ਪਾਠਕਾਂ ਦੇ ਖ਼ਤ
ਪਾਣੀ ਪ੍ਰਦੂਸ਼ਤ ਕਰਨ ਵਾਲਿਆਂ ਨੂੰ ਖੁੱਲ੍ਹੀ ਛੋਟ
ਪਾਣੀ ਪ੍ਰਦੂਸ਼ਤ ਕਰਨ ਨੂੰ ਅਪਰਾਧ ਨਾ ਮੰਨਣ ਦੀ ਕੇਂਦਰ ਸਰਕਾਰ ਦੀ ਸਲਾਹ ’ਤੇ ਪੰਜਾਬ ਸਰਕਾਰ ਨੇ ਇਸ ਸਬੰਧੀ ਕਾਨੂੰਨ ਨੂੰ ਹਰੀ ਝੰਡੀ ਦੇ ਦਿੱਤੀ ਹੈ ਅਤੇ ਕੇਂਦਰ ਸਰਕਾਰ ਦੀ ਹਾਂ ਵਿੱਚ ਹਾਂ ਮਿਲਾ ਕੇ ਆਪਣਾ ਲੋਕ ਵਿਰੋਧੀ ਚਿਹਰਾ ਆਪੇ ਨੰਗਾ ਕਰ ਲਿਆ ਹੈ। ਪੰਜਾਬ ਸਰਕਾਰ ਦਾ ਇਹ ਕਦਮ ਨਿੰਦਣਯੋਗ ਹੈ। ਸਰਕਾਰ ਨੇ ਵਾਤਾਵਰਨ ਅਤੇ ਜਨ ਸਿਹਤ ਲਈ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਥਾਂ ਲੋਕ ਰੋਹ ਤੋਂ ਆਪਣਾ ਪਿੱਛਾ ਛੁਡਾਉਣ ਦਾ ਰਾਹ ਪੱਧਰਾ ਕਰ ਲਿਆ ਹੈ। ਸਰਕਾਰ ਦੇ ਇਸ ਰਵੱਈਏ ਤੋਂ ਜ਼ਾਹਿਰ ਹੈ ਕਿ ਇਸ ਨੂੰ ਖ਼ਰਾਬ ਵਾਤਾਵਰਨ ਅਤੇ ਖਰਾਬ ਪਾਣੀ ਕਾਰਨ ਹੋ ਰਹੀਆਂ ਮੌਤਾਂ ਦੀ ਕੋਈ ਪ੍ਰਵਾਹ ਨਹੀਂ, ਉਹ ਤਾਂ ਪੈਸੇ ਵਾਲਿਆਂ ਦੇ ਹੱਕ ਵਿੱਚ ਡਟ ਕੇ ਆਪਣੇ ਸੁਆਰਥ ਪੂਰੇ ਕਰੇਗੀ। ਕੀ ਲੋਕਾਂ ਨੇ ਅਜਿਹੀਆਂ ਤਬਦੀਲੀਆਂ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ?
ਇੰਜ. ਹਰਭਜਨ ਸਿੰਘ ਸਿੱਧੂ, ਬਠਿੰਡਾ
ਨਰਸਰੀ ਤੋਂ ਪੰਜਾਬੀ
2 ਅਪਰੈਲ ਦੇ ਪੰਨਾ 4 ਉੱਤੇ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਨਰਸਰੀ ਤੋਂ ਪੰਜਾਬੀ ਪੜ੍ਹਾਉਣ ਵਾਲੇ ਬਿਆਨ ਨੂੰ ਪੰਜਾਬ ਸਰਕਾਰ ਨੂੰ ਅਮਲ ਵਿੱਚ ਲਿਆਉਣ ਦੀ ਲੋੜ ਹੈ। ਸਿੱਖਿਆ ਸ਼ਾਸਤਰੀਆਂ ਮੁਤਾਬਿਕ, ਜਨਮ ਲੈਣ ਸਮੇਂ ਬੱਚਾ ਮਾਂ-ਬੋਲੀ ਦੇ ਹਜ਼ਾਰਾਂ ਲਫਜ਼ ਸੁਣ ਚੁੱਕਿਆ ਹੁੰਦਾ ਹੈ। ਇਸ ਲਈ ਸ਼ੁਰੂ ਦੀਆਂ ਕਲਾਸਾਂ ਵਿੱਚ ਮਾਂ-ਬੋਲੀ ਵਾਲੀ ਭਾਸ਼ਾ ਬੱਚਾ ਜਲਦੀ, ਸ਼ੌਕ ਅਤੇ ਆਸਾਨੀ ਨਾਲ ਸਿੱਖ ਜਾਂਦਾ ਹੈ। ਪੰਜਾਬ ਵਿੱਚ ਨਰਸਰੀ ਤੋਂ ਪਹਿਲਾਂ ਦੀਆਂ ਪ੍ਰੀ-ਨਰਸਰੀ, ਯੂਕੇਜੀ, ਐੱਲਕੇਜੀ ਆਦਿ ਕਲਾਸਾਂ ਵਿੱਚ ਵੀ ਪੰਜਾਬੀ ਪੜ੍ਹਾਉਣੀ ਚਾਹੀਦੀ ਹੈ। ਪੰਜਾਬ ਵਿੱਚ 10-12 ਜਮਾਤਾਂ ਪਾਸ ਬਹੁਤ ਸਾਰੇ ਵਿਦਿਆਰਥੀਆਂ ਨੂੰ ਪੰਜਾਬੀ ਵਿੱਚ ਸੌ ਤੱਕ ਗਿਣਤੀ ਵੀ ਨਹੀਂ ਆਉਂਦੀ। ਸੈਂਕੜਿਆਂ ਹਜ਼ਾਰਾਂ ਦੇ ਅੰਕਾਂ ਵਿੱਚ ਪੰਜਾਬੀ ਵਿੱਚ ਬੋਲਿਆ ਫੋਨ ਨੰਬਰ ਸਮਝ ਨਹੀਂ ਆਉਂਦਾ, ਅੰਗਰੇਜ਼ੀ ਵਿੱਚ ਇੱਕ-ਇੱਕ ਅੰਕ ਬੋਲ ਕੇ ਦੱਸਣਾ ਪੈਂਦਾ ਹੈ। ਪੰਜਾਬੀ ਨਾ ਪੜ੍ਹੀ ਹੋਣ ਕਰ ਕੇ ਰੋਜ਼ਮੱਰਾ ਜ਼ਿੰਦਗੀ ਵਿੱਚ ਪੈਸਿਆਂ ਦਾ ਹਿਸਾਬ ਕਿਤਾਬ ਕਰਨ ਵਿੱਚ ਇਹ ਬਹੁਤ ਗ਼ਲਤੀਆਂ ਕਰ ਜਾਂਦੇ ਹਨ।
ਸੋਹਣ ਲਾਲ ਗੁਪਤਾ, ਪਟਿਆਲਾ
ਦਵਾਈ ਅਤੇ ਦੁਆ
31 ਮਾਰਚ ਨੂੰ ਨਜ਼ਰੀਆ ਪੰਨੇ ’ਤੇ ਮੋਹਨ ਸ਼ਰਮਾ ਦਾ ਲੇਖ ‘ਦਵਾਈ ਤੇ ਦੁਆ’ ਪੜ੍ਹਿਆ। ਲੇਖਕ ਨੇ ਨਸ਼ਿਆਂ ਨਾਲ ਜੂਝ ਰਹੀ ਜਵਾਨੀ ਮੁਤੱਲਕ ਵਿਚਾਰ ਪੇਸ਼ ਕੀਤੇ ਹਨ ਅਤੇ ਨਸ਼ਾ ਛੁਡਾਊ ਕੇਂਦਰ ਵਿੱਚ ਉਨ੍ਹਾਂ ਦੇ ਧਿਆਨ ਵਿੱਚ ਆਈਆਂ ਕੁਝ ਕਹਾਣੀਆਂ ਬਿਆਨੀਆਂ ਹਨ। ਅੱਜ ਪੰਜਾਬ ਜਿੱਥੇ ਵੱਡੇ ਪੱਧਰ ਉੱਤੇ ਨਸ਼ੇ ਦੀ ਸਮੱਸਿਆ ਨਾਲ ਜੂਝ ਰਿਹਾ ਹੈ, ਉੱਥੇ ਬੇਰੁਜ਼ਗਾਰੀ, ਕਰਜ਼ਾ, ਮੰਦੀ ਅਰਥ-ਵਿਵਸਥਾ ਜਿਹੀਆਂ ਸਮੱਸਿਆਵਾਂ ਇਸ ਨੂੰ ਘੇਰੀ ਬੈਠੀਆਂ ਹਨ। ਲੇਖ ਵਿੱਚ ਨਸ਼ਿਆਂ ਨਾਲ ਸਬੰਧਿਤ ਅਜਿਹੇ ਕਿੱਸੇ ਬਿਆਨੇ ਗਏ ਹਨ ਜਿਨ੍ਹਾਂ ਬਾਰੇ ਸ਼ਾਇਦ ਕਲਪਨਾ ਕਰਨੀ ਵੀ ਔਖੀ ਜਾਵੇ। ਮਾਪੇ ਇਸ ਉਮੀਦ ਨਾਲ ਬੱਚਿਆਂ ਦਾ ਚੰਗਾ ਪਾਲਣ-ਪੋਸ਼ਣ ਕਰਦੇ ਹਨ ਕਿ ਉਨ੍ਹਾਂ ਦੇ ਬੱਚੇ ਬੁਢਾਪੇ ਵਿੱਚ ਉਨ੍ਹਾਂ ਦਾ ਸਹਾਰਾ ਬਣਨਗੇ ਪਰ ਇਨ੍ਹਾਂ ਵਿੱਚੋਂ ਕਈ ਨਸ਼ਿਆਂ ਦੀ ਦਲਦਲ ਵਿੱਚ ਧਸ ਰਹੇ ਹਨ। ਨਸ਼ਿਆਂ ਦਾ ਰਾਖਸ਼ ਸਾਡੇ ਸਮਾਜਿਕ ਢਾਂਚੇ ਨੂੰ ਤਾਂ ਖੋਰਾ ਲਾ ਹੀ ਰਿਹਾ ਹੈ, ਦੇਸ਼ ਦੀ ਮਨੁੱਖੀ ਪੂੰਜੀ ਵੀ ਤਬਾਹ ਕਰ ਰਿਹਾ ਹੈ।
ਮਨਵੀਰ ਸਿੰਘ ਦਿਆਲ, ਕਾਲੇਵਾਲ ਬੀਤ (ਹੁਸ਼ਿਆਰਪੁਰ)
ਪੁਰਾਣੀਆਂ ਯਾਦਾਂ
29 ਮਾਰਚ ਨੂੰ ਸਤਰੰਗ ਪੰਨੇ ’ਤੇ ਭੋਲਾ ਸਿੰਘ ਸ਼ਮੀਰੀਆ ਦਾ ਲੇਖ ‘ਮੁਹਾਵਰਾ ਸ਼ੈਲੀ ਦਾ ਗੀਤਕਾਰ ਦੀਦਾਰ ਸੰਧੂ’ ਪੜ੍ਹ ਕੇ ਪੁਰਾਣੀਆਂ ਯਾਦਾਂ ਹਰੀਆਂ ਹੋ ਗਈਆਂ। 1978 ਵਿੱਚ ਜਦੋਂ ਪੰਜਾਬੀ ਟ੍ਰਿਬਿਊਨ ਨਵਾਂ-ਨਵਾਂ ਪ੍ਰਕਾਸ਼ਿਤ ਹੋਣਾ ਸ਼ੁਰੂ ਹੋਇਆ ਸੀ, ਸਕੂਲ ਦੀ ਲਾਇਬ੍ਰੇਰੀ ਸਾਹਮਣੇ ਲੱਗੇ ਬੈਂਚ ’ਤੇ ਬੈਠ ਕੇ ਦੀਦਾਰ ਸੰਧੂ ਅਤੇ ਸਨੇਹ ਲਤਾ ਦੀ ਜੋੜੀ ਬਾਰੇ ਲੇਖ ਪੜ੍ਹਿਆ ਸੀ। ਲੇਖ ਦੇ ਲੇਖਕ ਅਤੇ ਤਾਰੀਕ ਦਾ ਨਾਮ ਭਾਵੇਂ ਯਾਦ ਨਹੀਂ, ਪਰ ਉਸ ਵੇਲੇ ਵੀ ਦੀਦਾਰ ਸੰਧੂ ਦੀ ਲੇਖਣੀ ਅਤੇ ਉਸ ਨਾਲ ਬਣੀ ਸਨੇਹ ਲਤਾ ਦੀ ਹਿੱਟ ਜੋੜੀ ਦੀ ਗਾਇਕੀ ਦੀ ਚਰਚਾ ਕੀਤੀ ਗਈ ਸੀ। ਉਹ ਦੌਰ ਦੋਗਾਣਿਆਂ ਦਾ ਸੀ। ਪਿੰਡਾਂ ਵਿੱਚ ਵਸਦੇ ਲੋਕਾਂ ਦੇ ਮਨੋਰੰਜਨ ਦਾ ਸਾਧਨ ਵੀ ਆਮ ਕਰ ਕੇ ਦੋਗਾਣੇ ਹੀ ਹੁੰਦੇ ਸਨ। ਦੀਦਾਰ ਸੰਧੂ ਦੀ ਖਾਸੀਅਤ ਇਹ ਸੀ ਕਿ ਉਹ ਗੀਤਕਾਰ ਵੀ ਸੀ ਤੇ ਗਾਇਕ ਵੀ। ਬਾਕੀ ਗੀਤਕਾਰਾਂ ਨਾਲੋਂ ਉਸ ਦੀ ਸ਼ੈਲੀ ਵੀ ਵੱਖਰੀ ਕਿਸਮ ਦੀ ਸੀ।
ਬਲਦੇਵ ਸਿੰਘ ਚੀਮਾ, ਲਹਿਰਾਗਾਗਾ (ਸੰਗਰੂਰ)
(2)
29 ਮਾਰਚ ਨੂੰ ਸਤਰੰਗ ਪੰਨੇ ’ਤੇ ਭੋਲਾ ਸਿੰਘ ਸ਼ਮੀਰੀਆ ਦਾ ਲੇਖ ‘ਮੁਹਾਵਰਾ ਸ਼ੈਲੀ ਦਾ ਗੀਤਕਾਰ ਦੀਦਾਰ ਸੰਧੂ’ ਪੜ੍ਹਿਆ। ਦੀਦਾਰ ਸੰਧੂ ਦੀ ਗੀਤਕਾਰੀ ਬਾਰੇ ਲੇਖਕ ਨੇ ਪੁਖ਼ਤਾ ਦਲੀਲਾਂ ਸਹਿਤ ਲਿਖਿਆ ਹੈ ਪਰ ਲੇਖਕ ਇੱਕ ਥਾਂ ਮੁਹਾਵਰੇ ਅਤੇ ਅਖਾਣ ਨੂੰ ਰਲਗੱਡ ਕਰ ਗਿਆ। ‘ਰੰਗ ਵਿੱਚ ਭੰਗ ਪਾਉਣਾ, ‘ਜਾਂਦੀਏ ਬਲਾਏ ਦੁਪਹਿਰਾ ਕੱਟ ਜਾ’, ‘ਚੱਟੇ ਹੋਏ ਰੁੱਖਾਂ ਦਾ ਹਰੇ ਹੋਣਾ’ ਅਤੇ ‘ਹੱਥਾਂ ਦੀਆਂ ਤਲੀਆਂ ਚਟਾਉਣੀਆਂ’, ਇਨ੍ਹਾਂ ਮੁਹਾਵਰਿਆਂ ਨੂੰ ਲੇਖਕ ਨੇ ਅਖਾਣ ਤਸਲੀਮ ਕੀਤਾ ਹੈ। ਅਸਲ ਵਿੱਚ ਮੁਹਾਵਰੇ ਅਤੇ ਅਖਾਣ ਵਿੱਚ ਬੁਨਿਆਦੀ ਫ਼ਰਕ ਹੁੰਦਾ ਹੈ। ਅਖਾਣ ਮੂਲ ਰੂਪ ਵਿੱਚ ਛੋਟਾ ਪਰ ਪੂਰਨ ਵਾਕ ਹੁੰਦਾ ਹੈ। ਇਹ ਲੋਕ-ਤਜਰਬਿਆਂ ਵਿੱਚੋਂ ਕਸ਼ੀਦ ਕੀਤਾ ਗਿਆਨ ਹੁੰਦਾ ਹੈ। ਇਸ ਦਾ ਅਰਥ-ਖੇਤਰ ਬਹੁਤ ਵਸੀਹ ਹੁੰਦਾ ਹੈ। ਅਖਾਣ ਦੀ ਵਰਤੋਂ ਕਰਦੇ ਸਮੇਂ ਇਸ ਦੇ ਕਾਲ, ਲਿੰਗ-ਪੁਲਿੰਗ, ਵਚਨ ਵਿੱਚ ਤਬਦੀਲੀ ਨਹੀਂ ਕੀਤੀ ਜਾ ਸਕਦੀ। ਮਿਸਾਲ ਵਜੋਂ ਅਖਾਣ ਹੈ: ‘ਉਹ ਕਿਹੜੀ ਗਲੀ, ਜਿੱਥੇ ਭਾਗੋ ਨਹੀਂ ਖਲੀ’, ਇਹ ਅਖਾਣ ਔਰਤ-ਮਰਦ ਦੋਹਾਂ ਲਈ ਇੱਕ ਸਮਾਨ ਵਰਤੀ ਜਾਵੇਗੀ। ਇਸ ਤੋਂ ਇਲਾਵਾ ਅਖਾਣਾਂ ਲੈਆਤਮਕ ਅਤੇ ਬਹੁਤੀਆਂ ਤੁਕਾਂਤ ਮੇਲ ਵਾਲੀਆਂ ਹੁੰਦੀਆਂ ਹਨ। ਇਸ ਦੇ ਬਰਅਕਸ ਮੁਹਾਵਰੇ ਦੀ ਪ੍ਰਕਿਰਤੀ ਭਿੰਨ ਹੁੰਦੀ ਹੈ। ਮੁਹਾਵਰਾ ਸ਼ਬਦਾਂ ਦਾ ਅਜਿਹਾ ਜੋੜ-ਮੇਲ ਹੁੰਦਾ ਹੈ, ਜਿਸ ਦੇ ਅਰਥ ਕਿਸੇ ਵਿਸ਼ੇਸ਼ ਸਮਾਜਿਕ ਵਰਤਾਰੇ ਵੱਲ ਸੰਕੇਤ ਕਰਦੇ ਹਨ। ਮੁਹਾਵਰੇ ਦੇ ਅਰਥ ਵਿਸ਼ੇਸ਼ ਪ੍ਰਸੰਗ ਵਿੱਚ ਪ੍ਰਯੋਗ ਕਰ ਕੇ ਹੀ ਸਾਕਾਰ ਹੁੰਦੇ ਹਨ; ਕਿਉਂਕਿ ਮੁਹਾਵਰਾ ਪੂਰਨ ਵਾਕ ਨਹੀਂ ਹੈ। ਮੁਹਾਵਰੇ ਵਿੱਚ ਲਿੰਗ, ਵਚਨ, ਪੁਰਖ ਨੂੰ ਤਬਦੀਲ ਕੀਤਾ ਜਾ ਸਕਦਾ ਹੈ। ਮੁਹਾਵਰਾ ਬੋਲੀ ਨੂੰ ਚੁਸਤ ਤੇ ਪ੍ਰਭਾਵਸ਼ਾਲੀ ਬਣਾਉਂਦਾ ਹੈ। ਸੋ ਮੁਹਾਵਰੇ ਅਤੇ ਅਖਾਣ ਦੀ ਪ੍ਰਕਿਰਤੀ ਅਲੱਗ ਹੈ। ਭਾਸ਼ਾ, ਸਮਾਜਿਕ ਤੇ ਭੂਗੋਲਿਕ ਖ਼ਿੱਤੇ ਦੇ ਪ੍ਰਸੰਗ ਵਿੱਚ ਅਖਾਣ ਅਤੇ ਮੁਹਾਵਰੇ ਦੀ ਆਪੋ-ਆਪਣੀ ਸਾਰਥਿਕਤਾ ਤੇ ਮਹੱਤਤਾ ਹੈ।
ਜਗਜੀਤ ਬਰਾੜ, ਅਬੁਲ ਖੁਰਾਣਾ
ਸਮੇਂ ਦਾ ਸੱਚ
28 ਮਾਰਚ ਨੂੰ ਸੁਰਿੰਦਰ ਸਿੰਘ ਨੇਕੀ ਦਾ ਲੇਖ ‘ਕੁਲਫ਼ੀਆਂ ਤੋਂ ਕੋਠੀਆਂ ਤੱਕ’ ਅੱਜ ਦੇ ਸਮੇਂ ਦੀ ਸਚਾਈ ਬਿਆਨ ਕਰਦਾ ਹੈ। ਜੇਕਰ ਪੰਜਾਬੀ ਅਜਿਹੇ ਅਰਧ ਤਕਨੀਕੀ ਕਿੱਤੇ ਅਪਣਾ ਲੈਣ ਤਾਂ ਪੰਜਾਬ ਵਿੱਚ ਬੇਰੁਜ਼ਗਾਰੀ ਦਾ ਮਸਲਾ ਹੱਲ ਹੋ ਸਕਦਾ ਹੈ। ਜਿਨ੍ਹਾਂ ਨੇ ਚੰਗੀ ਵਿੱਦਿਆ ਹਾਸਿਲ ਕੀਤੀ ਹੈ, ਉਨ੍ਹਾਂ ਨੂੰ ਦੇਸ਼ ਦੇ ਵੱਡੇ ਸ਼ਹਿਰਾਂ ਵਿੱਚ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਭ ਨੂੰ ਸਰਕਾਰੀ ਨੌਕਰੀ ਨਹੀਂ ਮਿਲ ਸਕਦੀ ਪਰ ਸਾਡੀ ਸੋਚ ਸਾਵੀਂ ਨਹੀਂ; ਸਾਨੂੰ ਦਿੱਲੀ ਦਿੱਲੀ, ਬੰਗਲੁਰੂ, ਮੁੰਬਈ ਆਦਿ ਦੂਰ ਲਗਦੇ ਹਨ ਪਰ ਕੈਨੇਡਾ, ਆਸਟਰੇਲੀਆ ਨਜ਼ਦੀਕ ਜਾਪਦੇ ਹਨ। ਅਸੀਂ ਬਾਹਰ ਦੀ ਮਜ਼ਦੂਰੀ ਨਾਲੋਂ ਆਪਣੇ ਦੇਸ਼ ਵਿੱਚ ਚੰਗੀ ਨੌਕਰੀ ਕਰ ਸਕਦੇ ਹਾਂ। ਇਸ ਲਈ ਹੁਣ ਸਭ ਨੂੰ ਸੋਚ ਬਦਲਣ ਦੀ ਜ਼ਰੂਰਤ ਹੈ। ਕੋਈ ਵੀ ਰਾਤੋ-ਰਾਤ ਅਮੀਰ ਨਹੀਂ ਹੋ ਸਕਦਾ। ਮਿਹਨਤ ਹੀ ਸਾਰੇ ਮਸਲਿਆਂ ਦੀ ਹੱਲ ਹੈ।
ਬਿੱਕਰ ਸਿੰਘ ਮਾਨ, ਬਠਿੰਡਾ
ਪ੍ਰੇਰਨਾ ਸਰੋਤ
27 ਮਾਰਚ ਨੂੰ ਨਜ਼ਰੀਆ ਪੰਨੇ ’ਤੇ ਕੇਸੀ ਰੁਪਾਣਾ ਦੀ ਰਚਨਾ ‘ਨੁਹਾਰ’ ਸਮੁੱਚੇ ਅਧਿਆਪਕ ਵਰਗ ਲਈ ਪ੍ਰੇਰਨਾ ਦੀ ਸਰੋਤ ਹੈ। ਅਧਿਆਪਕਾਂ ਨੂੰ ਸਕੂਲ ਵਿੱਚ ਸਿਲੇਬਸ ਨਾਲ ਸਬੰਧਿਤ ਕਿਤਾਬਾਂ ਦੀ ਸਿੱਖਿਆ ਦੇਣ ਤੋਂ ਬਿਨਾਂ ਵਿਦਿਆਰਥੀਆਂ ਦੇ ਪਰਿਵਾਰਕ ਜੀਵਨ ਦੇ ਦੁੱਖ-ਸੁੱਖ ਦੀ ਖ਼ਬਰਸਾਰ ਰੱਖਣਾ ਬਹੁਤ ਚੰਗੀ ਗੱਲ ਹੈ। ਕਿਸੇ ਔਖੇ ਸਮੇਂ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੀ ਕੀਤੀ ਮਦਦ ਵਿਦਿਆਰਥੀਆਂ ਦੇ ਰੌਸ਼ਨ ਭਵਿੱਖ ਦੀ ਸੂਚਕ ਹੋ ਸਕਦੀ ਹੈ।
ਅਮਨਦੀਪ ਦਰਦੀ, ਮੰਡੀ ਅਹਿਮਦਗੜ੍ਹ