ਪੰਜਾਬ ਸਰਕਾਰ ਵੱਲੋਂ 1975 ਦੀ ਹਾਕੀ ਵਿਸ਼ਵ ਕੱਪ ਜੇਤੂ ਟੀਮ ਦਾ ਸਨਮਾਨ
ਆਤਿਸ਼ ਗੁਪਤਾ
ਚੰਡੀਗੜ੍ਹ, 27 ਮਾਰਚ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਥੇ ਸੈਕਟਰ-35 ਵਿੱਚ ਸਥਿਤ ਮਿਊਂਸਿਪਲ ਭਵਨ ਵਿੱਚ ਅੱਜ 1975 ਹਾਕੀ ਵਿਸ਼ਵ ਕੱਪ ਜੇਤੂ ਟੀਮ, ਕੌਮੀ ਖੇਡਾਂ ਦੇ ਜੇਤੂਆਂ, ‘ਖੇਡਾਂ ਵਤਨ ਪੰਜਾਬ ਦੀਆਂ’ ਅਤੇ ‘ਪੈਰਾ ਖੇਡਾਂ ਵਤਨ ਪੰਜਾਬ ਦੀਆਂ’ ਦੇ ਜੇਤੂਆਂ ਦਾ ਸਨਮਾਨ ਕੀਤਾ। ਇਸ ਮੌਕੇ ਮੁੱਖ ਮੰਤਰੀ ਨੇ ਕੌਮੀ ਖੇਡਾਂ ’ਚ ਹਿੱਸਾ ਲੈਣ ਵਾਲੇ 107 ਖਿਡਾਰੀਆਂ ਨੂੰ 3.99 ਕਰੋੜ ਰੁਪਏ ਦੇ ਨਕਦ ਇਨਾਮਾਂ ਤੋਂ ਇਲਾਵਾ ‘ਖੇਡਾਂ ਵਤਨ ਪੰਜਾਬ ਦੀਆਂ’ ਅਤੇ ‘ਪੈਰਾ ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਤਗ਼ਮਾ ਜੇਤੂ 13,778 ਖਿਡਾਰੀਆਂ ਨੂੰ 9.65 ਕਰੋੜ ਰੁਪਏ ਦੇ ਨਕਦ ਇਨਾਮ ਵੰਡੇ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ’ਚ ਖੇਡ ਸੱਭਿਆਚਾਰ ਨੂੰ ਹੁਲਾਰਾ ਦੇਣ ਲਈ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਅਣਥੱਕ ਕੋਸ਼ਿਸ਼ਾਂ ਤਹਿਤ ਪੰਜਾਬ ਜਲਦੀ ਕੌਮੀ ਤੇ ਕੌਮਾਂਤਰੀ ਖੇਡ ਮੁਕਾਬਲਿਆਂ ਦੀ ਮੇਜ਼ਬਾਨੀ ਕਰੇਗਾ।
ਮਾਨ ਨੇ ਕਿਹਾ, ‘‘ਸੂਬਾ ਸਰਕਾਰ ਦੀਆਂ ਅਣਥੱਕ ਕੋਸ਼ਿਸ਼ਾਂ ਕਾਰਨ ਖਿਡਾਰੀਆਂ ਨੇ ਕੌਮੀ ਤੇ ਕੌਮਾਂਤਰੀ ਮੁਕਾਬਲਿਆਂ ’ਚ ਪਛਾਣ ਬਣਾਈ ਹੈ। ਇਹ ਬਹੁਤ ਮਾਣ ਵਾਲੀ ਗੱਲ ਹੈ ਕਿ 1975 ਦੀ ਹਾਕੀ ਵਿਸ਼ਵ ਕੱਪ ਜੇਤੂ ਟੀਮ ਵਿੱਚ ਅੱਠ ਖਿਡਾਰੀ ਤੇ ਕੋਚ ਦੇ ਨਾਲ-ਨਾਲ ਮੈਨੇਜਰ ਪੰਜਾਬ ਨਾਲ ਸਬੰਧਤ ਸਨ।’’ ਉਨ੍ਹਾਂ ਕਿਹਾ ਕਿ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨਾ ਸੂਬਾ ਸਰਕਾਰ ਦੀ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਸਭ ਤੋਂ ਅਸਰਦਾਰ ਸਾਧਨ ਹੋ ਸਕਦਾ ਹੈ ਅਤੇ ਇਸ ਕਾਰਨ ਪੰਜਾਬ ਇਸ ਵਿੱਚ ਕੋਈ ਕਸਰ ਨਹੀਂ ਛੱਡ ਰਿਹਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ’ਚ ਸ਼ਾਮਲ ਨੌਜਵਾਨਾਂ ਕੋਲ ਨਸ਼ਿਆਂ ਵੱਲ ਜਾਣ ਦਾ ਸਮਾਂ ਨਹੀਂ ਹੁੰਦਾ ਅਤੇ ‘ਖੇਡਾਂ ਵਤਨ ਪੰਜਾਬ ਦੀਆਂ’ ਖਿਡਾਰੀਆਂ ਦੀ ਪ੍ਰਤਿਭਾ ਦੇ ਮੁਜ਼ਹਰੇ ਲਈ ਇੱਕ ਸਹੀ ਪਲੈਟਫਾਰਮ ਦੇਣ ਵੱਲ ਇੱਕ ਸਹੀ ਕਦਮ ਹੈ।