ਮੋਦੀ ਸਰਕਾਰ ਨੇ ਆਤਮ-ਨਿਰਭਰ ਭਾਰਤ ਦੀ ਨੀਂਹ ਰੱਖੀ: ਗੁੱਜਰ
ਅੰਬਾਲਾ, 11 ਜੂਨ
ਕੇਂਦਰੀ ਮੰਤਰੀ ਕ੍ਰਿਸ਼ਨਪਾਲ ਗੁੱਜਰ ਨੇ ਅੰਬਾਲਾ ਵਿੱਚ ਮੋਦੀ ਸਰਕਾਰ ਦੇ 11 ਸਾਲ ਪੂਰੇ ਹੋਣ ’ਤੇ ਕਿਹਾ ਕਿ ਇਹ ਦੌਰ ਇਤਿਹਾਸ ਵਿੱਚ ਸੁਨਹਿਰੇ ਅੱਖਰਾਂ ਨਾਲ ਲਿਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੋਦੀ ਨੇ ਦੇਸ਼ ਦੇ 140 ਕਰੋੜ ਲੋਕਾਂ ਦੀ ਮਿਹਨਤ ਅਤੇ ਤਿਆਗ ਨੂੰ ਅੱਗੇ ਲੈ ਜਾ ਕੇ ਆਤਮ-ਨਿਰਭਰ ਭਾਰਤ ਦੀ ਨੀਂਹ ਰੱਖੀ ਹੈ। ਸ੍ਰੀ ਗੁੱਜਰ ਨੇ ਕਿਹਾ ਕਿ ਪਹਿਲਾਂ ਭਾਰਤ ਆਯਾਤ ’ਤੇ ਨਿਰਭਰ ਸੀ, ਹੁਣ ‘ਮੇਕ ਇਨ ਇੰਡੀਆ’ ਰਾਹੀਂ ਨਿਰਯਾਤ ਵਿੱਚ ਆਗੂ ਬਣ ਰਿਹਾ ਹੈ। ਉਨ੍ਹਾਂ ‘ਅਪਰੇਸ਼ਨ ਸਿੰਧੂਰ’ ਨੂੰ ਨਵੇਂ ਭਾਰਤ ਦੀ ਹੌਂਸਲੇ ਭਰੀ ਤਸਵੀਰ ਕਰਾਰ ਦਿੱਤਾ।
ਹਰਿਆਣਾ ਸਰਕਾਰ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਚਿਰਾਯੂ-ਆਯੁਸ਼ਮਾਨ ਯੋਜਨਾ ਦਾ ਦਾਇਰਾ ਵਧਾਇਆ ਹੈ। ਵੱਡਿਆਂ ਦੀ ਪੈਨਸ਼ਨ 3000 ਰੁਪਏ ਕਰ ਦਿੱਤੀ ਗਈ ਹੈ। 79 ਸਰਕਾਰੀ ਕਾਲਜ ਖੋਲ੍ਹੇ ਗਏ ਹਨ ਜਿਨ੍ਹਾਂ ਵਿੱਚੋਂ 32 ਲੜਕੀਆਂ ਲਈ ਨਿਰਧਾਰਤ ਹਨ। ਉਨ੍ਹਾਂ ਕਿਹਾ ਕਿ ‘ਘਰ-ਘਰ ਘਰੇਲੂ ਗੈਸ’ ਯੋਜਨਾ ਹੇਠ 13 ਲੱਖ ਪਰਿਵਾਰਾਂ ਨੂੰ 500 ਰੁਪਏ ’ਚ ਗੈਸ ਸਿਲੰਡਰ ਦਿੱਤੇ ਜਾ ਰਹੇ ਹਨ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਰਾਣਾ, ਭਾਜਪਾ ਦੀ ਸੁਬਾਈ ਮੀਤ ਪ੍ਰਧਾਨ ਬੰਤੋ ਕਟਾਰੀਆ, ਸਾਬਕਾ ਵਿਧਾਇਕ ਪਵਨ ਸੈਣੀ, ਸਾਬਕਾ ਜਿਲਾ ਪ੍ਰਧਾਨ ਜਗਮੋਹਨ ਕੁਮਾਰ ਲਾਲ ਅਤੇ ਮੇਅਰ ਸ਼ੈਲਜਾ ਸਚਦੇਵਾ ਹਾਜ਼ਰ ਸਨ।