ਅਥਲੈਟਿਕਸ: ਡਾਇਮੰਡ ਲੀਗ ਦੇ ਦੋਹਾ ਗੇੜ ਤੋਂ ਆਪਣੀ ਚੁਣੌਤੀ ਦਾ ਆਗਾਜ਼ ਕਰੇਗਾ ਚੋਪੜਾ
ਦੋਹਾ, 15 ਮਈ
ਦੋ ਵਾਰ ਦਾ ਓਲੰਪਿਕ ਤਗ਼ਮਾ ਜੇਤੂ ਨੇਜ਼ਾ ਸੁੱਟ ਖਿਡਾਰੀ ਨੀਰਜ ਚੋਪੜਾ ਸ਼ੁੱਕਰਵਾਰ ਨੂੰ ਇੱਥੇ ਆਪਣੀ ਡਾਇਮੰਡ ਲੀਗ ਦੀ ਚੁਣੌਤੀ ਦੀ ਸ਼ੁਰੂਆਤ ਕਰੇਗਾ। ਇਸ ਦੌਰਾਨ ਉਸ ਦੀਆਂ ਨਜ਼ਰਾਂ ਇਸ ਸਾਲ ਦੇ ਅਖ਼ੀਰ ਵਿੱਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ’ਚ ਖ਼ਿਤਾਬ ਬਰਕਰਾਰ ਰੱਖਣ ’ਤੇ ਲੱਗੀਆਂ ਹੋਣਗੀਆਂ। ਇੱਥੇ ਵੱਡੀ ਗਿਣਤੀ ਭਾਰਤੀਆਂ ਦੀ ਮੌਜੂਦਗੀ ਕਾਰਨ ਚੋਪੜਾ ਨੂੰ ਕਾਫੀ ਹੱਲਾਸ਼ੇਰੀ ਮਿਲੇਗੀ। ਏਸ਼ਿਆਈ ਖੇਡਾਂ ਦਾ ਚਾਂਦੀ ਤਗ਼ਮਾ ਜੇਤੂ ਭਾਰਤ ਦਾ ਹੀ ਕਿਸ਼ੋਰ ਜੇਨਾ ਵੀ 11 ਪ੍ਰਤੀਯੋਗੀਆਂ ’ਚੋਂ ਇਕ ਹੈ। ਜੇਨਾ ਦਾ ਸਰਬੋਤਮ ਨਿੱਜੀ ਪ੍ਰਦਰਸ਼ਨ 87.54 ਮੀਟਰ ਹੈ, ਜੋ ਪਿਛਲੀ ਵਾਰ ਇੱਥੇ 76.31 ਮੀਟਰ ਦਾ ਥਰੋਅ ਕਰ ਕੇ ਨੌਵੇਂ ਸਥਾਨ ’ਤੇ ਰਿਹਾ ਸੀ। ਕੌਮੀ ਰਿਕਾਰਡਧਾਰੀ ਗੁਲਵੀਰ ਸਿੰਘ ਅਤੇ ਪਾਰੁਲ ਚੌਧਰੀ ਕ੍ਰਮਵਾਰ ਪੁਰਸ਼ ਤੇ ਮਹਿਲਾਵਾਂ ਦੀ 5000 ਅਤੇ 3000 ਮੀਟਰ ਸਟੀਪਲਚੇਜ਼ ਵਿੱਚ ਉਤਰਨਗੇ।
ਚੋਪੜਾ ਦਾ ਸਾਹਮਣਾ ਦੋ ਵਾਰ ਦੇ ਵਿਸ਼ਵ ਚੈਂਪੀਅਨ ਅਤੇ 2024 ਓਲੰਪਿਕ ਦੇ ਕਾਂਸੀ ਤਗ਼ਮਾ ਜੇਤੂ ਗਰੇਨਾਡਾ ਦੇ ਐਂਡਰਸਨ ਪੀਟਰਜ਼, ਚੈੱਕ ਗਣਰਾਜ ਦੇ ਯਾਕੂਬ ਵਾਦਲੇਸ਼, ਜਰਮਨੀ ਦੇ ਜੂਲੀਅਨ ਵੈਬਰ ਤੇ ਮੈਕਸ ਡੇਹਨਿੰਗ, ਕੀਨੀਆ ਦੇ ਜੂਲੀਅਸ ਯੈਗੋ ਅਤੇ ਜਪਾਨ ਦੇ ਰੌਡਰਿਕ ਜੈਂਕੀ ਡੀਨ ਨਾਲ ਹੋਵੇਗਾ। ਇਹ ਸਾਰੇ ਵੱਡੇ ਮੁਕਾਬਲਿਆਂ ਵਿੱਚ ਚੋਪੜਾ ਦੇ ਵਿਰੋਧੀ ਖਿਡਾਰੀ ਰਹਿ ਚੁੱਕੇ ਹਨ। ਪੈਰਿਸ ਓਲੰਪਿਕ 2024 ਦਾ ਸੋਨ ਤਗ਼ਮਾ ਜੇਤੂ ਪਾਕਿਸਤਾਨ ਦਾ ਅਰਸ਼ਦ ਨਦੀਮ ਇਸ ਵਿੱਚ ਹਿੱਸਾ ਨਹੀਂ ਲੈ ਰਿਹਾ ਹੈ। -ਪੀਟੀਆਈ
ਅਰਸ਼ਦ ਨਦੀਮ ਕਦੇ ਵੀ ਮੇਰਾ ਗੂੜ੍ਹਾ ਮਿੱਤਰ ਨਹੀਂ ਰਿਹਾ: ਨੀਰਜ ਚੋਪੜਾ
ਦੋਹਾ: ਸਟਾਰ ਜੈਵੇਲਿਨ ਥ੍ਰੋਅਰ ਨੀਰਜ ਚੋਪੜਾ ਨੇ ਅੱਜ ਸਪੱਸ਼ਟ ਕੀਤਾ ਹੈ ਕਿ ਉਹ ਅਤੇ ਅਰਸ਼ਦ ਨਦੀਮ ਕਦੇ ਵੀ ਗੁੜ੍ਹੇ ਦੋਸਤ ਨਹੀਂ ਰਹੇ ਹਨ। ਉਸ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਟਕਰਾਅ ਮਗਰੋਂ ਹੁਣ ਦੋਹਾਂ ਵਿਚਾਲੇ ਗੱਲਾਂ ਪਹਿਲਾਂ ਵਰਗੀਆਂ ਨਹੀਂ ਰਹਿਣਗੀਆਂ। ਇਥੇ ਡਾਇਮੰਡ ਲੀਗ ਤੋਂ ਪਹਿਲਾਂ ਦੋ ਵਾਰ ਦੇ ਓਲੰਪਿਕ ਤਗ਼ਮਾ ਜੇਤੂ ਨੀਰਜ ਚੋਪੜਾ ਨੇ ਕਿਹਾ ਕਿ ਅਥਲੀਟ ਹੋਣ ਕਾਰਨ ਉਸ ਨੂੰ ਨਦੀਮ ਨਾਲ ਗੱਲ ਕਰਨੀ ਪਵੇਗੀ ਪਰ ਜੇ ਕੋਈ ਆਦਰ-ਸਤਿਕਾਰ ਨਾਲ ਬੁਲਾਏਗਾ ਤਾਂ ਉਹ ਵੀ ਉਸ ਨੂੰ ਪੂਰਾ ਮਾਣ-ਸਨਮਾਨ ਦੇਵੇਗਾ। -ਪੀਟੀਆਈ