ਆਜ਼ਾਦੀ ਦਿਹਾੜਾ: ਰਾਜਧਾਨੀ ’ਚ ਚੌਕਸੀ ਵਧਾਈ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 10 ਅਗਸਤ
ਆਜ਼ਾਦੀ ਦਿਵਸ ਮੌਕੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈਲ ਦਿੱਲੀ ਸਮੇਤ ਨੇੜੇ ਦੇ ਇਲਾਕਿਆਂ (ਐੱਨਸੀਆਰ) ਵਿੱਚ ਸੁਰੱਖਿਆ ਏਜੰਸੀਆਂ ਵੱਲੋਂ ਚੌਕਸੀ ਵਰਤੀ ਜਾ ਰਹੀ ਹੈ ਤੇ ਸੁਰੱਖਿਆ ਬੰਦੋਬਸਤ ਕੀਤੇ ਜਾ ਰਹੇ ਹਨ। ਦਿੱਲੀ, ਫਰੀਦਾਬਾਦ, ਗੁਰੂਗਰਾਮ, ਨੋਇਡਾ, ਗਾਜ਼ੀਆਬਾਦ, ਸੋਨੀਪਤ, ਬਹਾਦਰਗੜ੍ਹ ਦੀਆਂ ਹੱਦਾਂ ਉਤੇ ਨਿਗਰਾਨੀ ਰੱਖੀ ਜਾ ਰਹੀ ਹੈ। ਸੁਤੰਤਰਤਾ ਦਿਵਸ ਤੋਂ ਪਹਿਲਾਂ ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਤਲਾਸ਼ੀ ਅਭਿਆਨ ਚਲਾਇਆ ਅਤੇ ਸ਼ਹਿਰ ਦੇ ਸਾਰੇ ਹੋਟਲਾਂ, ਮਾਲਾਂ, ਕੈਫੇ ਤੇ ਬਾਜ਼ਾਰਾਂ ਦੀ ਸੂਚੀ ਤਿਆਰ ਕੀਤੀ ਜਿਨ੍ਹਾਂ ਵਿੱਚ ਸੁਰੱਖਿਆ ਪ੍ਰਬੰਧਾਂ ਦੀ ਘਾਟ ਹੈ। ਪੁਲੀਸ ਮੁਤਾਬਕ ਆਜ਼ਾਦੀ ਦਿਵਸ ਮੌਕੇ ਇਨ੍ਹਾਂ ਥਾਵਾਂ ਨੂੰ ਜਨਤਾ ਲਈ ਅਸੁਰੱਖਿਅਤ ਕਰਾਰ ਦਿੱਤਾ ਗਿਆ ਹੈ। ਗੜਬੜੀ ਪੈਦਾ ਕਰਨ ਲਈ ਵੱਖ-ਵੱਖ ਅਤਿਵਾਦੀ ਸਮੂਹਾਂ ਵੱਲੋਂ ਵਧੇ ਹੋਏ ਖਤਰੇ ਨੂੰ ਧਿਆਨ ਵਿੱਚ ਰੱਖਦੇ ਹੋਏ ਸਪੈਸ਼ਲ ਸੈੱਲ (ਦਿੱਲੀ ਪੁਲੀਸ) ਦੀਆਂ 35 ਟੀਮਾਂ ਸੰਵੇਦਨਸ਼ੀਲ ਖੇਤਰਾਂ ਦੀ ਤਲਾਸ਼ੀ ਲੈਣ ਦਾ ਅਭਿਆਸ ਕਰ ਰਹੀਆਂ ਹਨ। ਇਸ ਦੌਰਾਨ ਕਈ ਥਾਈਂ ਖਾਮੀਆਂ ਨਜ਼ਰ ਆਈਆਂ। ਸਪੈਸ਼ਲ ਸੈੱਲ ਦੇ ਅਧਿਕਾਰੀ ਨੇ ਕਿਹਾ ਕਿ ਉਸ ਨੇ ਸਥਾਨਕ ਪੁਲੀਸ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣੇ ਅਧਿਕਾਰੀਆਂ ਨੂੰ ਸੂਚੀ ਬਾਰੇ ਜਾਣਕਾਰੀ ਦੇਣ ਅਤੇ ਕਮੀਆਂ ਨੂੰ ਸੁਧਾਰਨ ਲਈ ਅਦਾਰਿਆਂ ਨੂੰ ਸਲਾਹ ਦੇਣ। ਇਸ ਵਿੱਚ ਕਿਹਾ ਗਿਆ ਹੈ ਕਿ ਸਾਰੇ ਅਧਿਕਾਰੀਆਂ ਵੱਲੋਂ ਇੱਕ ਰਿਪੋਰਟ ਸੀਨੀਅਰ ਅਧਿਕਾਰੀਆਂ ਨੂੰ ਦਿੱਤੀ ਜਾਣੀ ਚਾਹੀਦੀ ਹੈ ਜੋ ਇਨ੍ਹਾਂ ਸਥਾਨਾਂ ਦੇ ਸੁਰੱਖਿਆ ਪ੍ਰਬੰਧਾਂ ਨੂੰ ਨਜ਼ਰਅੰਦਾਜ਼ ਕਰ ਰਹੇ ਹਨ। ਸਾਰੇ ਖੇਤਰ ਦੇ ਡਿਪਟੀ ਪੁਲੀਸ ਕਮਿਸ਼ਨਰਾਂ ਨੂੰ ਲਿਖੇ ਪੱਤਰ ਵਿੱਚ ਸਪੈਸ਼ਲ ਸੈੱਲ ਨੇ ਕਿਹਾ ਕਿ ਅਜਿਹੇ 52 ਅਦਾਰਿਆਂ ਵਿੱਚ ਇਹ ਕਮੀਆਂ ਹਨ ਜਿਨ੍ਹਾਂ ਨੂੰ ਦੂਰ ਕਰਨ ਦੀ ਲੋੜ ਹੈ।
ਰਾਜਘਾਟ, ਆਈਟੀਓ ਅਤੇ ਲਾਲ ਕਿਲੇ ਨੇੜੇ ਧਾਰਾ 144 ਲਾਗੂ
ਨਵੀਂ ਦਿੱਲੀ (ਪੱਤਰ ਪ੍ਰੇਰਕ): ਸੁਤੰਤਰਤਾ ਦਿਵਸ ਤੋਂ ਪਹਿਲਾਂ, ਦਿੱਲੀ ਪੁਲੀਸ ਨੇ ਵੀਰਵਾਰ ਨੂੰ ਰਾਜਘਾਟ, ਆਈਟੀਓ ਅਤੇ ਲਾਲ ਕਿਲ੍ਹੇ ਵਰਗੇ ਖੇਤਰਾਂ ਦੇ ਨੇੜੇ ਸੀਆਰਪੀਸੀ ਦੀ ਧਾਰਾ 144 ਦੇ ਤਹਿਤ ਮਨਾਹੀ ਦੇ ਹੁਕਮ ਲਾਗੂ ਕੀਤੇ। ਦਿੱਲੀ ਪੁਲੀਸ ਨੇ ‘ਐਕਸ’ ਉੱਤੇ ਕਿਹਾ ਕਿ ਸੁਤੰਤਰਤਾ ਦਿਵਸ ਦੇ ਜਸ਼ਨਾਂ ਦੇ ਮੱਦੇਨਜ਼ਰ, ਰਾਜਘਾਟ, ਆਈਟੀਓ, ਲਾਲ ਕਿਲ੍ਹੇ ਆਦਿ ਦੇ ਨੇੜੇ ਦੇ ਖੇਤਰਾਂ ਵਿੱਚ ਸੀਆਰਪੀਸੀ ਦੀ ਧਾਰਾ 144 ਲਾਗੂ ਕੀਤੀ ਗਈ ਹੈ। ਇਨ੍ਹਾਂ ਖੇਤਰਾਂ ਵਿੱਚ ਕਿਸੇ ਵੀ ਤਰ੍ਹਾਂ ਦੇ ਇਕੱਠ ਦੀ ਇਜਾਜ਼ਤ ਨਹੀਂ ਹੈ। ਜ਼ਿਕਰਯੋਗ ਹੈ ਕਿ ਇਸ ਸਾਲ ਅਮਰੀਕਾ ਦੇ ਸੰਸਦ ਮੈਂਬਰਾਂ ਦਾ ਵਫ਼ਦ ਭਾਰਤ ਦੇ ਸੁਤੰਤਰਤਾ ਦਿਵਸ ਸਮਾਰੋਹ ਵਿੱਚ ਸ਼ਾਮਲ ਹੋਵੇਗਾ। 