ਹਾਸਾ
ਜਸਵਿੰਦਰ ਸੁਰਗੀਤ
ਹਾਸਾ ਕੁਦਰਤ ਵੱਲੋਂ ਭੇਂਟ ਕੀਤਾ ਗਿਆ ਅਜ਼ੀਮ ਤੋਹਫ਼ਾ ਹੈ। ਕਾਇਨਾਤ ਵਿੱਚ ਮਨੁੱਖ ਹੀ ਐਸਾ ਜੀਵ ਹੈ ਜੋ ਹੱਸ ਸਕਦਾ ਹੈ। ਹੱਸਦੇ ਸਮੇਂ ਚਿਹਰੇ ਦੀਆਂ ਮਾਸਪੇਸ਼ੀਆਂ ਸੁੰਗੜਦੀਆਂ ਅਤੇ ਫੈਲਦੀਆਂ ਹਨ ਜਿਸ ਨਾਲ ਇੱਕ ਤਾਂ ਮਾਸਪੇਸ਼ੀਆਂ ਦੀ ਕਸਰਤ ਹੋ ਜਾਂਦੀ ਹੈ, ਦੂਜੇ ਪਾਸੇ ਸਾਡਾ ਮਨ ਆਨੰਦਿਤ ਹੋ ਉੱਠਦਾ ਹੈ। ਹੱਸਣ ਨਾਲ ਐਂਡੋਰਫਿਨ ਰਸਾਇਣ ਪੈਦਾ ਹੁੰਦਾ ਹੈ ਜੋ ਸਾਡੇ ਤਨ ਮਨ ਨੂੰ ਤਰੰਗਿਤ ਕਰਦਾ ਹੈ। ਇਸ ਨਾਲ ਕਈ ਮਨੋਵਿਕਾਰ ਦੂਰ ਹੋ ਜਾਂਦੇ ਹਨ। ਵੀਹਵੀਂ ਸਦੀ ਦੇ ਮਹਾਨ ਫਿਲਾਸਫ਼ਰ ਓਸ਼ੋ ਤਾਂ ਹੱਸਣ ਨੂੰ ਬਹੁਤ ਮਹੱਤਵ ਦਿਆ ਕਰਦੇ ਸਨ। ਉਨ੍ਹਾਂ ਦੇ ਪ੍ਰਵਚਨਾਂ ਵਿੱਚ ਚੁਟਕਲਿਆਂ ਦੀ ਇੱਕ ਖ਼ਾਸ ਥਾਂ ਹੋਇਆ ਕਰਦੀ ਸੀ ਜਿਸ ਨਾਲ ਹਾਸੇ ਦਾ ਵਾਤਾਵਰਨ ਉਪਜਦਾ। ਉਹ ਤਾਂ ਹਾਸੇ ਨੂੰ ਇੱਕ ਧਿਆਨ ਵਿਧੀ ਵਜੋਂ ਵਰਤਦੇ ਰਹੇ ਹਨ। ਅੱਜ ਵੀ ਤੁਸੀਂ ਓਸ਼ੋ ਦੇ ਸੰਨਿਆਸੀਆਂ ਨੂੰ ਹੱਸਦੇ ਨੱਚਦੇ ਦੇਖੋਗੇ।
ਜ਼ਿੰਦਗੀ ਵਿੱਚ ਖ਼ੂੁਬ ਹੱਸੋ, ਪਰ ਕਿਸੇ ’ਤੇ ਨਾ ਹੱਸੋ। ‘ਦਰੋਪਤੀ ਹਾਸਾ’ ਨਾ ਹੱਸੋ ਜੋ ਮਹਾਂਭਾਰਤ ਦੇ ਯੁੱਧ ਤੱਕ ਦੀ ਨੌਬਤ ਲਿਆ ਦਿੰਦਾ ਹੈ। ਹਾਸਾ ਨਿਰਛਲ ਹੋਵੇ। ਇਹ ਕਿਸੇ ’ਤੇ ਮਾਨਸਿਕ ਹਮਲਾ ਨਾ ਹੋਵੇ। ਹਾਸਾ ਹਿੰਸਾਤਮਕ ਨਾ ਹੋਵੇ। ਹਾਸਾ ਦਿਲ ਦੁਖਾਉਣ ਵਾਲਾ ਨਾ ਹੋਵੇ ਸਗੋਂ ਦਿਲ ਪਰਚਾਉਣ ਵਾਲਾ ਹੋਵੇ।
