰਕ ਸਬੰਧਾਂ ’ਚ ਸੰਤੁਲਨ ਬਣਾਈ ਰੱਖੇ ਤਾਂ ਜੋ ਭਾਰਤੀ ਹਿੱਤ ਸੁਰੱਖਿਅਤ ਰਹਿਣ।
ਕੁਲਵੰਤ ਰਾਏ ਵਰਮਾ, ਈਮੇਲ
ਤੀਜੀ ਅੱਖ ਖੋਲ੍ਹਣੀ ਪਵੇਗੀ
28 ਮਾਰਚ ਨੂੰ ਸੰਪਾਦਕੀ ‘ਬਲਾਤਕਾਰ ਫਿਰ ਕਿੰਝ ਰੁਕਣਗੇ’ ਪੜ੍ਹਿਆ। ਬੱਚੇ ਬੱਚੀਆਂ ਰੋਜ਼ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਹਨ। ਮਾਂ-ਪਿਉ ਨੂੰ ਹੁਣ ਆਪਣੇ ਬੱਚਿਆਂ ਦੀ ਨਿਗਰਾਨੀ ਲਈ ਤੀਸਰੀ ਅੱਖ ਖੋਲ੍ਹਣੀ ਪਵੇਗੀ। 24 ਮਾਰਚ ਦੇ ਸੰਪਾਦਕੀ ‘ਪਾਣੀ ਦੀ ਸੁਚੱਜੀ ਵਰਤੋਂ’ ਵਿੱਚ ਪਾਣੀ ਸੰਕਟ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ ਗਈ ਹੈ। ਪੰਜਾਬ ਵਿੱਚ ਪਾਣੀ ਦਾ ਪੱਧਰ ਦਿਨੋ-ਦਿਨ ਥੱਲੇ ਜਾ ਰਿਹਾ ਹੈ। ਸਰਕਾਰ ਨੂੰ ਇਸ ਮਸਲੇ ਬਾਰੇ ਸੰਜੀਦਗੀ ਨਾਲ ਵਿਚਾਰ ਕਰ ਕੇ ਕਾਰਵਾਈ ਕਰਨ ਦੀ ਲੋੜ ਹੈ।
ਗੁਰਮੀਤ ਸਿੰਘ, ਵੇਰਕਾ (ਅੰਮ੍ਰਿਤਸਰ)
ਵਕਫ਼ ਬਿੱਲ ਦੇ ਮਨਸੂਬੇ
ਸੰਪਾਦਕੀ ‘ਵਕਫ਼ ਬਿੱਲ ’ਤੇ ਚਰਚਾ ਦਾ ਮਹੱਤਵ’ ਪੜ੍ਹਿਆ। ਵਕਫ਼ ਸੋਧ ਬਿੱਲ ਪਿੱਛੇ ਹਾਕਮ ਧਿਰ ਦੇ ਮਨਸੂਬੇ ਅਜੇ ਜੱਗ ਜ਼ਾਹਿਰ ਨਹੀਂ ਹੋਏ। ਹਕੀਕਤ ਦਾ ਪਤਾ ਲੱਗਣ ’ਚ ਅਜੇ ਵਕਫ਼ਾ ਹੈ। ਉਂਝ ਬਿੱਲ ਦਾ ਹਸ਼ਰ ਜੋ ਵੀ ਹੋਵੇ, ਇਹ ਗੱਲ ਤਾਂ ਚਿੱਟੇ ਦਿਨ ਵਾਂਗ ਸਾਫ਼ ਹੈ ਕਿ ਦੇਸ਼ ਦੀ ਅਵਾਮ ਲਈ ਨਵੇਂ ਸਿਆਸੀ ਸਮੀਕਰਨ ਉਭਰਨਗੇ। 31 ਮਾਰਚ ਨੂੰ ਪਹਿਲੇ ਪੰਨੇ ਉੱਤੇ ਕਹਾਣੀਕਾਰ ਪ੍ਰੇਮ ਪ੍ਰਕਾਸ਼ ਦ ਫੌਤ ਹੋਣ ਦੀ ਖ਼ਬਰ ਹੈ। ਉਹ ਭਾਵੇਂ ਸਾਡੇ ਵਿਚਕਾਰ ਨਹੀਂ ਰਹੇ ਪਰ ਉਨ੍ਹਾਂ ਦੀ ਸਾਹਿਤਕ ਸਿਰਜਣਾ, ਆਦਮ ਤੇ ਈਵ ਦੇ ਜੁੜਦੇ-ਟੁੱਟਦੇ ਰਿਸ਼ਤਿਆਂ ਦੀ ਬਾਤ ਜੋ ਉਨ੍ਹਾਂ ਪਾਈ, ਹਮੇਸ਼ਾ ਸੇਧ ਦਿੰਦੇ ਰਹਿਣਗੇ। ਕਹਿਣ ਨੂੰ ਉਨ੍ਹਾਂ ਦੀ ਕਲਮ ਬਹੁਤ ਖੁੱਲ੍ਹੀ ਜਾਂ ਅਸ਼ਲੀਲ ਜਾਪਦੀ ਹੈ ਪਰ ਇਹ ਉਨ੍ਹਾਂ ਦਾ ਆਪਣੇ ਪਾਠਕ ਦੇ ਜ਼ਿਹਨ ਤੱਕ ਅੱਪੜਨ ਦਾ ਹੁਨਰ ਸੀ। 26 ਮਾਰਚ ਨੂੰ ਜਸਟਿਸ ਮਦਨ ਬੀ ਲੋਕੁਰ ਦਾ ਲੇਖ ‘ਭਾਰਤੀ ਨਿਆਂ ਪ੍ਰਣਾਲੀ ਦੀ ਦਸ਼ਾ’ ਕਾਫੀ ਕੁਝ ਬਿਆਨ ਕਰਦਾ ਹੈ। ਇਸ ਦੀ ਦਸ਼ਾ ਤੇ ਦਿਸ਼ਾ ’ਚ ਖਟਾਸ ਏ; ਅਰਥਾਤ, ਤਿੰਨ ਪੜਾਵੀ ਨਿਆਂ ਪ੍ਰਣਾਲੀ ਦੀ ਇੱਕ ਤੰਦ ਵਿੱਚ ਨਹੀਂ, ਸਮੁੱਚੀ ਪ੍ਰਣਾਲੀ ’ਚ ਹੀ ਕਾਣ ਹੈ। ਅਦਾਲਤਾਂ ਵਿੱਚ 50 ਫ਼ੀਸਦੀ ਤੋਂ ਵੱਧ ਕੇਸ ਸਟੇਟ ਦੇ ਬਰਖ਼ਿਲਾਫ਼ ਹਨ। ਧੱਕੇ ਕਰਨ ਵਾਲੇ ਅਨਸਰ ਨੂੰ ਜ਼ਰਾ ਵੀ ਨੁਕਸਾਨ ਜਾਂ ਖੌਫ਼ ਨਹੀਂ। ਅਦਾਲਤ ’ਚ ਇਹ ਸਵਾਲ ਮੂੰਹ ਅੱਡ ਕੇ ਖੜ੍ਹਾ ਹੈ ਕਿ ਪੁਰਾਣੇ ਕੇਸਾਂ ਦਾ ਨਬੇੜਾ ਕਦੋਂ ਹੋਵੇਗਾ? ਨਿਆਂ ਪ੍ਰਕਿਰਿਆ ਦੀ ਮਾਂ ਪਾਰਲੀਮੈਂਟ ਵਿੱਚ ਵੀ ਬਹੁਤ ਸਾਰੇ ਅਪਰਾਧੀ ਪਿੜ ਮੱਲ ਕੇ ਬੈਠੇ ਹਨ। ਹਾਲੈਂਡ ਦੀਆਂ ਜੇਲ੍ਹਾਂ ਖਾਲੀ ਨੇ ਕਿਉਂਕਿ ਦੇਸ਼ ਵਿੱਚ ਮੁਜਰਿਮ, ਜੁਰਮ ਹੈ ਹੀ ਨਹੀਂ ਅਤੇ 98 ਫ਼ੀਸਦੀ ਵਸੋਂ ਨਾਸਤਿਕ ਹੈ। 