15 ਅਗਸਤ ਨੂੰ ਪ੍ਰਧਾਨ ਮੰਤਰੀ ਲਾਲ ਕਿਲੇ ਤੋਂ ਰਾਸ਼ਟਰ ਨੂੰ ਸੰਬੋਧਨ ਕਰਨਗੇ। ਸੀਮਾ ਸੁਰੱਖਿਆ ਬਲ (ਬੀਐੱਸਐੱਫ) ਘੁਸਪੈਠ ਤੇ ਤਸਕਰੀ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਲਈ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ’ਤੇ 11 ਤੋਂ 17 ਅਗਸਤ ਤੱਕ ਆਪਰੇਸ਼ਨ ਅਲਰਟ ਚਲਾਏਗਾ। ਸੀਮਾ ਸੁਰੱਖਿਆ ਬਲ (ਰਾਜਸਥਾਨ ਫਰੰਟੀਅਰ) ਦੇ ਇੰਸਪੈਕਟਰ ਜਨਰਲ ਪੁਨੀਤ ਰਸਤੋਗੀ ਨੇ ਕਿਹਾ ਕਿ ਸੁਰੱਖਿਆ ਚੌਕੀਆਂ ਦੀ ਗਿਣਤੀ ਵਧਾਈ ਜਾਵੇਗੀ ਅਤੇ ਊਠਾਂ ਦੀ ਗਸ਼ਤ ਦੇ ਨਾਲ-ਨਾਲ ਪੈਦਲ ਗਸ਼ਤ ਨੂੰ ਵੀ ਵਧਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਬੀਐੱਸਐੱਫ ਨੇ ਆਜ਼ਾਦੀ ਦਿਵਸ ਤੋਂ ਪਹਿਲਾਂ ਆਪਣੀ ਚੌਕਸੀ ਵਧਾ ਦਿੱਤੀ ਹੈ।
ਫਰੀਦਾਬਾਦ ਵਿੱਚ ਖੋਜੀ ਕੁੱਤਿਆਂ ਨਾਲ ਤਲਾਸ਼ੀ ਮੁਹਿੰਮ
ਫਰੀਦਾਬਾਦ (ਪੱਤਰ ਪ੍ਰੇਰਕ): ਸੁਤੰਤਰਤਾ ਦਿਵਸ ’ਤੇ ਸੁਰੱਖਿਆ ਦੇ ਮੱਦੇਨਜ਼ਰ ਬੰਬ ਸਕੁਐਡ ਅਤੇ ਡਾਗ ਸਕੁਐਡ ਦੀ ਟੀਮ ਨੇ ਸੈਕਟਰ 12 ਵਿੱਚ ਤਲਾਸ਼ੀ ਅਭਿਆਨ ਚਲਾਇਆ। ਫਰੀਦਾਬਾਦ ਪੁਲੀਸ ਵੱਲੋਂ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਜਾਂਚ ਕੀਤੀ ਜਾ ਰਹੀ ਹੈ। ਹੋਟਲਾਂ, ਰੈਸਟੋਰੈਂਟਾਂ, ਧਰਮਸ਼ਾਲਾਵਾਂ, ਬੱਸ ਸਟੈਂਡਾਂ, ਰੇਲਵੇ ਸਟੇਸ਼ਨਾਂ, ਮੈਟਰੋ ਸਟੇਸ਼ਨਾਂ, ਰਿਜ਼ੋਰਟਾਂ ਆਦਿ ਵਿੱਚ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾ ਕੇ ਸ਼ੱਕੀ ਵਿਅਕਤੀਆਂ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਅੱਜ ਬੰਬ ਸਕੁਐਡ ਅਤੇ ਡਾਗ ਸਕੁਐਡ ਦੀ ਟੀਮ ਨੇ ਸੈਕਟਰ 12 ਦੇ ਮਿੰਨੀ ਸਕੱਤਰੇਤ, ਕੋਰਟ ਕੰਪਲੈਕਸ, ਡੀਸੀ ਦਫਤਰ, ਡੀਸੀਪੀ ਦਫਤਰ, ਐੱਸਡੀਐੱਮ ਦਫਤਰ, ਕਾਨਫਰੰਸ ਅਤੇ ਕਨਵੈਨਸ਼ਨ ਹਾਲ, ਸੈਕਟਰ 16 ਸਰਕਟ ਰੈਸਟ ਹਾਊਸ ਆਦਿ ਵਿੱਚ ਤਲਾਸ਼ੀ ਲਈ। ਇਮਾਰਤ ਦੇ ਨਾਲ-ਨਾਲ ਪਾਰਕਿੰਗ ਖੇਤਰ ਵਿੱਚ ਖੜ੍ਹੇ ਵਾਹਨਾਂ ਦੀ ਵੀ ਚੈਕਿੰਗ ਕੀਤੀ ਗਈ।