ਹਾਸਾ ਤੁਹਾਡੇ ਮਨ ਦਾ ਇਸ਼ਨਾਨ ਹੈ। ਇਹ ਮਨ ’ਤੇ ਜੰਮੀ ਮੈਲ ਨੂੰ ਖੁਰਚ ਕੇ ਮਨ ਦੇ ਦਰਪਣ ਨੂੰ ਚਮਕਾ ਦਿੰਦਾ ਹੈ। ਪੂਰੇ ਪ੍ਰਾਣਾਂ ਨਾਲ ਹੱਸਣ ਨਾਲ ਤੁਹਾਡਾ ਤਨ ਮਨ ਰੌਸ਼ਨ ਹੋ ਜਾਂਦਾ ਹੈ। ਹੱਸਣ ਦੇ ਬਹਾਨੇ ਲੱਭਦੇ ਰਹੋ। ਹੱਸਣ ਨਾਲ ਚਿੱਤ ਖੇੜੇ ਵਿੱਚ ਆ ਜਾਂਦਾ ਹੈ। ਛੋਟੀਆਂ ਮੋਟੀਆਂ ਚਿੰਤਾਵਾਂ ਆਪਣੀ ਮੌਤੇ ਮਰ ਜਾਂਦੀਆਂ ਹਨ।
ਹਾਸਾ ਕੁਦਰਤ ਵੱਲੋਂ ਬਖ਼ਸ਼ਿਆ ਵੈਦ ਹੈ।
ਜਿੱਥੇ ਹਾਸਾ ਹੋਵੇਗਾ, ਉੱਥੇ ਖੇੜਾ ਹੋਵੇਗਾ, ਜਿੱਥੇ ਖੇੜਾ ਹੋਵੇਗਾ, ਉੱਥੇ ਬਿਨ ਮੇਲਿਆਂ ਦੀ ਰੁੱਤੋਂ ਵੀ ਮੇਲਿਆਂ ਦਾ ਰੰਗ ਤਮਾਸ਼ਾ ਹੋਵੇਗਾ। ਚਿਹਰਿਆਂ ’ਤੇ ਜਸ਼ਨ ਹੋਣਗੇ। ਬੋਲਾਂ ਵਿੱਚ ਸ਼ਹਿਦ ਹੋਵੇਗਾ। ਹਰ ਪਾਸੇ ਪੁੰਨ ਹੀ ਪੁੰਨ ਹੋਵੇਗਾ। ਉੱਥੇ ਨਰਕ ਦੀ ਅਣਹੋਂਦ ਹੋਵੇਗੀ। ਹੱਸਣ ਨਾਲ ਇੱਕ ਊਰਜਾ ਮੰਡਲ ਵਿਕਸਿਤ ਹੁੰਦਾ ਹੈ। ਇਸ ਊਰਜਾ ਮੰਡਲ ਵਿੱਚ ਦੁੱਖ, ਪੀੜਾਂ , ਨਿਰਾਸ਼ਾ, ਉਦਾਸੀ ਲਈ ਕੋਈ ਥਾਂ ਨਹੀਂ ਹੁੰਦੀ। ਸਭ ਨਾਕਾਰਾਤਮਕ ਸ਼ਕਤੀਆਂ ਆਪਣੇ ਹਥਿਆਰ ਸੁੱਟ ਦਿੰਦੀਆਂ ਹਨ। ਹੱਸਦਿਆਂ ਦੇ ਘਰਾਂ ਵਿੱਚ ਕਦੇ ਉੱਲੂ ਨਹੀਂ ਬੋਲਿਆ ਕਰਦੇ। ਉੱਥੇ ਸਦਾ ਰੌਣਕਾਂ ਬਣੀਆਂ ਰਹਿੰਦੀਆਂ ਹਨ। ਰੋਣੇ ਆਪਣਾ ਵਜੂਦ ਗੁਆ ਬਹਿੰਦੇ ਹਨ।
