ਨੀਰਜ ਚੋਪੜਾ 23 ਨੂੰ ਪੋਲੈਂਡ ਈਵੈਂਟ ’ਚ ਲਵੇਗਾ ਹਿੱਸਾ
ਨਵੀਂ ਦਿੱਲੀ, 14 ਮਈ
ਭਾਰਤ ਦਾ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਅਗਲੇ ਹਫ਼ਤੇ ਬੰਗਲੂਰੂ ਵਿੱਚ ਹੋਣ ਵਾਲਾ ਐੱਨਸੀ ਕਲਾਸਿਕ ਮੁਲਤਵੀ ਹੋਣ ਕਾਰਨ ਹੁਣ 23 ਮਈ ਨੂੰ ਪੋਲੈਂਡ ਵਿੱਚ 71ਵੇਂ ਓਰਲੇਨ ਜਾਨੁਸਜ਼ ਕੁਸੋਕਿੰਸਕੀ ਮੈਮੋਰੀਅਲ ਈਵੈਂਟ ਵਿੱਚ ਹਿੱਸਾ ਲਵੇਗਾ।
ਨੀਰਜ ਨੇ ਦੁਨੀਆ ਭਰ ਦੇ ਸਟਾਰ ਅਥਲੀਟਾਂ ਨਾਲ ਐੱਨਸੀ ਕਲਾਸਿਕ ਵਿੱਚ ਹਿੱਸਾ ਲੈਣਾ ਸੀ ਅਤੇ 24 ਮਈ ਨੂੰ ਇਸ ਦੀ ਮੇਜ਼ਬਾਨੀ ਵੀ ਕਰਨੀ ਸੀ ਪਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਫੌਜੀ ਤਣਾਅ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ। ਪੋਲੈਂਡ ਵਿੱਚ ਨੀਰਜ ਦੋ ਵਾਰ ਦੇ ਵਿਸ਼ਵ ਚੈਂਪੀਅਨ ਅਤੇ ਪੈਰਿਸ ਓਲੰਪਿਕ ਵਿੱਚ ਕਾਂਸੇ ਦਾ ਤਗ਼ਮਾ ਜੇਤੂ ਗ੍ਰੇਨਾਡਾ ਦੇ ਐਂਡਰਸਨ ਪੀਟਰਜ਼, ਜਰਮਨੀ ਦੇ ਜੂਲੀਅਨ ਵੇਬਰ ਅਤੇ ਪੋਲੈਂਡ ਦੇ ਕੌਮੀ ਰਿਕਾਰਡ ਧਾਰਕ ਮਾਰਸਿਨ ਕਰੂਕੋਵਸਕੀ ਵਰਗੇ ਖਿਡਾਰੀਆਂ ਦੀ ਚੁਣੌਤੀ ਦਾ ਸਾਹਮਣਾ ਕਰੇਗਾ। ਪੋਲੈਂਡ ਵਿੱਚ ਹੋਣ ਵਾਲਾ ਇਹ ਟੂਰਨਾਮੈਂਟ ਨੀਰਜ ਲਈ ਸੀਜ਼ਨ ਦਾ ਤੀਜਾ ਟੂਰਨਾਮੈਂਟ ਹੋਵੇਗਾ। ਉਸ ਨੇ ਆਪਣੀ ਮੁਹਿੰਮ ਦੱਖਣੀ ਅਫਰੀਕਾ ਵਿੱਚ ਸ਼ੁਰੂ ਕੀਤੀ ਸੀ। ਹੁਣ 16 ਮਈ ਨੂੰ ਉਹ ਦੋਹਾ ਡਾਇਮੰਡ ਲੀਗ ਵਿੱਚ ਹਿੱਸਾ ਲਵੇਗਾ। -ਪੀਟੀਆਈ