ਸ਼ਰਾਬ ਦੇ ਠੇਕੇ ਤੋਂ ਨਾਜਾਇਜ਼ ਦੇਸੀ ਸ਼ਰਾਬ ਬਰਾਮਦ
ਪੱਤਰ ਪ੍ਰੇਰਕ
ਸ਼ਾਹਕੋਟ, 7 ਜੂਨ
ਸਥਾਨਕ ਕਸਬੇ ਵਿੱਚ ਢੰਡੋਵਾਲ ਰੋਡ ‘ਤੇ ਸਥਿਤ ਮਾਨਵ ਸ਼ਰਾਬ ਦੇ ਠੇਕੇ ‘ਤੇ ਛਾਪਾ ਮਾਰ ਕੇ ਸ਼ਾਹਕੋਟ ਪੁਲੀਸ ਨੇ 2,81,250 ਐਮਐਲ ਨਾਜਾਇਜ਼ ਦੇਸੀ ਸ਼ਰਾਬ ਬਰਾਮਦ ਕੀਤੀ ਹੈ। ਜਾਣਕਾਰੀ ਅਨੁਸਾਰ ਇਸ ਠੇਕੇ ‘ਤੇ ਲੰਬੇ ਸਮੇਂ ਤੋਂ ਨਾਜਾਇਜ਼ ਦੇਸੀ ਸ਼ਰਾਬ ਵੇਚੀ ਜਾ ਰਹੀ ਸੀ। ਹੈਰਾਨੀ ਵਾਲੀ ਗੱਲ ਇਹ ਹੈ ਕਿ ਨਾਜਾਇਜ਼ ਦੇਸੀ ਸ਼ਰਾਬ ਵੇਚਣ ਵਾਲਿਆਂ ਨੇ ਇਸ ਦੀ ਨਾ ਤਾਂ ਸ਼ਾਹਕੋਟ ਪੁਲੀਸ ਅਤੇ ਨਾ ਹੀ ਐਕਸਾਈਜ਼ ਵਿਭਾਗ ਨੂੰ ਕੋਈ ਭਿਣਕ ਪੈਣ ਦਿੱਤੀ।
ਐੱਸਐੱਚਓ ਸ਼ਾਹਕੋਟ ਬਲਜੀਤ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਮਿਲਣ ‘ਤੇ ਉਨ੍ਹਾਂ ਨੇ ਠੇਕੇ ਦੀ ਉੱਪਰਲੀ ਮੰਜ਼ਿਲ ਤੋਂ ਨਾਜਾਇਜ਼ ਦੇਸੀ ਸ਼ਰਾਬ ਦੀਆਂ 21 ਟਿਊਬਾਂ ਬਰਾਮਦ ਕੀਤੀਆਂ। ਸ਼ਰਾਬ ਛੋਟੇ-ਛੋਟੇ ਪੈਕੇਟਾਂ ਵਿੱਚ ਵੀ ਭਰੀ ਹੋਈ ਸੀ। ਵੱਡੇ-ਵੱਡੇ ਕੈਨ ਵੀ ਬਰਾਮਦ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਦੀ ਸੂਚਨਾ ਐਕਸਾਈਜ਼ ਵਿਭਾਗ ਨੂੰ ਦੇ ਦਿੱਤੀ ਹੈ। ਇਸ ਦੌਰਾਨ ਈਟੀਓ ਹਰਜੋਤ ਸਿੰਘ, ਇੰਸਪੈਕਟਰ ਸਹਿਲ ਰੰਗਾ ਅਤੇ ਡੀਐੱਸਪੀ ਸ਼ਾਹਕੋਟ ਹਰਜੀਤ ਸਿੰਘ ਵੀ ਪਹੁੰਚ ਗਏ ਸਨ। ਡੀਐੱਸਪੀ ਨੇ ਕਿਹਾ ਕਿ ਬਰਾਮਦ ਨਾਜਾਇਜ਼ ਸ਼ਰਾਬ ਦੀ ਮਿਣਤੀ ਕਰਵਾਈ ਗਈ ਹੈ ਜੋ 2,81,250 ਐਮਐਲ ਬਣਦੀ ਹੈ। ਸ਼ਾਹਕੋਟ ਥਾਣੇ ਵਿਚ ਇਸ ਸਬੰਧੀ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਲਈ ਸ਼ਰਾਬ ਐਕਸਾਈਜ਼ ਵਿਭਾਗ ਹਵਾਲੇ ਕਰ ਦਿੱਤੀ ਗਈ ਹੈ।
ਈਟੀਓ ਨੇ ਕਿਹਾ ਕਿ ਠੇਕੇ ਉੱਪਰ ਨਾਜਾਇਜ਼ ਦੇਸੀ ਸ਼ਰਾਬ ਵੇਚ ਕੇ ਠੇਕੇਦਾਰ ਨੇ ਐਕਸਾਈਜ਼ ਵਿਭਾਗ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਠੇਕੇਦਾਰ ਖ਼ਿਲਾਫ਼ ਕੇਸ ਦਰਜ ਹੋਣ ਦੇ ਨਾਲ ਇਸ ਦਾ ਲਾਇਸੈਂਸ ਰੱਦ ਵੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਠੇਕੇਦਾਰ ਨਾਲ ਅਜੇ ਤੱਕ ਸੰਪਰਕ ਨਹੀਂ ਹੋ ਸਕਿਆ।