ਹੱਸਣ ਵਾਲਾ ਹਰ ਮੁਸ਼ਕਿਲ ਨੂੰ ਖਿੜੇ ਮੱਥੇ ਪਰਵਾਨ ਕਰਦਾ ਹੈ ਸਗੋਂ ਉਸ ਨੂੰ ਤਾਂ ਮੁਸ਼ਕਿਲਾਂ ਨੂੰ ਮੌਕਿਆਂ ਵਿੱਚ ਤਬਦੀਲ ਕਰਨ ਦੀ ਮੁਹਾਰਤ ਹੁੰਦੀ ਹੈ। ਜੋ ਕਿਸੇ ਨੂੰ ਹਸਾਉਂਦਾ ਹੈ, ਉਹ ਪੁੰਨ ਦਾ ਕਾਰਜ ਕਰ ਰਿਹਾ ਹੁੰਦਾ ਹੈ। ਹਾਸੇ ਬਿਖੇਰਨਾ ਪ੍ਰਸ਼ਾਦ ਵੰਡਣ ਸਮਾਨ ਹੈ। ਹਾਸਾ ਵਿਅਕਤੀ ਨੂੰ ਵਿਗਸਣ ਦੇ ਰਾਹੀਂ ਤੋਰਦਾ ਹੈ। ਹਾਸਾ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਹੱਸਣ ਵਾਲੇ ਆਪਣੇ ਡਿੱਗਣ ਨੂੰ ਵੀ ਨਾਚ ਵਿੱਚ ਤਬਦੀਲ ਕਰ ਲੈਂਦੇ ਹਨ। ਉਹ ਸ਼ਿਕਾਇਤੀ ਨਹੀਂ ਹੋਇਆ ਕਰਦੇ ਸਗੋਂ ਸ਼ਿਕਾਇਤਾਂ ਉਨ੍ਹਾਂ ਦੀ ਸੰਗਤ ਵਿੱਚ ਆ ਕੇ ਸੰਗੀਤ ਬਣ ਜਾਂਦੀਆਂ ਹਨ। ਜਿਸ ਨੂੰ ਆਪਣੇ ਉਪਰ ਹੱਸਣ ਦੀ ਕਲਾ ਆ ਗਈ, ਸਮਝੋ ਉਹ ਨਿਰੰਕਾਰਤਾ ਦੇ ਰਾਹਾਂ ਦਾ ਪਾਂਧੀ ਹੋ ਗਿਆ। ਉਸ ਦਾ ਹਾਸਾ ਧਾਰਮਿਕਤਾ ਦਾ ਧਾਰਨੀ ਹੋ ਗਿਆ। ਉਹ ਨਿਰਛਲ ਹੋ ਗਿਆ। ਆਪਣੀ ਮੈਂ ਮੁਕਾ ਲਈ ਉਸ ਨੇ। ਜਿਸ ਨੇ ਆਪਣੀ ਮੈਂ ਮੁਕਾ ਲਈ, ਉਹਨੇ ਜੀਵਨ ਦਾ ਸਾਰ ਸਮਝ ਲਿਆ। ਆਪਣੇ ਉਪਰ ਹੱਸਣਾ ਹਾਰੀ ਸਾਰੀ ਦਾ ਕੰਮ ਨਹੀਂ। ਇਹ ਵੱਡੇ ਜਿਗਰੇ ਵਾਲਿਆਂ ਦਾ ਖੇਤਰ ਹੈ । ਪਰ ਖ਼ਿਆਲ ਰੱਖਿਓ! ਆਪਣੇ ਉਪਰ ਹੱਸਣਾ ਕਿਤੇ ਸੂਖ਼ਮ ਹੰਕਾਰ ਨਾ ਹੋਵੇ।
ਪੁਰਾਣੇ ਵੇਲਿਆਂ ਦੀ ਗੱਲ ਹੈ, ਇੱਕ ਫ਼ਕੀਰ ਹੋਇਆ ਕਰਦਾ ਸੀ। ਉਹ ਸਾਰੀ ਉਮਰ ਲੋਕਾਂ ਨੂੰ ਹਸਾਉਂਦਾ ਰਿਹਾ। ਹੱਸਣਾ ਹਸਾਉਣਾ ਧਰਮ ਸੀ ਉਹਦਾ। ਮਰਨ ਉਪਰੰਤ ਜਦੋਂ ਉਹਦੀ ਚਿਖਾ ਨੂੰ ਅੱਗ ਲਾਈ ਤਾਂ ਇਕਦਮ ਪਟਾਕੇ ਚੱਲਣੇ ਸ਼ੁਰੂ ਹੋ ਗਏ। ਲੋਕ ਪਟਾਕਿਆਂ ਦੀ ਆਵਾਜ਼ ਸੁਣ ਕੇ ਹੱਸਣ ਲੱਗੇ। ਫ਼ਕੀਰ ਨੇ ਆਪਣੇ ਚੇਲਿਆਂ ਨੂੰ ਕਹਿ ਰੱਖਿਆ ਸੀ ਚਿਖਾ ਵਿੱਚ ਪਟਾਕੇ ਚਿਣਨ ਨੂੰ। ਉਸ ਫ਼ਕੀਰ ਨੇ ਆਪਣੀ ਮੌਤ ਨੂੰ ਵੀ ਜਸ਼ਨ ਵਿੱਚ ਬਦਲ ਲਿਆ ਸੀ। ਮਰਨ ਵੇਲੇ ਵੀ ਉਹ ਲੋਕਾਂ ਨੂੰ ਹਸਾ ਗਿਆ ਸੀ।
ਔਰਤਾਂ ਦੇ ਮਾਨਸਿਕ ਤੌਰ ’ਤੇ ਬਲਵਾਨ ਹੋਣ ਦਾ ਇੱਕ ਕਾਰਨ ਇਹ ਵੀ ਹੈ ਕਿ ਉਹ ਹੱਸਣ ਪੱਖੋਂ ਕੰਜੂਸੀ ਨਹੀਂ ਕਰਦੀਆਂ। ਉਨ੍ਹਾਂ ਦੀ ਗੱਲਬਾਤ ਵਿੱਚ ਤੁਹਾਨੂੰ ਹਾਸੇ ਦੇ ਦਰਸ਼ਨ ਹੁੰਦੇ ਰਹਿਣਗੇ। ਦੂਸਰੇ ਪਾਸੇ ਮਰਦ ਗੰਭੀਰ ਦਿਖਾਈ ਦੇਣਗੇ। ਤਾਹੀਓਂ ਤਾਂ ਮਨੋਰੋਗ ਹਸਪਤਾਲਾਂ ਵਿੱਚ ਤੁਹਾਨੂੰ ਮਰਦ ਮਰੀਜ਼ ਜ਼ਿਆਦਾ ਮਿਲਣਗੇ।
