ਟ੍ਰਾਈਸਿਟੀ ’ਚ ਤਿੰਨ ਦਿਨ ਹੋਰ ਰਹੇਗਾ ਗਰਮੀ ਦਾ ਕਹਿਰ
ਚੰਡੀਗੜ੍ਹ, 11 ਜੂਨ
ਚੰਡੀਗੜ੍ਹ ਟ੍ਰਾਈਸਿਟੀ ਵਿੱਚ ਗਰਮੀ ਲਗਾਤਾਰ ਵਧਦੀ ਜਾ ਰਹੀ ਹੈ, ਜਿਸ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ, ਜਦੋਂ ਕਿ ਇਹੀ ਹਾਲ ਅਗਲੇ ਦਿਨ ਦਿਨ ਹਰੇਗਾ। ਗਰਮੀ ਵਧਣ ਕਰਕੇ ਸ਼ਹਿਰ ਦੀਆਂ ਸੜਕਾਂ ’ਤੇ ਸੰਨਾਟਾ ਪਸਰਿਆ ਹੋਇਆ ਹੈ, ਲੋਕ ਆਮ ਨਾਲੋਂ ਘੱਟ ਗਿਣਤੀ ਵਿੱਚ ਬਾਹਰ ਨਿਕਲ ਰਹੇ ਹਨ। ਉਧਰ ਮੌਸਮ ਵਿਭਾਗ ਨੇ ਚੰਡੀਗੜ੍ਹ ਟ੍ਰਾਈਸਿਟੀ ਵਿੱਚ ਅਗਲੇ ਦੋ ਦਿਨ 12 ਤੇ 13 ਜੂਨ ਲਈ ਰੈੱਡ ਅਲਰਟ ਅਤੇ 14 ਜੂਨ ਲਈ ਓਰੈਂਜ ਅਲਰਟ ਜਾਰੀ ਕਰ ਦਿੱਤਾ ਹੈ। ਇਸ ਦੌਰਾਨ ਤਾਪਮਾਨ ਵਧਣ ਦੇ ਨਾਲ ਹੀ ਲੂ ਚੱਲੇਗੀ, ਜੋ ਕਿ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਹੋਰ ਵਾਧਾ ਕਰ ਸਕਦੀ ਹੈ। ਅੱਜ ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 41.9 ਡਿਗਰੀ ਸੈਲਸੀਅਸ ਦਰਜ ਕੀਤਾ ਹੈ, ਜੋ ਕਿ ਆਮ ਨਾਲੋਂ 3.3 ਡਿਗਰੀ ਸੈਲਸੀਅਸ ਵੱਧ ਰਿਹਾ ਹੈ। ਇਸ ਦੇ ਨਾਲ ਹੀ ਘੱਟ ਤੋਂ ਘੱਟ ਤਾਪਮਾਨ ਵੀ 31.7 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਇਹ ਵੀ ਆਮ ਨਾਲੋਂ 5.4 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਹੈ। ਗਰਮੀ ਵਧਣ ਕਰਕੇ ਸ਼ਹਿਰ ਵਿੱਚ ਘੁੰਮਣ ਵਾਲੀਆਂ ਥਾਵਾਂ ’ਤੇ ਵੀ ਸੈਲਾਨੀਆਂ ਦੀ ਗਿਣਤੀ ਘੱਟ ਗਈ ਹੈ। ਅੱਜ ਗਰਮੀ ਕਰਕੇ ਸੁਖਨਾ ਝੀਲ, ਰਾਕ ਗਾਰਡਨ, ਰੋਜ਼ ਗਾਰਡਨ ਸਣੇ ਹੋਰਨਾਂ ਥਾਵਾਂ ’ਤੇ ਸੰਨਾਟਾ ਪਸਰਿਆ ਹੋਇਆ ਸੀ। ਸਵੇਰੇ ਤੇ ਸ਼ਾਮ ਸਮੇਂ ਲੋਕ ਸੈਰ ਕਰਨ ਵੀ ਆਮ ਨਾਲੋਂ ਘੱਟ ਗਿਣਤੀ ਵਿੱਚ ਪਹੁੰਚੇ।