ਦਿੱਲੀ ਹਵਾਈ ਅੱਡੇ ’ਤੇ ਕੁੱਝ ਉਡਾਣਾਂ ’ਤੇ ਪਾਬੰਦੀਆਂ ਲਾਗੂ
ਨਵੀਂ ਦਿੱਲੀ (ਪੱਤਰ ਪ੍ਰੇਰਕ): ਇੱਥੇ 15 ਅਗਸਤ ਨੂੰ ਸਵੇਰੇ ਅਤੇ ਸ਼ਾਮ ਦੇ ਖਾਸ ਘੰਟਿਆਂ ਲਈ ਗੈਰ-ਅਨੁਸੂਚਿਤ ਉਡਾਣਾਂ ਨੂੰ ਦਿੱਲੀ ਹਵਾਈ ਅੱਡੇ ’ਤੇ ਉਤਰਨ ਜਾਂ ਉਡਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇੱਕ ਅਧਿਕਾਰੀ ਅਨੁਸਾਰ ਦੇਸ਼ ਦੇ ਸਭ ਤੋਂ ਵੱਡੇ ਹਵਾਈ ਅੱਡੇ, ਦਿੱਲੀ ਹਵਾਈ ਅੱਡੇ ’ਤੇ ਆਜ਼ਾਦੀ ਦਿਵਸ ’ਤੇ ਨਿਰਧਾਰਤ ਉਡਾਣਾਂ ਦੀ ਆਵਾਜਾਈ ’ਤੇ ਕੋਈ ਅਸਰ ਨਹੀਂ ਪਵੇਗਾ। ਅਧਿਕਾਰੀ ਨੇ ਕਿਹਾ ਕਿ 15 ਅਗਸਤ ਨੂੰ ਸਵੇਰੇ 6 ਤੋਂ 10 ਵਜੇ ਅਤੇ ਸ਼ਾਮ 4 ਤੋਂ ਸ਼ਾਮ 7 ਵਜੇ ਤੱਕ ਸ਼ੈਡਿਊਲ ਏਅਰਲਾਈਨਜ਼ ਅਤੇ ਚਾਰਟਰਡ ਉਡਾਣਾਂ ਦੀਆਂ ਗੈਰ-ਨਿਰਧਾਰਤ ਉਡਾਣਾਂ ਲਈ ਲੈਂਡਿੰਗ ਜਾਂ ਟੇਕ-ਆਫ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਸਬੰਧ ਵਿੱਚ ਏਅਰੋਨੌਟੀਕਲ ਇਨਫਰਮੇਸ਼ਨ ਸਰਵਿਸਿਜ਼ (ਏਆਈਐਸ) ਦੁਆਰਾ ਇੱਕ ‘ਨੋਟਮ’ (ਏਅਰਮੈਨ ਨੂੰ ਨੋਟਿਸ) ਜਾਰੀ ਕੀਤਾ ਗਿਆ ਹੈ ਜੋ ਏਅਰਪੋਰਟ ਅਥਾਰਿਟੀ ਆਫ ਇੰਡੀਆ (ਏਏਆਈ) ਦੇ ਅਧੀਨ ਆਉਂਦਾ ਹੈ। ਨੋਟਮ ਭਾਰਤੀ ਹਵਾਈ ਸੈਨਾ, ਸੀਮਾ ਸੁਰੱਖਿਆ ਬਲ ਤੇ ਆਰਮੀ ਹੈਲੀਕਾਪਟਰਾਂ ਦੀਆਂ ਉਡਾਣਾਂ ਲਈ ਲਾਗੂ ਨਹੀਂ ਹੋਵੇਗਾ। ਸਰਕਾਰੀ ਮਾਲਕੀ ਵਾਲੇ ਜਹਾਜ਼ਾਂ ਤੇ ਹੈਲੀਕਾਪਟਰਾਂ ਨੂੰ ਰਾਜ ਦੇ ਰਾਜਪਾਲ ਜਾਂ ਮੁੱਖ ਮੰਤਰੀ ਦੇ ਨਾਲ ਉਡਾਣ ਭਰਨ ਦੀ ਇਜਾਜ਼ਤ ਹੋਵੇਗੀ।