ਵਿਰਾਟ ਕੋਹਲੀ ਦਾ ਸੰਨਿਆਸ:‘ਟੈਸਟ ਕ੍ਰਿਕਟ ਵਿੱਚ ਯੁੱਗ ਦਾ ਹੋਇਆ ਅੰਤ’
ਨਵੀਂ ਦਿੱਲੀ: ਵਿਰਾਟ ਕੋਹਲੀ ਦੇ ਟੈਸਟ ਕ੍ਰਿਕਟ ਤੋਂ ਸੰਨਿਆਸ ਨੂੰ ਉਸ ਦੇ ਪ੍ਰਸ਼ੰਸਕਾਂ, ਸਾਥੀਆਂ ਤੇ ਕ੍ਰਿਕਟ ਸੰਸਥਾਵਾਂ ਵੱਲੋਂ ‘ਇੱਕ ਯੁੱਗ ਦਾ ਅੰਤ’ ਕਰਾਰ ਦਿੱਤਾ ਜਾ ਰਿਹਾ ਹੈ। ਇਸ ਬਾਰੇ ਬੀਸੀਸੀਆਈ ਨੇ ਇੰਸਟਾਗ੍ਰਾਮ ’ਤੇ ਕਿਹਾ, ‘ਟੈਸਟ ਕ੍ਰਿਕਟ ਵਿੱਚ ਇੱਕ ਯੁੱਗ ਦਾ ਅੰਤ ਹੋ ਗਿਆ ਹੈ ਪਰ ਉਸ ਦੀ ਵਿਰਾਸਤ ਹਮੇਸ਼ਾ ਜਿਉਂਦੀ ਰਹੇਗੀ।’ ਇਸੇ ਤਰ੍ਹਾਂ ਆਈਸੀਸੀ ਨੇ ਕਿਹਾ, ‘ਵਿਰਾਟ ਸਫੈਦ ਜਰਸੀ ਨਹੀਂ ਪਹਿਨੇਗਾ ਪਰ ਤਾਜ ਬਰਕਰਾਰ ਰਹੇਗਾ।’ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਨੇ ਲਿਖਿਆ, ‘ਸ਼ੇਰਾਂ ਵਾਂਗ ਜਨੂੰਨ ਰੱਖਣ ਵਾਲਾ ਇਨਸਾਨ। ਤੁਹਾਡੀ ਕਮੀ ਮਹਿਸੂਸ ਹੋਵੇਗੀ।’ ਇਸੇ ਤਰ੍ਹਾਂ ਆਈਸੀਸੀ ਚੇਅਰਮੈਨ ਜੈ ਸ਼ਾਹ, ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ, ਯੁਵਰਾਜ ਸਿੰਘ, ਹਰਭਜਨ ਸਿੰਘ, ਅਜਿੰਕਿਆ ਰਹਾਣੇ, ਸਾਬਕਾ ਮਹਿਲਾ ਕ੍ਰਿਕਟਰ ਝੂਲਨ ਗੋਸਵਾਮੀ, ਇਰਫਾਨ ਪਠਾਨ ਅਤੇ ਦੱਖਣੀ ਅਫਰੀਕਾ ਦੇ ਸਾਬਕਾ ਕ੍ਰਿਕਟਰ ਏਬੀ ਡੀਵਿਲੀਅਰਜ਼ ਦੇ ਨਾਲ-ਨਾਲ ਕੋਹਲੀ ਦੀ ਪਤਨੀ ਤੇ ਅਦਾਕਾਰਾ ਅਨੁਸ਼ਕਾ ਸ਼ਰਮਾ, ਅਦਾਕਾਰ ਵਿੱਕੀ ਕੌਸ਼ਲ, ਰਣਵੀਰ ਸਿੰਘ, ਫ਼ਰਹਾਨ ਅਖ਼ਤਰ, ਅਪਾਰਸ਼ਕਤੀ ਖੁਰਾਣਾ, ਨੇਹਾ ਧੂਪੀਆ ਅਤੇ ਸੁਨੀਲ ਸ਼ੈੱਟੀ ਨੇ ਵੀ ਉਸ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। -ਪੀਟੀਆਈ
