ਬੈਡਮਿੰਟਨ: ਆਕਰਸ਼ੀ ਤੇ ਉੱਨਤੀ ਥਾਈਲੈਂਡ ਓਪਨ ਦੇ ਅਗਲੇ ਗੇੜ ’ਚ
ਬੈਂਕਾਕ, 14 ਮਈ
ਭਾਰਤੀ ਬੈਡਮਿੰਟਨ ਖਿਡਾਰਨਾਂ ਆਕਰਸ਼ੀ ਕਸ਼ਯਪ ਅਤੇ ਉੱਨਤੀ ਹੁੱਡਾ ਥਾਈਲੈਂਡ ਓਪਨ ਦੇ ਅਗਲੇ ਗੇੜ ਵਿੱਚ ਪਹੁੰਚ ਗਈਆਂ ਹਨ, ਜਦਕਿ ਲਕਸ਼ੈ ਸੇਨ ਇਸ ਸੁਪਰ 500 ਟੂਰਨਾਮੈਂਟ ਦੇ ਪਹਿਲੇ ਗੇੜ ’ਚੋਂ ਹੀ ਬਾਹਰ ਹੋ ਗਿਆ।

ਸੇਨ ਨੂੰ ਆਇਰਲੈਂਡ ਦੇ ਐਨ ਐਨਗੁਏਨ ਹੱਥੋਂ ਇੱਕ ਘੰਟਾ 20 ਮਿੰਟ ਤੱਕ ਚੱਲੇ ਮੈਚ ਵਿੱਚ 18-21, 21-9, 17-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪਹਿਲੀ ਗੇਮ ਹਾਰਨ ਤੋਂ ਬਾਅਦ ਸੇਨ ਨੇ ਦੂਜੀ ਗੇਮ ਵਿੱਚ ਵਾਪਸੀ ਕੀਤੀ ਪਰ ਆਇਰਲੈਂਡ ਦੇ ਖਿਡਾਰੀ ਨੇ ਫੈਸਲਾਕੁਨ ਗੇਮ ਵਿੱਚ ਸੇਨ ਨੂੰ ਕੋਈ ਮੌਕਾ ਨਹੀਂ ਦਿੱਤਾ। ਪ੍ਰਿਯਾਂਸ਼ੂ ਰਾਜਾਵਤ ਵੀ ਪਹਿਲੇ ਗੇੜ ਵਿੱਚ ਇੰਡੋਨੇਸ਼ੀਆ ਦੇ ਅਲਵੀ ਫਰਹਾਨ ਤੋਂ 21-13, 17-21, 21-16 ਨਾਲ ਹਾਰ ਗਿਆ।
ਮਹਿਲਾ ਸਿੰਗਲਜ਼ ਵਿੱਚ ਆਕਰਸ਼ੀ ਨੇ ਜਪਾਨ ਦੀ ਕਾਓਰੂ ਸੁਗਿਆਮਾ ਨੂੰ 21-16, 20-22, 22-20 ਨਾਲ ਹਰਾਇਆ। ਇਸੇ ਤਰ੍ਹਾਂ ਉੱਨਤੀ ਨੇ ਥਾਈਲੈਂਡ ਦੀ ਥਮੋਨਵਾਨ ਐਨ ਨੂੰ 21-14, 18-21, 23-21 ਨਾਲ ਮਾਤ ਦਿੱਤੀ। ਰਕਸ਼ਿਤਾ ਸ੍ਰੀ ਸੰਤੋਸ਼ ਰਾਮਰਾਜ ਪਹਿਲੇ ਗੇੜ ਵਿੱਚ ਸਿੰਗਾਪੁਰ ਦੀ ਯੇਓ ਜੀਆ ਮਿਨ ਹੱਥੋਂ 18-21 7-21 ਨਾਲ ਹਾਰ ਗਈ। -ਪੀਟੀਆਈ