ਪੰਚਕੂਲਾ (ਪੀਪੀ ਵਰਮਾ): ਡਿਪਟੀ ਕਮਿਸ਼ਨਰ ਮੋਨਿਕਾ ਗੁਪਤਾ ਨੇ ਕਿਹਾ ਕਿ ਗਰਮੀ ਦੇ ਮੌਸਮ ਦੇ ਮੱਦੇਨਜ਼ਰ ਹੀਟ ਵੇਵ ਤੋਂ ਦੂਰ ਰਹਿਣਾ ਬਿਹਤਰ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੇ ਜਨਤਕ ਹਿੱਤ ਵਿੱਚ ਹੀਟ ਵੇਵ ਤੋਂ ਬਚਾਅ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ, ਜਿਸ ਦੀ ਸਿਹਤ ਸੁਰੱਖਿਆ ਬਣਾਈ ਰੱਖਣ ਲਈ ਸਾਰਿਆਂ ਨੂੰ ਪਾਲਣਾ ਕਰਨੀ ਪਵੇਗੀ।
ਚੰਡੀਗੜ੍ਹ ਵਿੱਚ ਬਿਜਲੀ ਦੀ ਮੰਗ 452 ਮੈਗਾਵਾਟ ’ਤੇ ਪਹੁੰਚੀ
ਚੰਡੀਗੜ੍ਹ ਵਿੱਚ ਗਰਮੀ ਵਧਣ ਦੇ ਨਾਲ ਹੀ ਬਿਜਲੀ ਦੀ ਮੰਗ ਵੀ ਵਧਣੀ ਸ਼ੁਰੂ ਹੋ ਗਈ ਹੈ। ਅੱਜ ਬਿਜਲੀ ਦੀ ਮੰਗ 452 ਮੈਗਾਵਾਟ ’ਤੇ ਪਹੁੰਚ ਗਈ ਹੈ, ਜੋ ਕਿ ਇਸ ਵਰ੍ਹੇ ਦੀ ਸਭ ਤੋਂ ਵੱਧ ਮੰਗ ਦਰਜ ਕੀਤੀ ਹੈ। ਲੰਘੇ ਦਿਨ ਚੰਡੀਗੜ੍ਹ ਵਿੱਚ ਬਿਜਲੀ ਦੀ ਮੰਗ 433 ਮੈਗਾਵਾਟ ਦਰਜ ਕੀਤੀ ਗਈ ਸੀ। ਹਾਲਾਂਕਿ ਪਿਛਲੇ ਸਾਲ ਗਰਮੀ ਵਧਣ ਕਰਕੇ ਸ਼ਹਿਰ ਵਿੱਚ ਬਿਜਲੀ ਦੀ ਮੰਗ 470 ਮੈਗਾਵਾਟ ਤੱਕ ਪਹੁੰਚ ਗਈ ਸੀ।
ਨੰਗਲ ’ਚ ਗਰਮੀ ਕਾਰਨ ਤਿੰਨ ਰਾਹਗੀਰ ਬੇਹੋਸ਼
ਨੰਗਲ (ਬਲਵਿੰਦਰ ਰੈਤ): ਪੰਜਾਬ ਵਿੱਚ ਗਰਮੀ ਦਾ ਕਹਿਰ ਜਾਰੀ ਹੈ। ਨੰਗਲ ਇਲਾਕੇ ਵਿੱਚ ਸਤਲੁਜ ਝੀਲ ਜਿਸ ਵਿੱਚ ਭਾਖੜਾ ਡੈਮ ਤੋੰ ਪਾਣੀ ਆਉੰਦਾ ਹੈ ਤੇ ਨੰਗਲ ਸ਼ਹਿਰ ਤੋੰ ਨਿਕਲਣ ਵਾਲੀਆਂ ਨਹਿਰਾਂ ਦਾ ਪਾਣੀ ਝੰਢਾਂ ਹੋਣ ਦੇ ਬਾਵਜੂਦ ਗਰਮੀ ਦਾ ਪਾਰਾ 43 ਡਿਗਰੀ ਨੂੰ ਪਾਰ ਗਿਆ। ਭੀੜ ਭੜੱਕੇ ਵਾਲੇ ਬਜ਼ਾਰਾਂ ਵਿੱਚ ਜਿਆਦਾ ਗਰਮੀ ਹੋਣ ਕਾਰਣ ਸੁੰਨ ਛਾਈ ਰਹੀ। 