‘ਚੀਕੂ’ ਤੋਂ ‘ਕਿੰਗ ਕੋਹਲੀ’ ਤੱਕ ਦਾ ਸਫ਼ਰ
ਵਿਰਾਟ ਕੋਹਲੀ ਨੇ ‘ਚੀਕੂ’ ਤੋਂ ਲੈ ਕੇ ‘ਕਿੰਗ ਕੋਹਲੀ’ ਤੱਕ ਦੇ ਲੰਮੇ ਸਫ਼ਰ ਦੌਰਾਨ ਆਪਣੇ ਕਰੀਅਰ ਵਿੱਚ ਕਈ ਉਤਰਾਅ-ਚੜ੍ਹਾਅ ਦੇਖੇ। 2006 ਵਿੱਚ 18 ਸਾਲਾ ਕੋਹਲੀ ਨੇ ਆਪਣੇ ਪਿਤਾ ਪ੍ਰੇਮ ਕੋਹਲੀ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਦਿੱਲੀ ਨੂੰ ਫਾਲੋਆਨ ਤੋਂ ਬਚਾਉਣ ਲਈ 90 ਦੌੜਾਂ ਬਣਾਈਆਂ ਅਤੇ ਫਿਰੋਜ਼ਸ਼ਾਹ ਕੋਟਲਾ ਸਟੇਡੀਅਮ (ਹੁਣ ਅਰੁਣ ਜੇਤਲੀ ਸਟੇਡੀਅਮ) ਤੋਂ ਸਿੱਧਾ ਸ਼ਮਸ਼ਾਨਘਾਟ ਜਾ ਕੇ ਉਨ੍ਹਾਂ ਦਾ ਸਸਕਾਰ ਕੀਤਾ। ਇਸ ਤੋਂ ਬਾਅਦ 2025 ਵਿੱਚ 36 ਸਾਲਾ ਸੁਪਰਸਟਾਰ ਵਿਰਾਟ ਕੋਹਲੀ ਇਸੇ ਸਟੇਡੀਅਮ ਵਿੱਚ ਲਗਪਗ 20,000 ਦਰਸ਼ਕਾਂ ਦੇ ਸਾਹਮਣੇ ਰਣਜੀ ਟਰਾਫੀ ਮੈਚ ਵਿੱਚ ਰੇਲਵੇ ਦੇ ਗੇਂਦਬਾਜ਼ ਹਿਮਾਂਸ਼ੂ ਸਾਂਗਵਾਨ ਹੱਥੋਂ ਆਊਟ ਹੋਇਆ ਅਤੇ ਇਹ ਸਫੇਦ ਜਰਸੀ ਵਿੱਚ ਉਸ ਦਾ ਆਖਰੀ ਮੈਚ ਸੀ।
ਹੁਣ ਸਚਿਨ ਦਾ ਸੌ ਸੈਂਕੜਿਆਂ ਦਾ ਰਿਕਾਰਡ ਟੁੱਟਣਾ ਮੁਸ਼ਕਲ
ਵਿਰਾਟ ਕੋਹਲੀ ਦੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਹੁਣ ਸਚਿਨ ਤੇਂਦੁਲਕਰ ਦੇ 100 ਕੌਮਾਂਤਰੀ ਸੈਂਕੜਿਆਂ ਦਾ ਰਿਕਾਰਡ ਟੁੱਟਣਾ ਵੀ ਹੁਣ ਮੁਸ਼ਕਲ ਜਾਪਦਾ ਹੈ। ਕੋਹਲੀ ਇਸ ਅੰਕੜੇ ਤੋਂ ਹਾਲੇ 18 ਸੈਂਕੜੇ ਦੂਰ ਹੈ। ਉਹ ਹੁਣ ਸਿਰਫ ਇੱਕ ਰੋਜ਼ਾ ਫਾਰਮੈਟ ਹੀ ਖੇਡੇਗਾ ਅਤੇ ਹਾਲ ਹੀ ਦੇ ਸਮੇਂ ’ਚ ਕੌਮਾਂਤਰੀ ਪੱਧਰ ’ਤੇ ਇਹ ਫਾਰਮੈਟ ਬਹੁੱਤ ਘੱਟ ਖੇਡਿਆ ਜਾਂਦਾ ਹੈ।