ਖੇਲੋ ਇੰਡੀਆ: ਪੰਜਾਬ ਨੇ ਗਤਕਾ ’ਚ ਓਵਰਆਲ ਟਰਾਫੀ ਜਿੱਤੀ
ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ(ਮੁਹਾਲੀ), 12 ਮਈ
ਬਿਹਾਰ ਵਿੱਚ ਚੱਲ ਰਹੀਆਂ ‘ਖੇਲੋ ਇੰਡੀਆ ਯੂਥ ਖੇਡਾਂ’ ਵਿੱਚ ਪੰਜਾਬ ਦੇ ਗਤਕਾ ਖ਼ਿਡਾਰੀਆਂ ਨੇ ਦੋ ਸੋਨੇ, ਤਿੰਨ ਚਾਂਦੀ ਅਤੇ ਦੋ ਕਾਂਸੇ ਦੇ ਤਗ਼ਮਿਆਂ ਨਾਲ ਕੁੱਲ ਸੱਤ ਤਗ਼ਮੇ ਜਿੱਤ ਕੇ ਓਵਰਆਲ ਟਰਾਫੀ ’ਤੇ ਕਬਜ਼ਾ ਕੀਤਾ ਹੈ।
ਪੰਜਾਬ ਗਤਕਾ ਐਸੋਸੀਏਸ਼ਨ ਦੇ ਪ੍ਰਧਾਨ ਡਾ. ਰਜਿੰਦਰ ਸਿੰਘ ਸੋਹਲ ਅਤੇ ਜਨਰਲ ਸਕੱਤਰ ਬਲਜਿੰਦਰ ਸਿੰਘ ਤੂਰ ਨੇ ਦੱਸਿਆ ਕਿ ਯੁਵਾ, ਖੇਡ ਮੰਤਰਾਲੇ ਅਤੇ ਭਾਰਤੀ ਖੇਡ ਅਥਾਰਟੀ ਵੱਲੋਂ ਕਰਵਾਈਆਂ ਜਾ ਰਹੀਆਂ ਇਨ੍ਹਾਂ 28 ਖੇਡਾਂ ਵਿੱਚ ਗਤਕਾ ਵੀ ਸ਼ੁਮਾਰ ਹੈ। ਇਸ ਮੁਕਾਬਲੇ ਵਿੱਚ 19 ਸੂਬਿਆਂ ਦੇ 160 ਖਿਡਾਰੀਆਂ ਨੇ ਹਿੱਸਾ ਲਿਆ। ਇਸ ਦੌਰਾਨ ਵਿਅਕਤੀਗਤ ਸਿੰਗਲ ਸੋਟੀ ਮੁਕਾਬਲੇ ਵਿੱਚ ਪੰਜਾਬ ਦੇ ਗੁਰਸੇਵਕ ਸਿੰਘ ਨੇ ਸੋਨੇ ਅਤੇ ਜਸ਼ਨਦੀਪ ਸਿੰਘ ਨੇ ਚਾਂਦੀ ਦਾ ਤਗ਼ਮਾ ਜਿੱਤਿਆ। ਟੀਮ ਫਰੀ ਸੋਟੀ ਮੁਕਾਬਲੇ ਵਿੱਚ ਗੁਰਸੇਵਕ ਸਿੰਘ, ਜਸ਼ਨਦੀਪ ਸਿੰਘ, ਰੋਬਿਨਪ੍ਰੀਤ ਸਿੰਘ ਨੇ ਚਾਂਦੀ ਦਾ ਤਗ਼ਮਾ ਅਤੇ ਵਿਅਕਤੀਗਤ ਫਰੀ ਸੋਟੀ ਮੁਕਾਬਲੇ ਵਿੱਚ ਜਗਦੀਪ ਸਿੰਘ ਨੇ ਚਾਂਦੀ ਦਾ ਤਗ਼ਮਾ ਜਿੱਤਿਆ। ਮਹਿਲਾ ਵਰਗ ਦੇ ਵਿਅਕਤੀਗਤ ਸਿੰਗਲ ਸੋਟੀ ਮੁਕਾਬਲੇ ਵਿੱਚ ਤਮੰਨਾ ਨੇ ਸੋਨੇ ਦਾ ਤਗ਼ਮਾ ਅਤੇ ਅਵਨੀਤ ਕੌਰ ਨੇ ਕਾਂਸੇ ਦਾ ਤਗ਼ਮਾ ਜਿੱਤਿਆ। ਇਸ ਤੋਂ ਇਲਾਵਾ ਵਿਅਕਤੀਗਤ ਫਰੀ ਸੋਟੀ ਮੁਕਾਬਲੇ ਵਿੱਚ ਸੋਨੂੰ ਕੌਰ ਨੇ ਕਾਂਸੇ ਦਾ ਤਗ਼ਮਾ ਜਿੱਤਿਆ।