ਆਈਪੀਐੱਲ ਨੇ ਕੌਮਾਂਤਰੀ ਕ੍ਰਿਕਟ ਦਾ ਗਲਬਾ ਖਤਮ ਕੀਤਾ: ਕਮਿੰਸ
ਬੈਕਨਹੈਮ (ਯੂਕੇ), 4 ਜੂਨ
ਆਸਟਰੇਲੀਆ ਦੀ ਕ੍ਰਿਕਟ ਟੀਮ ਦੇ ਕਪਤਾਨ ਪੈਟ ਕਮਿੰਸ ਨੇ ਕਿਹਾ ਕਿ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਨੇ ਕੌਮਾਂਤਰੀ ਕ੍ਰਿਕਟ ਦਾ ਗਲਬਾ ਖਤਮ ਕਰ ਦਿੱਤਾ ਹੈ ਅਤੇ ਉਸ ਦਾ ਮੰਨਣਾ ਹੈ ਕਿ ਭਵਿੱਖ ਵਿੱਚ ਖਿਡਾਰੀਆਂ ਨੂੰ ਫ੍ਰੈਂਚਾਈਜ਼ੀ ਕ੍ਰਿਕਟ ਦੇ ਮੁਕਾਬਲੇ ਕੌਮੀ ਟੀਮ ਨੂੰ ਅਹਿਮੀਅਤ ਦੇਣ ਲਈ ਮਨਾਉਣਾ ਇੱਕ ਚੁਣੌਤੀ ਹੋਵੇਗੀ। ਕਮਿੰਸ ਨੇ ਆਖਿਆ ਕਿ ਆਈਪੀਐੱਲ ਨੇ ਇੱਕ ਦਹਾਕਾ ਪਹਿਲਾਂ ਕ੍ਰਿਕਟ ਦੇ ਦ੍ਰਿਸ਼ ਨੂੰ ਬਦਲ ਦਿੱਤਾ ਸੀ ਅਤੇ ਅਜਿਹੇ ਵਿੱਚ ਉਹ ਟਰੈਂਟ ਬੋਲਟ ਵੱਲੋਂ ਨਿਊਜ਼ੀਲੈਂਡ ਕ੍ਰਿਕਟ ਨਾਲ ਕਰਾਰ ਤੋਂ ਇਨਕਾਰ ਕਰਕੇ ਦੁਨੀਆ ਭਰ ਵਿੱਚ ਟੀ-20 ਲੀਗ ਖੇਡਣ ਦੇ ਫ਼ੈਸਲੇ ਨਾਲ ਸਹਿਮਤ ਵੀ ਨਜ਼ਰ ਆਇਆ। ਭਾਰਤ ਖ਼ਿਲਾਫ਼ 7 ਜੂਨ ਤੋਂ ਓਵਲ ਵਿੱਚ ਖੇਡੇ ਜਾਣ ਵਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਤੋਂ ਪਹਿਲਾਂ ਪੈਟ ਕਮਿੰਸ ਨੇ ‘ਸਿਡਨੀ ਮੌਰਨਿੰਗ ਹੇਰਾਲਡ’ ਨੂੰ ਕਿਹਾ, ”ਪਿਛਲੇ ਕੁਝ ਸਮੇਂ ਤੋਂ ਲੱਗ ਰਿਹਾ ਸੀ ਕਿ ਅਜਿਹਾ ਹੋਣ ਵਾਲਾ ਹੈ ਅਤੇ ਹੁਣ ਅਜਿਹਾ ਹੀ ਹੋ ਰਿਹਾ ਹੈ। ਉਸ ਨੇ ਆਖਿਆ, ”ਖਿਡਾਰੀਆਂ ‘ਤੇ ਹੁਣ ਪਹਿਲਾਂ ਵਾਂਗ ਕੌਮਾਂਤਰੀ ਕ੍ਰਿਕਟ ਦਾ ਗਲਬਾ ਨਹੀਂ ਰਿਹਾ। ਆਈਪੀਐੱਲ ਨੇ ਇੱਕ ਦਹਾਕਾ ਪਹਿਲਾਂ ਇਸ ਨੂੰ ਬਦਲ ਦਿੱਤਾ ਸੀ ਪਰ ਹੁਣ ਵੱਧ ਤੋਂ ਵੱਧ ਖਿਡਾਰੀ ਇਸ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਇਸ ਕਰਕੇ ਮੇਰਾ ਮੰਨਣਾ ਹੈ ਕਿ ਸਾਨੂੰ ਇਸ ਪ੍ਰਤੀ ਸਰਗਰਮ ਹੋਣਾ ਪਵੇਗਾ।” ਕਮਿੰਸ ਨੇ ਕਿਹਾ ਕਿ ਉਹ ਚਾਹੁੰਦਾ ਹੈ ਕਿ ਟੀਮ ਦੇ ਖਿਡਾਰੀ ਕਿਸੇ ਵੀ ਚੀਜ਼ ਦੇ ਮੁਕਾਬਲੇ ਕੌਮੀ ਟੀਮ ਨੂੰ ਤਰਜੀਹ ਦੇਣ ਪਰ ਉਸ ਨੇ ਨਾਲ ਹੀ ਆਖਿਆ ਕਿ ਮੋਟੀ ਰਕਮ ਵਾਲੇ ਫ੍ਰੈਂਚਾਈਜ਼ੀ ਅਧਾਰਿਤ ਲੀਗ ਦੇ ਮੌਜੂਦਾ ਸਮੇਂ ਵਿੱਚ ਅਜਿਹਾ ਕਰਨਾ ਚੁਣੌਤੀਪੂਰਨ ਹੋਵੇਗਾ। -ਪੀਟੀਆਈ