ਹਾਸਾ ਜਿੱਥੇ ਰੂਹ ਦੀ ਖੁਰਾਕ ਹੈ, ਉੱਥੇ ਸਰੀਰ ਲਈ ਵੀ ਘੱਟ ਫ਼ਾਇਦੇਮੰਦ ਨਹੀਂ। ਹੱਸਣ ਨਾਲ ਚਿਹਰੇ ’ਤੇ ਚਮਕ ਆਉਂਦੀ ਹੈ। ਇਹ ਚਮਕ ਮਹਿੰਗੀਆਂ ਕਰੀਮਾਂ ਨਾਲ ਨਹੀਂ ਆਇਆ ਕਰਦੀ। ਅੱਖਾਂ ਜਗਣ ਲੱਗਦੀਆਂ ਹਨ। ਹੱਸਦੇ ਵਕਤ ਸਾਡਾ ਸਰੀਰ ਆਕਸੀਜਨ ਦੀ ਵੱਧ ਮਾਤਰਾ ਲੈਂਦਾ ਹੈ। ਖੁੱਲ੍ਹ ਕੇ ਹੱਸਣ ਨਾਲ ਸਾਡੇ ਸਰੀਰ ਦਾ ਰੋਮ ਰੋਮ ਖੁੱਲ੍ਹ ਜਾਂਦਾ ਹੈ। ਹਾਸਾ ਸਮੁੰਦਰ ਦੀ ਛੱਲ ਵਰਗਾ ਹੈ ਜੋ ਸਭ ਮਾਰੂ ਸ਼ਕਤੀਆਂ ਨੂੰ ਰੋੜ ਕੇ ਲੈ ਜਾਂਦਾ ਹੈ। ਆਸ-ਪਾਸ ਦੀ ਬੰਜਰ ਭੂਮੀ ਨੂੰ ਹਰਿਆ ਭਰਿਆ ਕਰ ਦਿੰਦਾ ਹੈ। ਅਸਲ ਹਾਸਾ ਆਉਂਦਾ ਨਹੀਂ, ਫੁੱਟਦਾ ਹੈ। ਝਰਨੇ ਦੀ ਨਿਆਈਂ ਹੈ ਅਸਲ ਹਾਸਾ। ਇੱਕ ਕੁਦਰਤੀ ਸੁਹੱਪਣ ਹੈ, ਇੱਕ ਮਹਿਕ ਹੈ। ਹੱਸਣਾ ਤੰਦਰੁਸਤੀ ਹੈ। ਜੋ ਹੱਸ ਸਕਦਾ ਹੈ, ਤੰਦਰੁਸਤੀ ਉਸ ਨਾਲ ਕਦੇ ਨਹੀਂ ਰੁਸਦੀ। ਉਹ ਆਪ ਤਾਂ ਤੰਦਰੁਸਤ ਹੈ ਹੀ, ਉਹ ਹੋਰਾਂ ਨੂੰ ਵੀ ਤੰਦਰੁਸਤੀ ਬਖ਼ਸ਼ਦਾ ਹੈ। ਬਿਮਾਰ ਉਸ ਦੀ ਸੰਗਤ ਨਾਲ ਹੀ ਠੀਕ ਮਹਿਸੂਸ ਕਰਦੇ ਹਨ। ਹਸਮੁਖ ਵਿਅਕਤੀ ਗੰਭੀਰ ਨਹੀਂ ਦਿਖੇਗਾ। ਉਹ ਸਦਾ ਹਸੂੰ ਹਸੂੰ ਕਰਦਾ ਦਿਖੇਗਾ। ਅਸਲ ਵਿੱਚ ਗੰਭੀਰਤਾ ਇੱਕ ਮਨੋਰੋਗ ਦੀ ਸਥਿਤੀ ਹੈ। ਦੁਨੀਆਂ ਦੀਆਂ ਬਹੁਤੀਆਂ ਸਮੱਸਿਆਵਾਂ ਇਸ ਗੰਭੀਰਤਾ ਦੀ ਹੀ ਦੇਣ ਹਨ। ਪ੍ਰਕਿਰਤੀ ਹਰ ਪਲ ਹੱਸ ਰਹੀ ਹੈ। ਪੱਤਿਆਂ ਦੀ ਸਰਸਰਾਹਟ ਵਿੱਚ, ਫੁੱਲਾਂ ਦੀ ਖੁਸ਼ਬੂ ਵਿੱਚ, ਚੰਨ ਦੀ ਚਾਨਣੀ ਵਿੱਚ, ਬੱਦਲਾਂ ਦੀ ਗੜਗੜਾਹਟ ਵਿੱਚ। ਕਿੱਥੇ ਨਹੀਂ ਕੁਦਰਤ ਹੱਸ ਰਹੀ! ਪੰਜ ਸੱਤ ਮਿੰਟ ਦਾ ਖੁੱਲ੍ਹਾ ਹਾਸਾ ਤੁਹਾਡੇ ਤਨ ਮਨ ਨੂੰ ਝੂਮਣ ਲਾ ਦਿੰਦਾ ਹੈ। ਤੁਹਾਡੀਆਂ ਸਭ ਮਨ ਦੀਆਂ ਗੰਢਾਂ ਖੋਲ੍ਹ ਦਿੰਦਾ ਹੈ। ਇਹ ਮਾਨਸਿਕ ਗੰਢਾਂ ਹੀ ਅੱਗੇ ਚੱਲ ਕੇ ਭਿਆਨਕ ਰੋਗਾਂ, ਇੱਥੋਂ ਤੱਕ ਕਿ ਕੈਂਸਰ ਤੱਕ ਵਿੱਚ ਤਬਦੀਲ ਹੋ ਜਾਂਦੀਆਂ ਹਨ।
ਹਾਸਾ ਤਿਉੜੀਆਂ ਦਾ ਵੈਰੀ ਹੈ। ਹਸਮੁਖ ਵਿਅਕਤੀ ਪ੍ਰਤਾਪੀ ਚਿਹਰੇ ਵਾਲਾ ਹੋਵੇਗਾ। ਉਹਦੇ ਚਿਹਰੇ ’ਤੇ ਅਨੋਖੀ ਆਭਾ ਨੱਚਦੀ ਹੋਵੇਗੀ। ਉਹ ਜਦ ਬੋਲੇਗਾ ਤਾਂ ਸਭ ਕੰਨ ਹੋ ਜਾਣਗੇ। ਹਸਮੁਖ ਵਿਅਕਤੀ ਦੀ ਕਾਟੋ ਸਦਾ ਫੁੱਲਾਂ ’ਤੇ ਹੋਵੇਗੀ। ਸਦਾ ਦੀਵਾਲੀ ਸਾਧ ਦੀ ਚੱਤੋ ਪਹਿਰ ਬਸੰਤ ਹੋਵੇਗਾ। ਮੱਸਿਆ ਦੀ ਰਾਤ ਉਹਨੂੰ ਪੂਰਨਮਾਸ਼ੀ ਹੋ ਕੇ ਮਿਲੇਗੀ।
ਮੇਰੇ ਕਾਲਜ ਸਮੇਂ ਦੇ ਇੱਕ ਦੋਸਤ ’ਤੇ ਹਾਸਾ ਬੜਾ ਮਿਹਰਬਾਨ ਹੋਇਆ ਕਰਦਾ ਸੀ। ਬਾਅਦ ਵਿੱਚ ਬਹੁਤ ਘਰੇਲੂ ਮੁਸ਼ਕਿਲਾਂ ਪੈਦਾ ਹੋ ਜਾਣ ਦੇ ਬਾਵਜੂਦ ਉਸ ਨੇ ਹੌਸਲਾ ਨਾ ਹਾਰਿਆ। ਜਵਾਨ ਬੇਟੇ ਦੀ ਮੌਤ ਵੀ ਉਸ ਨੂੰ ਤੋੜ ਨਾ ਸਕੀ। ਪ੍ਰਤੀਕੂਲ ਸਥਿਤੀਆਂ ਵਿੱਚ ਵੀ ਉਹ ਹੱਸਦਾ ਹਸਾਉਂਦਾ ਰਿਹਾ। ਹੱਸਣਾ ਸਥਿਤੀ ਨਿਰਭਰ ਨਹੀਂ, ਸੁਭਾਅ ਨਿਰਭਰ ਹੈ। ਹੱਸਣ ਵਾਲਾ ਜੀਵਨ ਵਿੱਚ ਵਾਪਰਦੀਆਂ ਸਭ ਘਟਨਾਵਾਂ ਨੂੰ ਸਹਜਿ ਰੂਪ ਵਿੱਚ ਲਵੇਗਾ। ਉਹ ਚੋਣਕਰਤਾ ਨਹੀਂ ਹੋਵੇਗਾ। ਕਬੂਲ ਕਰਤਾ ਹੋਵੇਗਾ। ਦੁੱਖ ਸੁੱਖ ਨੂੰ ਇੱਕ ਪਲੜੇ ਤੋਲੇਗਾ। ਜਿਸ ਘਰ ਵਿੱਚ ਹਾਸਾ ਹੋਵੇਗਾ ਉਸ ਘਰ ਵੱਲ ਗੰਗਾ ਰੁਖ਼ ਕਰ ਲਵੇਗੀ। ਉਸ ਵਿਹੜੇ ਕੰਡੇ ਵੀ ਫੁੱਲ ਬਣ ਕੇ ਖੁਸ਼ਬੂ ਬਿਖੇਰਨਗੇ। ਪ੍ਰਤੀਕੂਲ ਹਾਲਤਾਂ ਵਿੱਚ ਵੀ ਹੱਸੋ। ਪ੍ਰਤੀਕੂਲਤਾ ਨੂੰ ਅਨੁਕੂਲਤਾ ਵਿੱਚ ਆਉਣਾ ਹੀ ਪਵੇਗਾ। ਰਾਤ ਨੂੰ ਦਿਨ ਹੋਣਾ ਪਵੇਗਾ।
ਹਾਸੇ ਦੇ ਵਣਜ ਵਿੱਚ ਕਦੇ ਘਾਟਾ ਨਹੀਂ ਪਿਆ ਕਰਦਾ। ਇਸ ਵਿੱਚ ਬਾਬੇ ਨਾਨਕ ਵਾਂਗਰ ਤੇਰਾ ਤੇਰਾ ਤੋਲਣ ਦਾ ਸਰੂਰ ਹੈ। ਇਸ ਦੇ ਗਾਹਕਾਂ ਦੀ ਕਦੇ ਥੋੜ ਨਹੀਂ ਪੈਂਦੀ। ਦਰ ’ਤੇ ਆਇਆ ਦਰ ਦਾ ਹੀ ਹੋ ਕੇ ਰਹਿ ਜਾਂਦਾ ਹੈ। ਹਾਸਿਆਂ ਦੇ ਵਣਜਾਰੇ ਕੋਲ ਹਾਸਿਆਂ ਦੇ ਭੰਡਾਰ ਮੁੱਕਦੇ ਨਹੀਂ। ਮੋਦੀ ਖਾਨੇ ਭਰੇ ਹੀ ਰਹਿੰਦੇ ਨੇ। ਗਿਣਤੀਆਂ ਮਿਣਤੀਆਂ ਵਿਲੀਨ ਹੋ ਜਾਂਦੀਆਂ ਨੇ।
ਦੁੱਖ ਹੋਵੇ, ਸੁੱਖ ਹੋਵੇ, ਖ਼ੁਸ਼ੀ ਹੋਵੇ, ਗਮੀ ਹੋਵੇ, ਗੁਲਾਬ ਮਿਲੇ, ਖਾਰ ਮਿਲੇ, ਹੱਸਣਾ ਨਾ ਭੁੱਲੋ। ਇਹ ਸਭ ਖੁਸ਼ੀਆਂ, ਗ਼ਮੀਆਂ, ਫੁੱਲ, ਕੰਡੇ ਨਿਰਾਰਥਕ ਹੋ ਕੇ ਰਹਿ ਜਾਣਗੇ।
ਆਓ, ਹੱਸੀਏ ਹਸਾਈਏ। ਜ਼ਿੰਦਗੀ ਦਾ ਜਸ਼ਨ ਮਨਾਈਏ।
ਸੰਪਰਕ: 94174-48436