ਆਈਓਏ ਵੱਲੋਂ ਕੁਸ਼ਤੀ ਫੈਡਰੇਸ਼ਨ ਦੀਆਂ ਚੋਣਾਂ 4 ਜੁਲਾਈ ਨੂੰ ਕਰਵਾਏ ਜਾਣ ਦੀ ਸੰਭਾਵਨਾ
ਨਵੀਂ ਦਿੱਲੀ, 12 ਜੂਨ
ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਨੇ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਈ) ਦੀਆਂ ਚੋਣਾਂ 4 ਜੁਲਾਈ ਨੂੰ ਕਰਾਉਣ ਦੀ ਯੋਜਨਾ ਬਣਾਈ ਹੈ ਅਤੇ ਜੰਮੂ ਕਸ਼ਮੀਰ ਹਾਈ ਕੋਰਟ ਦੇ ਸਾਬਕਾ ਚੀਫ਼ ਜਸਟਿਸ ਮਹੇਸ਼ ਮਿੱਤਲ ਕੁਮਾਰ ਨੂੰ ਰਿਟਰਨਿੰਗ ਅਫ਼ਸਰ ਨਿਯੁਕਤ ਕੀਤਾ ਹੈ। ਖੇਡ ਮੰਤਰੀ ਅਨੁਰਾਗ ਠਾਕੁਰ ਨੇ ਅੰਦੋਲਨਕਾਰੀ ਪਹਿਲਵਾਨਾਂ ਨਾਲ 7 ਜੂਨ ਨੂੰ ਮੀਟਿੰਗ ਮਗਰੋਂ ਕਿਹਾ ਸੀ ਕਿ ਕੁਸ਼ਤੀ ਫੈਡਰੇਸ਼ਨ ਦੀਆਂ ਚੋਣਾਂ 30 ਜੂਨ ਤੱਕ ਕਰਵਾਈਆਂ ਜਾਣਗੀਆਂ ਪਰ ਇਹ ਸਪੱਸ਼ਟ ਹੈ ਕਿ ਨਿਰਧਾਰਿਤ ਤਰੀਕ ਤੱਕ ਚੋਣਾਂ ਕਰਾਉਣਾ ਮੁਸ਼ਕਲ ਹੈ ਕਿਉਂਕਿ ਵਿਸ਼ੇਸ਼ ਜਨਰਲ ਮੀਟਿੰਗ ਸੱਦਣ ਲਈ 21 ਦਿਨ ਦਾ ਨੋਟਿਸ ਦੇਣਾ ਪੈਂਦਾ ਹੈ। ਕੁਸ਼ਤੀ ਫੈਡਰੇਸ਼ਨ ਦੀ ਵਿਸ਼ੇਸ਼ ਜਨਰਲ ਮੀਟਿੰਗ ਜਾਂ ਸਾਲਾਨਾ ਜਨਰਲ ਮੀਟਿੰਗ ਦੌਰਾਨ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ। ਠਾਕੁਰ ਨੇ ਪਹਿਲਵਾਨਾਂ ਨੂੰ ਇਹ ਵੀ ਭਰੋਸਾ ਦਿੱਤਾ ਹੈ ਕਿ ਬ੍ਰਿਜ ਭੂਸ਼ਨ ਸ਼ਰਣ ਸਿੰਘ ਦੇ ਕਿਸੇ ਵੀ ਸਾਥੀ ਜਾਂ ਪਰਿਵਾਰਕ ਮੈਂਬਰ ਨੂੰ ਚੋਣਾਂ ਲੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਆਈਓਏ ਦੇ ਸੀਈਓ ਕਲਿਆਣ ਚੌਬੇ ਨੇ ਜਸਟਿਸ ਮਿੱਤਲ ਕੁਮਾਰ ਨੂੰ ਉਨ੍ਹਾਂ ਦੀ ਨਿਯੁਕਤੀ ਬਾਰੇ ਪੱਤਰ ਲਿਖਿਆ ਹੈ। ਚੌਬੇ ਨੇ ਜਸਟਿਸ ਮਹੇਸ਼ ਮਿੱਤਲ ਕੁਮਾਰ ਨੂੰ ਲਿਖੇ ਪੱਤਰ ‘ਚ ਕਿਹਾ ਹੈ,”ਆਈਓਏ ਨੂੰ ਡਬਲਿਊਐੱਫਆਈ ਦੀ ਕਾਰਜਕਾਰੀ ਕਮੇਟੀ ਦੀਆਂ ਚੋਣਾਂ ਕਰਾਉਣ ਲਈ ਕਦਮ ਚੁੱਕਣੇ ਹੋਣਗੇ ਅਤੇ ਡਬਲਿਊਐੱਫਆਈ ਦੀਆਂ ਚੋਣਾਂ ਲਈ ਤੁਹਾਨੂੰ ਰਿਟਰਨਿੰਗ ਅਫ਼ਸਰ ਨਿਯੁਕਤ ਕਰਕੇ ਖੁਸ਼ੀ ਹੋ ਰਹੀ ਹੈ। ਤੁਸੀਂ ਚੋਣਾਂ ਕਰਾਉਣ ‘ਚ ਆਪਣੀ ਸਹਾਇਤਾ ਲਈ ਇਕ ਸਹਾਇਕ ਰਿਟਰਨਿੰਗ ਅਫ਼ਸਰ ਅਤੇ ਹੋਰ ਮੁਲਾਜ਼ਮਾਂ ਦੀ ਨਿਯੁਕਤੀ ‘ਤੇ ਵਿਚਾਰ ਕਰ ਸਕਦੇ ਹੋ। ਚੋਣਾਂ ਕੁਸ਼ਤੀ ਫੈਡਰੇਸ਼ਨ ਦੀ ਵਿਸ਼ੇਸ਼ ਜਨਰਲ ਮੀਟਿੰਗ ‘ਚ ਕਰਵਾਈਆਂ ਜਾਣੀਆਂ ਹਨ ਜੋ 4 ਜੁਲਾਈ ਨੂੰ ਸੱਦੀ ਗਈ ਹੈ ਅਤੇ ਉਸ ਮੁਤਾਬਕ ਚੋਣਾਂ ਦਾ ਪ੍ਰੋਗਰਾਮ ਤੈਅ ਕਰਨਾ ਹੋਵੇਗਾ।” ਪੱਤਰ ‘ਚ ਕਿਹਾ ਗਿਆ ਹੈ ਕਿ ਅਹੁਦਾ ਸਵੀਕਾਰ ਕਰਨ ਦੀ ਪੁਸ਼ਟੀ ਅਤੇ 4 ਜੁਲਾਈ ਨੂੰ ਚੋਣਾਂ ਕਰਾਉਣ ਨੂੰ ਲੈ ਕੇ ਉਹ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਉਂਜ ਸੂਤਰਾਂ ਨੇ ਕਿਹਾ ਕਿ ਜਸਟਿਸ ਮਿੱਤਲ ਕੁਮਾਰ ਵਿਸ਼ੇਸ਼ ਜਨਰਲ ਮੀਟਿੰਗ ਦੀ ਤਰੀਕ ਅਤੇ ਚੋਣਾਂ ਬਾਰੇ ਖੁਦ ਵੀ ਫ਼ੈਸਲਾ ਲੈ ਸਕਦੇ ਹਨ। ਇਹ ਉਨ੍ਹਾਂ ‘ਤੇ ਨਿਰਭਰ ਹੋਵੇਗਾ ਕਿ ਉਹ ਚੋਣਾਂ 4 ਜੁਲਾਈ ਨੂੰ ਕਰਵਾਉਣ ਜਾਂ ਕੁਝ ਦਿਨਾਂ ਬਾਅਦ ਕਰਵਾ ਸਕਦੇ ਹਨ। ਕੁਸ਼ਤੀ ਫੈਡਰੇਸ਼ਨ ਦੀਆਂ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਅਤੇ ਦਿੱਲੀ ਸਮੇਤ 25 ਮਾਨਤਾ ਪ੍ਰਾਪਤ ਇਕਾਈਆਂ ਹਨ। ਹਰੇਕ ਪ੍ਰਦੇਸ਼ ਐਸੋਸੀਏਸ਼ਨ ਆਪਣੇ ਦੋ ਨੁਮਾਇੰਦੇ ਭੇਜ ਸਕਦੀ ਹੈ ਅਤੇ ਹਰੇਕ ਨੁਮਾਇੰਦੇ ਦਾ ਇਕ-ਇਕ ਵੋਟ ਹੋਵੇਗਾ। ਇਸ ਹਿਸਾਬ ਨਾਲ ਡਬਲਿਊਐੱਫਆਈ ਚੋਣਾਂ ‘ਚ 50 ਵੋਟ ਹੋਣਗੇ। ਕੁਸ਼ਤੀ ਫੈਡਰੇਸ਼ਨ ਦੇ ਸੰਵਿਧਾਨ ਮੁਤਾਬਕ ਪ੍ਰਦੇਸ਼ ਇਕਾਈਆਂ ਸਿਰਫ਼ ਉਨ੍ਹਾਂ ਨੁਮਾਇੰਦਿਆਂ ਨੂੰ ਨਾਮਜ਼ਦ ਕਰ ਸਕਦੀਆਂ ਹਨ ਜੋ ਉਨ੍ਹਾਂ ਦੀਆਂ ਕਾਰਜਕਾਰੀ ਜਥੇਬੰਦੀਆਂ ਦੇ ਮੈਂਬਰ ਹਨ। ਦੇਖਣ ਵਾਲੀ ਗੱਲ ਹੈ ਕਿ ਜੇਕਰ ਬ੍ਰਿਜ ਭੂਸ਼ਨ ਨਾਲ ਜੁੜੇ ਯੋਗ ਉਮੀਦਵਾਰ ਚੋਣਾਂ ਲਈ ਨਾਮਜ਼ਦਗੀ ਭਰਦੇ ਹਨ ਤਾਂ ਕੀ ਹੋਵੇਗਾ। ਬ੍ਰਿਜ ਭੂਸ਼ਨ ਦਾ ਪੁੱਤਰ ਕਰਨ ਪਿਛਲੀ ਕੁਸ਼ਤੀ ਫੈਡਰੇਸ਼ਨ ‘ਚ ਮੀਤ ਪ੍ਰਧਾਨ ਸੀ ਅਤੇ ਉਹ ਯੂਪੀ ਕੁਸ਼ਤੀ ਐਸੋਸੀਏਸ਼ਨ ਨਾਲ ਵੀ ਜੁੜਿਆ ਹੋਇਆ ਹੈ। ਬ੍ਰਿਜ ਭੂਸ਼ਨ ਦਾ ਇਕ ਹੋਰ ਰਿਸ਼ਤੇਦਾਰ ਵੀ ਬਿਹਾਰ ਕੁਸ਼ਤੀ ਐਸੋਸੀਏਸ਼ਨ ਦਾ ਪ੍ਰਧਾਨ ਹੈ। ਪ੍ਰਦੇਸ਼ ਐਸੋਸੀਏਸ਼ਨਾਂ ਦੇ ਨੁਮਾਇੰਦੇ ਵਜੋਂ ਦੋਵੇਂ ਆਗੂ ਵੀ ਚੋਣਾਂ ਲੜਨ ਦੇ ਯੋਗ ਹਨ। -ਪੀਟੀਆਈ