ਆਈਪੀਐੱਲ: ਪੰਜਾਬ ਨੇ ਗੁਜਰਾਤ ਨੂੰ 11 ਦੌੜਾਂ ਨਾਲ ਹਰਾਇਆ
ਅਹਿਮਦਾਬਾਦ, 25 ਮਾਰਚ
ਕਪਤਾਨ ਸ਼੍ਰੇਅਸ ਅਈਅਰ ਦੀ ਨਾਬਾਦ 97 ਦੌੜਾਂ ਦੀ ਪਾਰੀ ਸਦਕਾ ਪੰਜਾਬ ਕਿੰਗਜ਼ ਨੇ ਅੱਜ ਇੱਥੇ ਆਈਪੀਐੱਲ ਮੈਚ ਵਿੱਚ ਗੁਜਰਾਤ ਟਾਈਟਨਜ਼ ਨੂੰ 11 ਦੌੜਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜਾਬ ਨੇ ਪੰਜ ਵਿਕਟਾਂ ’ਤੇ 243 ਦੌੜਾਂ ਬਣਾਈਆਂ ਸਨ। ਇਸ ਦੇ ਜਵਾਬ ਵਿੱਚ ਗੁਜਰਾਤ ਦੀ ਟੀਮ ਪੰਜ ਵਿਕਟਾਂ ’ਤੇ 232 ਦੌੜਾਂ ਹੀ ਬਣਾ ਸਕੀ। ਗੁਜਰਾਤ ਲਈ ਸਾਈ ਸੁਦਰਸ਼ਨ ਨੇ 74, ਜੋਸ ਬਟਲਰ ਨੇ 54, ਐੱਸ ਰਦਰਫੋਰਡ ਨੇ 47 ਅਤੇ ਕਪਤਾਨ ਸ਼ੁਭਮਨ ਗਿੱਲ ਨੇ 33 ਦੌੜਾਂ ਦਾ ਯੋਗਦਾਨ ਪਾਇਆ। ਪੰਜਾਬ ਲਈ ਅਰਸ਼ਦੀਪ ਸਿੰਘ ਨੇ ਦੋ, ਜਦਕਿ ਗਲੈੱਨ ਮੈਕਸਵੈੱਲ ਅਤੇ ਮਾਰਕੋ ਜਾਨਸਨ ਨੇ ਇੱਕ-ਇੱਕ ਵਿਕਟ ਲਈ।
ਇਸ ਤੋਂ ਪਹਿਲਾਂ ਕਪਤਾਨ ਸ਼੍ਰੇਅਸ ਅਈਅਰ ਨੇ ਪੰਜਾਬ ਕਿੰਗਜ਼ ਲਈ ਆਪਣੇ ਕਾਰਜਕਾਲ ਦੀ ਸ਼ੁਰੂਆਤ 42 ਗੇਂਦਾਂ ਵਿੱਚ ਨਾਬਾਦ 97 ਦੌੜਾਂ ਬਣਾ ਕੇ ਕੀਤੀ। ਉਸ ਨੇ ਨੌਂ ਛੱਕੇ ਅਤੇ ਪੰਜ ਚੌਕੇ ਮਾਰੇ ਪਰ ਉਹ ਆਈਪੀਐਲ ਵਿੱਚ ਆਪਣਾ ਪਹਿਲਾ ਸੈਂਕੜਾ ਪੂਰਾ ਨਹੀਂ ਕਰ ਸਕਿਆ। ਉਸ ਨੂੰ ਆਖਰੀ ਓਵਰ ਵਿੱਚ ਸਟ੍ਰਾਈਕ ਹੀ ਨਹੀਂ ਮਿਲੀ। ਸ਼ਸ਼ਾਂਕ ਸਿੰਘ (16 ਗੇਂਦਾਂ ਵਿੱਚ 44) ਨੇ ਮੁਹੰਮਦ ਸਿਰਾਜ ਦੇ ਓਵਰ ਵਿੱਚ 23 ਦੌੜਾਂ ਬਣਾ ਕੇ ਪੰਜਾਬ ਦੀ ਪਾਰੀ ਦਾ ਸ਼ਾਨਦਾਰ ਢੰਗ ਨਾਲ ਅੰਤ ਕੀਤਾ। ਉਸ ਨੇ ਆਪਣੀ ਪਾਰੀ ਦੌਰਾਨ ਛੇ ਚੌਕੇ ਅਤੇ ਦੋ ਛੱਕੇ ਮਾਰੇ। ਇਨ੍ਹਾਂ ਤੋਂ ਇਲਾਵਾ ਪੰਜਾਬ ਲਈ ਪ੍ਰਿਯਾਂਸ਼ ਆਰੀਆ ਨੇ 23 ਗੇਂਦਾਂ ਵਿੱਚ 47, ਮਾਰਕਸ ਸਟੌਇਨਸ ਨੇ 15 ਗੇਂਦਾਂ ਵਿੱਚ 20 ਅਤੇ ਅਜ਼ਮਤਉੱਲ੍ਹਾ ਉਮਰਜ਼ਈ ਨੇ 15 ਗੇਂਦਾਂ ਵਿੱਚ 16 ਦੌੜਾਂ ਬਣਾਈਆਂ। ਗੁਜਰਾਤ ਲਈ ਸਾਈ ਕਿਸ਼ੋਰ ਨੇ ਤਿੰਨ, ਜਦਕਿ ਰਾਸ਼ਿਦ ਖਾਨ ਅਤੇ ਕਾਗਿਸੋ ਰਬਾਡਾ ਨੇ ਇੱਕ-ਇੱਕ ਵਿਕਟ ਲਈ। -ਪੀਟੀਆਈ