ਰਾਜ ਮਾਰਗ ਰੋਕਣ ਦੇ ਦੋਸ਼ ਹੇਠ ਪੰਜ ਖ਼ਿਲਾਫ਼ ਕੇਸ ਦਰਜ
ਸਤਪਾਲ ਰਾਮਗੜ੍ਹੀਆ
ਪਿਹੋਵਾ, 11 ਜੂਨ
ਕੁਰੂਕਸ਼ੇਤਰ ਰੋਡ ’ਤੇ ਰਾਜ ਮਾਰਗ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਪੁਲੀਸ ਨੇ ਪੰਜ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਪੀਡਬਲਿਊਡੀ ਦੇ ਐੱਸਡੀਓ ਸੁਰਿੰਦਰ ਕੁਮਾਰ ਦੀ ਸ਼ਿਕਾਇਤ ’ਤੇ, ਸਟੇਟ ਹਾਈਵੇਅ-6 ਨੂੰ ਰੋਕਣ ਦੇ ਦੋਸ਼ ਵਿੱਚ ਸਿਆਲਕੋਟੀ ਫਾਰਮ ਦੇ ਬਲਵਿੰਦਰ ਸਿੰਘ, ਨਰਿੰਦਰ ਸਿੰਘ, ਵਿਪਿਨ ਸਿੰਘ, ਦਲਜੀਤ ਸਿੰਘ, ਅੰਮ੍ਰਿਤਪਾਲ ਸਿੰਘ ਅਤੇ ਹੋਰਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਲੋਕਾਂ ਨੇ ਹਾਈਵੇਅ ’ਤੇ ਕੰਧ ਬਣਾ ਕੇ ਅਤੇ ਟਰੈਕਟਰ ਟਰਾਲੀ ਖੜ੍ਹੀ ਕਰਕੇ ਸੜਕ ਨੂੰ ਰੋਕਿਆ। ਇਸ ਕਾਰਨ ਜਾਮ ਲੱਗ ਗਿਆ ਅਤੇ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਪ੍ਰਸ਼ਾਸਨ ਨੇ ਵਾਹਨਾਂ ਨੂੰ ਦੂਜੇ ਰਸਤੇ ਰਾਹੀਂ ਜਾਮ ਤੋਂ ਬਾਹਰ ਕੱਢਿਆ। ਦੂਜੇ ਪਾਸੇ, ਸਮਾਜ ਸੇਵਕ ਜਸਵਿੰਦਰ ਸਿੰਘ ਖਹਿਰਾ ਨੇ ਪੁਲੀਸ ’ਤੇ ਕਿਸਾਨ ਬਲਵਿੰਦਰ ਸਿੰਘ ਅਤੇ ਉਸ ਦੇ ਹੋਰ ਸਾਥੀਆਂ ਨਾਲ ਦੁਰਵਿਵਹਾਰ ਕਰਨ ਦਾ ਦੋਸ਼ ਲਗਾਇਆ ਹੈ। ਸ੍ਰੀ ਖਹਿਰਾ ਨੇ ਰਾਜ ਮਾਰਗ ‘ਤੇ ਪਹੁੰਚ ਕੇ ਦੱਸਿਆ ਕਿ ਸਦਰ ਥਾਣੇ ਦੇ ਐੱਸਐੱਚਓ ਨੇ ਮੌਕੇ ’ਤੇ ਬਲਵਿੰਦਰ ਸਿੰਘ ਅਤੇ ਉਸ ਦੇ ਸਾਥੀਆਂ ਨਾਲ ਬਦਸਲੂਕੀ ਕੀਤੀ। ਉਨ੍ਹਾਂ ਕਿਹਾ ਕਿ ਰਾਜ ਮਾਰਗ ‘ਤੇ ਕੰਧ ਬਣਾਉਣ ਤੋਂ ਪਹਿਲਾਂ ਬਲਵਿੰਦਰ ਸਿੰਘ ਨੇ ਨਾਲ ਲੱਗਦੇ ਖੇਤ ਤੋਂ ਵਾਹਨਾਂ ਦੀ ਆਵਾਜਾਈ ਲਈ ਰਸਤਾ ਬਣਾਇਆ ਸੀ ਪਰ ਪੁਲੀਸ ਨੇ ਬਲਵਿੰਦਰ ਸਿੰਘ ਦੀ ਗੱਲ ਨਹੀਂ ਸੁਣੀ ਅਤੇ ਉਸ ਨਾਲ ਦੁਰਵਿਵਹਾਰ ਕੀਤਾ ਅਤੇ ਉਲਟਾ ਉਸ ਵਿਰੁੱਧ ਕੇਸ ਦਰਜ ਕਰ ਲਿਆ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਬਲਵਿੰਦਰ ਸਿੰਘ ਅਤੇ ਉਸ ਦੇ ਸਾਥੀਆਂ ਸਣੇ ਐਸਪੀ ਕੋਲ ਪੇਸ਼ ਹੋਣਗੇ ਅਤੇ ਦੁਰਵਿਵਹਾਰ ਕਰਨ ਵਾਲੇ ਪੁਲੀਸ ਅਧਿਕਾਰੀ ਵਿਰੁੱਧ ਕਾਰਵਾਈ ਦੀ ਮੰਗ ਕਰਨਗੇ।