ਹਾਕੀ: ਉੜੀਸਾ ਨੇ ਮਿਜ਼ੋਰਮ ਨੂੰ ਸ਼ੂਟਆਊਟ ’ਚ 2-0 ਨਾਲ ਹਰਾਇਆ
ਰਾਂਚੀ, 25 ਮਾਰਚ
ਉੜੀਸਾ, ਮਹਾਰਾਸ਼ਟਰ ਅਤੇ ਬੰਗਾਲ ਨੇ ਅੱਜ ਇੱਥੇ ਕੌਮੀ ਮਹਿਲਾ ਹਾਕੀ ਲੀਗ ਦੇ ਆਖਰੀ ਗੇੜ ਦੇ ਛੇਵੇਂ ਦਿਨ ਆਪੋ-ਆਪਣੇ ਮੁਕਾਬਲਿਆਂ ਵਿੱਚ ਜਿੱਤਾਂ ਹਾਸਲ ਕੀਤੀਆਂ। ਉੜੀਸਾ ਨੇ ਮਿਜ਼ੋਰਮ ਨੂੰ ਸ਼ੂਟਆਊਟ ’ਚ 2-0 ਨਾਲ ਹਰਾਇਆ, ਜਦਕਿ ਮਹਾਰਾਸ਼ਟਰ ਨੇ ਮਨੀਪੁਰ ਨੂੰ 4-0 ਨਾਲ ਮਾਤ ਦਿੱਤੀ। ਇਕ ਹੋਰ ਮੈਚ ਵਿਚ ਬੰਗਾਲ ਨੇ ਮੱਧ ਪ੍ਰਦੇਸ਼ ਨੂੰ 1-0 ਨਾਲ ਹਰਾਇਆ। ਦਿਨ ਦੇ ਪਹਿਲੇ ਮੈਚ ਵਿਚ ਸੰਜਨਾ (5ਵੇਂ ਮਿੰਟ) ਨੇ ਉੜੀਸਾ ਲਈ ਖਾਤਾ ਖੋਲ੍ਹਿਆ, ਜਦਕਿ ਲਾਲਤਲਾਨਚੁੰਗੀ (55ਵੇਂ ਮਿੰਟ) ਨੇ ਮਿਜ਼ੋਰਮ ਲਈ ਬਰਾਬਰੀ ਦਾ ਗੋਲ ਕੀਤਾ। ਇਸ ਮਗਰੋਂ ਸ਼ੂਟਆਊਟ ਵਿੱਚ ਉੜੀਸਾ ਲਈ ਦਰੁਪਤੀ ਨਾਇਕ ਅਤੇ ਕਪਤਾਨ ਸੁਮੀ ਮੁੰਡਾਰੀ ਨੇ ਗੋਲ ਕੀਤੇ। ਉੜੀਸਾ ਦੀ ਗੋਲਕੀਪਰ ਨਾਮਸੀ ਜਾਰਿਕਾ ਨੇ ਸ਼ੂਟਆਊਟ ਵਿੱਚ ਮਿਜ਼ੋਰਮ ਦੀਆਂ ਸਾਰੀਆਂ ਕੋਸ਼ਿਸ਼ਾਂ ਰੋਕ ਕੇ ਟੀਮ ਨੂੰ 2-0 ਨਾਲ ਜਿੱਤ ਦਿਵਾਈ। ਦੂਜੇ ਮੈਚ ਵਿੱਚ ਸਾਨਿਕਾ ਚੰਦਰਕਾਂਤ, ਤਨੁਸ਼੍ਰੀ ਦਿਨੇਸ਼, ਸੰਜਨਾ ਰਾਏਕਵਾਰ ਅਤੇ ਨਿੱਕੂ ਦੇ ਗੋਲਾਂ ਦੀ ਮਦਦ ਨਾਲ ਮਹਾਰਾਸ਼ਟਰ ਨੇ ਮਨੀਪੁਰ ਨੂੰ 4-0 ਨਾਲ ਹਰਾਇਆ। ਇਸ ਤੋਂ ਬਾਅਦ ਤੀਜੇ ਮੈਚ ਵਿੱਚ ਸ਼ਾਂਤੀ ਹੋਰੋ ਨੇ 59ਵੇਂ ਮਿੰਟ ਵਿੱਚ ਗੋਲ ਕਰਕੇ ਬੰਗਾਲ ਨੂੰ ਜਿੱਤ ਦਿਵਾਈ। -ਪੀਟੀਆਈ