ਆਈਪੀਐੱਲ: ਪੰਜਾਬ ਤੇ ਗੁਜਰਾਤ ਵਿਚਾਲੇ ਮੁਕਾਬਲਾ ਅੱਜ
ਅਹਿਮਦਾਬਾਦ, 24 ਮਾਰਚ
ਪੰਜਾਬ ਕਿੰਗਜ਼ ਅਤੇ ਗੁਜਰਾਤ ਟਾਈਟਨਜ਼ ਵਿਚਾਲੇ ਮੰਗਲਵਾਰ ਨੂੰ ਇੱਥੇ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਮੈਚ ਵਿੱਚ ਸ਼੍ਰੇਅਸ ਅਈਅਰ ਅਤੇ ਸ਼ੁਭਮਨ ਗਿੱਲ ਵਿਚਾਲੇ ਕਪਤਾਨੀ ਦੀ ਵੀ ਦਿਲਚਸਪ ਜੰਗ ਦੇਖਣ ਨੂੰ ਮਿਲੇਗੀ। ਅਈਅਰ ਆਈਪੀਐੱਲ ਦੇ ਸਫਲ ਕਪਤਾਨਾਂ ’ਚੋਂ ਇੱਕ ਹੈ। ਉਸ ਦੀ ਅਗਵਾਈ ਹੇਠ ਕੋਲਕਾਤਾ ਨਾਈਟ ਰਾਈਡਰਜ਼ ਨੇ ਪਿਛਲੇ ਸਾਲ ਖਿਤਾਬ ਜਿੱਤਿਆ ਸੀ। ਇਸੇ ਤਰ੍ਹਾਂ ਚਾਰ ਸਾਲ ਪਹਿਲਾਂ 2020 ਵਿੱਚ ਦਿੱਲੀ ਕੈਪੀਟਲਜ਼ ਨੇ ਉਸ ਦੀ ਅਗਵਾਈ ਹੇਠ ਫਾਈਨਲ ’ਚ ਜਗ੍ਹਾ ਬਣਾਈ ਸੀ। ਹੁਣ ਉਸ ਦਾ ਟੀਚਾ ਪੰਜਾਬ ਨੂੰ ਖਿਤਾਬ ਜਿਤਾਉਣਾ ਹੋਵੇਗਾ। ਪੰਜਾਬ ਨੇ ਹਾਲੇ ਤੱਕ ਇੱਕ ਵਾਰ ਵੀ ਆਈਪੀਐੱਲ ਦਾ ਖਿਤਾਬ ਨਹੀਂ ਜਿੱਤਿਆ ਹੈ। ਦੂਜੇ ਪਾਸੇ ਗਿੱਲ ਭਾਰਤ ਦਾ ਭਵਿੱਖੀ ਕਪਤਾਨ ਮੰਨਿਆ ਜਾ ਰਿਹਾ ਹੈ। ਉਸ ਨੂੰ ਹਾਲ ਹੀ ਵਿੱਚ ਭਾਰਤੀ ਇੱਕ ਰੋਜ਼ਾ ਟੀਮ ਦਾ ਉਪ-ਕਪਤਾਨ ਨਿਯੁਕਤ ਕੀਤਾ ਗਿਆ ਸੀ। ਪਿਛਲੇ ਸਾਲ ਹਾਰਦਿਕ ਪਾਂਡਿਆ ਦੇ ਮੁੰਬਈ ਇੰਡੀਅਨਜ਼ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਸ ਨੇ ਗੁਜਰਾਤ ਦੀ ਕਪਤਾਨੀ ਸੰਭਾਲੀ ਸੀ, ਪਰ ਉਸ ਦੀ ਟੀਮ ਅੱਠਵੇਂ ਸਥਾਨ ’ਤੇ ਰਹੀ। ਇਸ ਤੋਂ ਪਹਿਲਾਂ ਹਾਰਦਿਕ ਦੀ ਅਗਵਾਈ ਹੇਠ ਗੁਜਰਾਤ ਦੀ ਟੀਮ 2022 ਵਿੱਚ ਜੇਤੂ ਅਤੇ 2023 ਵਿੱਚ ਉਪ ਜੇਤੂ ਰਹੀ ਸੀ। ਗਿੱਲ ਅਤੇ ਅਈਅਰ ਦੋਵੇਂ ਸ਼ਾਨਦਾਰ ਲੈਅ ਵਿੱਚ ਹਨ। ਪੰਜਾਬ ਦੀ ਬੱਲੇਬਾਜ਼ੀ ਮੁੱਖ ਤੌਰ ’ਤੇ ਕਪਤਾਨ ਅਈਅਰ, ਜੋਸ਼ ਇੰਗਲਿਸ, ਪ੍ਰਭਸਿਮਰਨ ਸਿੰਘ, ਮਾਰਕਸ ਸਟੋਇਨਿਸ ਅਤੇ ਗਲੈੱਨ ਮੈਕਸਵੈੱਲ ’ਤੇ ਨਿਰਭਰ ਕਰੇਗੀ। -ਪੀਟੀਆਈ