ਰਾਜਧਾਨੀ ’ਚ ਪਹਿਲਾਂ ਵਾਂਗ ਹੜ੍ਹ ਵਰਗੀ ਸਥਿਤੀ ਨਹੀਂ ਬਣੇਗੀ: ਮੁੱਖ ਮੰਤਰੀ
ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਜੂਨ
ਮੁੱਖ ਮੰਤਰੀ ਰੇਖਾ ਗੁਪਤਾ ਨੇ ਅੱਜ ਲੋਕਾਂ ਨੂੰ ਭਰੋਸਾ ਦਿੱਤਾ ਕਿ ਕੌਮੀ ਰਾਜਧਾਨੀ 2025 ਵਿੱਚ ਹੜ੍ਹ ਵਰਗੀ ਸਥਿਤੀ ਦਾ ਸਾਹਮਣਾ ਨਹੀਂ ਕਰੇਗੀ। ਉਨ੍ਹਾਂ ਦਾਅਵਾ ਕੀਤਾ ਕਿ ਦਿੱਲੀ ਸਰਕਾਰ ਇਸ ਸਬੰਧੀ ਪੂਰੀ ਤਰ੍ਹਾਂ ਤਿਆਰ ਹੈ। ਮੁੱਖ ਮੰਤਰੀ ਨੇ ਇੱਥੇ ਦਿੱਲੀ ਸਕੱਤਰੇਤ ਵਿੱਚ ਹੜ੍ਹ ਕੰਟਰੋਲ ਯੋਜਨਾਵਾਂ ਸਬੰਧੀ ਮੀਟਿੰਗ ਵਿੱਚ ਇਹ ਐਲਾਨ ਕੀਤਾ। ਦੋ ਸਾਲ ਪਹਿਲਾਂ ਸੁਪਰੀਮ ਕੋਰਟ ਤੱਕ ਪਾਣੀ ਭਰ ਗਿਆ ਸੀ ਅਤੇ ਤਤਕਾਲੀ ਸਰਕਾਰ ਨੂੰ ਕਾਫ਼ੀ ਸ਼ਰਮਿੰਦਗੀ ਸਹਿਣੀ ਪਈ ਸੀ। ਉਦੋਂ ਵਿਰੋਧੀ ਧਿਰ ਭਾਜਪਾ ਅਤੇ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਦਰਮਿਆਨ ਦੂਸ਼ਣਬਾਜੀ ਦਾ ਦੌਰ ਵੀ ਚੱਲਿਆ ਸੀ।
ਮੀਟਿੰਗ ਮਗਰੋਂ ਮੁੱਖ ਮੰਤਰੀ ਨੇ ਦੱਸਿਆ ਕਿ ਦਿੱਲੀ ਸਰਕਾਰ ਪੂਰੀ ਤਰ੍ਹਾਂ ਤਿਆਰ ਹੈ। ਦੋ ਸਾਲ ਪਹਿਲਾਂ ਦਿੱਲੀ ਵਿੱਚ ਹੜ੍ਹ ਆਏ ਸਨ। ਉਸ ਸਮੇਂ ਬੈਰਾਜ ਦੇ ਗੇਟ ਵੀ ਨਹੀਂ ਖੁੱਲ੍ਹੇ ਸਨ ਪਰ ਹੁਣ ਦਿੱਲੀ ਸਰਕਾਰ ਤੁਹਾਨੂੰ ਭਰੋਸਾ ਦਿੰਦੀ ਹੈ ਕਿ ਇਸ ਵਾਰ ਹੜ੍ਹ ਦੀ ਸਥਿਤੀ ਪੈਦਾ ਨਹੀਂ ਹੋਵੇਗੀ। ਸਰਕਾਰ ਅਤੇ ਸਾਰੇ ਵਿਭਾਗ ਪੂਰੀ ਤਰ੍ਹਾਂ ਤਿਆਰ ਹਨ।
ਮੀਟਿੰਗ ਵਿੱਚ ਮੰਤਰੀ ਆਸ਼ੀਸ਼ ਸੂਦ ਅਤੇ ਪਰਵੇਸ਼ ਵਰਮਾ ਦੇ ਨਾਲ-ਨਾਲ ਭਾਜਪਾ ਸੰਸਦ ਮੈਂਬਰ ਰਾਮਵੀਰ ਸਿੰਘ ਬਿਧੂੜੀ ਅਤੇ ਬਾਂਸੁਰੀ ਸਵਰਾਜ ਸ਼ਾਮਲ ਸਨ। ਲੋਕ ਨਿਰਮਾਣ ਵਿਭਾਗ (ਪੀਡਬਲਿਊਡੀ), ਦਿੱਲੀ ਨਗਰ ਨਿਗਮ (ਐੱਮਸੀਡੀ), ਮਾਲੀਆ, ਸਿੰਜਾਈ ਅਤੇ ਹੜ੍ਹ ਕੰਟਰੋਲ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਵੀ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਵੱਡਿਆਂ ਨਾਲਿਆਂ ਵਿੱਚੋਂ ਗਾਰ ਕੱਢੀ ਗਈ ਹੈ ਅਤੇ ਦਿੱਲੀ ਦੀਆਂ ਨਾਲੀਆਂ ਦੀ ਸਫ਼ਾਈ ਚੱਲ ਰਹੀ ਹੈ। ਅਧਿਕਾਰੀਆਂ ਮੁਤਾਬਿਕ ਮੌਨਸੂਨ ਤੋਂ ਪਹਿਲਾਂ ਪਾਣੀ ਭਰਨ ਵਾਲੀਆਂ ਥਾਵਾਂ ਉੱਪਰ ਪ੍ਰਬੰਧ ਮੁਕੰਮਲ ਕਰ ਲਏ ਜਾਣਗੇ।