15 ਜੂਨ ਤੱਕ ਗਰਮੀ ਪੈਣ ਦਾ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ ਤੇ ਘਰਾਂ ਅੰਦਰ ਰਹਿਣ ਲਈ ਕਿਹਾ ਹੈ। ਅੱਜ ਕੜਾਕੇ ਦੀ ਧੁੱਪ ਨੇ ਦੋ ਮਹਿਲਾਵਾਂ ਅਤੇ ਇੱਕ ਵਿਅਕਤੀ ਨੂੰ ਬੇਹੋਸ਼ ਕਰ ਦਿੱਤਾ। ਇਹ ਤਿੰਨੇ ਜਣੇ ਰਾਹਗੀਰ ਦੱਸੇ ਗਏ ਹਨ ਜਿਨ੍ਹਾਂ ਨੂੰ ਅਰਾਮ ਕਰਨ ਤੋਂ ਬਾਅਦ ਆਪਣੀ ਮੰਜ਼ਿਲ ਵੱਲ ਰਵਾਨਾ ਦਿੱਤਾ ਗਿਆ। ਬੇਹੋਸ਼ ਹੋਣ ਵਾਲੇ ਹਿਮਾਚਲ ਪ੍ਰਦੇਸ਼ ’ਚ ਪੈਂਦੇ ਜ਼ਿਲ੍ਹਾ ਹਮੀਰਪੁਰ ਦੇ ਦੱਸੇ ਗਏ ਹਨ। ਦੂਜੇ ਪਾਸੇ ਕੁਝ ਸਮਾਜ ਸੇਵੀ ਜਥੇਬੰਦੀਆਂ ਨੇ ਲੋਕਾਂ ਨੂੰ ਗਰਮੀ ਤੋੰ ਰਾਹਤ ਪਾਉਣ ਲਈ ਠੰਡੇ ਤੇ ਮਿੱਠੇ ਪਾਣੀ ਦੀਆਂ ਛਬੀਲਾਂ ਲਗਾਈਆਂ ਗਈਆਂ ਹਨ। ਲੋਕ ਗਰਮੀ ਨਾਲ ਬੇਹਾਲ ਹਨ ਤੇ ਬੇਵੱਸ ਹਨ, ਇਸ ਨਾਲ ਉਨਾਂ ਦੇ ਕੰਮ ਧੰਦੇ ਨੂੰ ਵੀ ਫਰਕ ਪਿਆ ਹੈ।
ਅੰਬਾਲਾ ਦਾ ਤਾਪਮਾਨ 43 ਡਿਗਰੀ ਤੋਂ ਟੱਪਿਆ
ਅੰਬਾਲਾ (ਰਤਨ ਸਿੰਘ ਢਿੱਲੋਂ): ਅੱਜ ਅੰਬਾਲਾ ਦਾ ਤਾਪਮਾਨ 43 ਡਿਗਰੀ ਤੋਂ ਟੱਪ ਗਿਆ, ਜਿਸ ਕਾਰਨ ਲੋਕਾਂ ਲਈ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ। ਲੋਕ ਗਰਮੀ ਤੋਂ ਬਚਣ ਲਈ ਆਪਣੇ ਆਪ ਨੂੰ ਪੂਰੀ ਤਰ੍ਹਾਂ ਢੱਕ ਕੇ ਬਾਹਰ ਨਿਕਲ ਰਹੇ ਹਨ। ਕਾਲਜ ਜਾਣ ਵਾਲੀਆਂ ਵਿਦਿਆਰਥਣਾਂ ਨੇ ਕਿਹਾ ਕਿ ਗਰਮੀ ਕਾਰਨ ਉਨ੍ਹਾਂ ਲਈ ਯਾਤਰਾ ਕਰਨਾ ਮੁਸ਼ਕਲ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮਈ ਮਹੀਨੇ ਮੌਸਮ ਠੀਕ ਸੀ ਪਰ ਹੁਣ ਬਹੁਤ ਗਰਮੀ ਪੈ ਰਹੀ ਹੈ। ਸਿਵਲ ਹਸਪਤਾਲ ਅੰਬਾਲਾ ਕੈਂਟ ਦੇ ਡਾ. ਜੋਗਿੰਦਰ ਸਿੰਘ ਨੇ ਕਿਹਾ ਕਿ ਜੇ ਜ਼ਰੂਰੀ ਨਾ ਹੋਵੇ ਤਾਂ 11 ਤੋਂ 4 ਵਜੇ ਤੱਕ ਬਾਹਰ ਨਾ ਜਾਇਆ ਜਾਵੇ ਅਤੇ ਬਾਹਰ ਦਾ ਖਾਣਾ ਖਾਣ ਤੋਂ ਪਰਹੇਜ਼ ਕੀਤਾ ਜਾਵੇ।