24 ਮਾਰਚ ਦਾ ਸੰਪਾਦਕੀ ‘ਪਾਣੀ ਦੀ ਸੁਚੱਜੀ ਵਰਤੋਂ’ ਧਿਆਨ ਦੇਣ ਵਾਲਾ ਹੈ। ਪਾਣੀ ਜੀਵਨ ਏ ਅਤੇ ਜੀਵਨ ਪਾਣੀ ਹੈ, ਇਹ ਸੋਝੀ ਸਭ ਨੂੰ ਹੈ ਪਰ ਪੰਜਾਬ ਦੇ ਸੁੱਕਦੇ, ਸੁੰਗੜਦੇ ਜਲ ਸਰੋਤ ਗਵਾਹ ਹਨ ਕਿ ਪੰਜਾਬ ਹਰ ਰੋਜ਼ ਮਾਰੂਥਲ ਵੱਲ ਵਧ ਰਿਹਾ ਹੈ। ਇਹੀ ਨਹੀਂ, ਪਾਣੀ ਪ੍ਰਦੂਸ਼ਤ ਹੋ ਰਿਹਾ ਹੈ। ਇਸ ਤੋਂ ਪਹਿਲਾਂ 17 ਮਾਰਚ ਦੇ ਦੋਵੇਂ ਸੰਪਾਦਕੀ ‘ਦੇਸ਼ ਦੀ ਵੱਡੀ ਆਬਾਦੀ ਖਾਲੀ ਢਿੱਡ’ ਅਤੇ ‘ਵੋਟਰ ਸੂਚੀ ’ਤੇ ਵਿਵਾਦ’ ਪੜ੍ਹੇ। ਸੰਪਾਦਕੀ ਦੇ ਅੰਕੜਿਆਂ ਅਨੁਸਾਰ, ਚਾਰ ਵਿੱਚੋਂ ਤਿੰਨ ਜਣੇ ਕੁਪੋਸ਼ਣ ਦਾ ਸ਼ਿਕਾਰ ਹਨ ਤੇ ਡਿਜੀਟਲ ਭਾਰਤ ਦੇ 85 ਕਰੋੜ ਨਾਗਰਿਕਾਂ ਨੂੰ ਲੋੜੀਂਦਾ ਖਾਣਾ ਨਹੀਂ ਮਿਲ ਰਿਹਾ। ਹੋਰ ਸੁਣੋ, ਇਸ ਦਾ ਆਧਾਰ 2011 ਦੀ ਮਰਦਮਸ਼ੁਮਾਰੀ ਹੈ। 2025-26 ਦੀ ਸਰਕਾਰੀ ਰਾਇਸ਼ੁਮਾਰੀ ਦੀ ਸਟੀਕ ਤਸਵੀਰ ਅਜੇ ਆਉਣੀ ਹੈ।
ਇਕਬਾਲ ਸਿੰਘ ਚੀਮਾ, ਨਵਾਂਸ਼ਹਿਰ
ਦਸਵੰਧ
ਸਵਰਨ ਸਿੰਘ ਭੰਗੂ ਦਾ ਮਿਡਲ ‘ਸਾਰੇ ਰੰਗ…’ (24 ਮਾਰਚ) ਅਧਿਆਪਕ ਵਰਗ ਖ਼ਾਸਕਰ ਪਾਰਖੂ ਅਧਿਆਪਕਾਂ ਲਈ ਬੜਾ ਉਤਸ਼ਾਹ ਵਾਲਾ ਹੈ। ਜਦੋਂ ਮੈਂ ਅਧਿਆਪਨ ਕਿੱਤੇ ਵਿੱਚ ਹਾਜ਼ਰ ਹੋਇਆ ਸਾਂ ਤਾਂ ਮੇਰੇ ਦਾਦਾ ਜੀ, ਜੋ ਮੇਰੇ ਪਿੰਡ ਦੇ ਪਹਿਲੇ ਦਸਵੀਂ ਪਾਸ ਸਨ, ਨੇ ਇਹੀ ਸਿੱਖਿਆ ਦਿੱਤੀ ਸੀ ਕਿ ਇਹ ਬਹੁਤ ਵਧੀਆ ਕਿੱਤਾ ਹੈ, ਕਿਸੇ ਗ਼ਰੀਬ ਹੁਸ਼ਿਆਰ ਬੱਚੇ ਨੂੰ ਆਪਣੇ ਦਸਵੰਧ ਨਾਲ ਬੁਲੰਦੀਆਂ ’ਤੇ ਪਹੁੰਚਾਇਆ ਜਾ ਸਕਦਾ ਹੈ। ਮੈਂ ਇਹ ਗੱਲ ਪੱਲੇ ਬੰਨ੍ਹ ਲਈ।
ਕਰਮਜੀਤ ਸਿੰਘ ਸਮਾਘ, ਸ੍ਰੀ ਮੁਕਤਸਰ ਸਾਹਿਬ
ਆਪਣੀ ਡੁਗਡੁਗੀ
17 ਮਾਰਚ ਨੂੰ ਕੁਲਵਿੰਦਰ ਸਿੰਘ ਮਲੋਟ ਦਾ ਮਿਡਲ ‘ਆਪਣੀ ਡੁਗਡੁਗੀ’ ਪੜ੍ਹ ਕੇ ਦੋ ਗੱਲਾਂ ਦਾ ਪਤਾ ਲੱਗਦਾ ਹੈ। ਪਹਿਲੀ, ਚੰਗਾ ਅਧਿਆਪਕ ਵਿਦਿਆਰਥੀਆਂ ’ਤੇ ਅਜਿਹੀ ਛਾਪ ਛੱਡ ਜਾਂਦਾ ਹੈ ਜਿਸ ਨੂੰ ਉਹ ਸਾਰੀ ਉਮਰ ਨਹੀਂ ਭੁੱਲਦੇ ਅਤੇ ਉਹ ਹਮੇਸ਼ਾ ਪ੍ਰੇਰਨਾ ਸਰੋਤ ਬਣ ਜਾਂਦੇ ਹਨ; ਉਨ੍ਹਾਂ ਦੇ ਦਿਖਾਏ ਮਾਰਗ ’ਤੇ ਚੱਲ ਕੇ ਆਪਣੇ ਜੀਵਨ ਦੀਆਂ ਮੁਸ਼ਕਿਲਾਂ ਬੜੀ ਆਸਾਨੀ ਨਾਲ ਹੱਲ ਕਰ ਲੈਂਦੇ ਹਨ। ਦੂਜੀ ਗੱਲ ਜੋ ਪਹਿਲਾਂ ਨਾਲੋਂ ਵੱਖਰੀ ਲੱਗਦੀ ਹੈ, ਇਹ ਕਿ ਉਦੋਂ ਕਿਸੇ ਦੀ ਵਧੀਆ ਕਾਰਗੁਜ਼ਾਰੀ ਪਿੰਡ ਦੀਆਂ ਸੱਥਾਂ ਤੱਕ ਸੀਮਤ ਸੀ, ਹੁਣ ਇਸ ਦੇ ਢੰਗ-ਤਰੀਕੇ ਬਦਲ ਗਏ ਹਨ। ਪਹਿਲਾਂ ਲੋਕ ਪ੍ਰਸ਼ੰਸਾ ਕਰਦੇ ਸਨ, ਹੁਣ ਆਪਣੀ ਪ੍ਰਸ਼ੰਸਾ ਪੈਂਫਲਿਟ ਛਪਵਾ ਕੇ, ਅਖ਼ਬਾਰਾਂ ਜਾਂ ਟੈਲੀਵਿਜ਼ਨ ’ਚ ਇਸ਼ਤਿਹਾਰ ਦੇ ਕੇ ਆਪ ਕਰਵਾਉਣੀ ਪੈਂਦੀ ਹੈ। ਸਕੂਲਾਂ ਵਾਲੇ ਆਪਣੇ ਸਕੂਲਾਂ ’ਚ ਦਾਖ਼ਲਾ ਵਧਾਉਣ ਲਈ ਇਸ ਨੂੰ ਹਥਿਆਰ ਵਜੋਂ ਵਰਤਦੇ ਹਨ।
ਪ੍ਰਿੰਸੀਪਲ ਫਕੀਰ ਸਿੰਘ, ਦਸੂਹਾ