ਤੜਕਸਾਰ ਹੋਏ ਧਮਾਕੇ ਮਗਰੋਂ ਫਗਵਾੜਾ ਬੰਦ
ਪੱਤਰ ਪ੍ਰੇਰਕ
ਫਗਵਾੜਾ, 10 ਮਈ
ਅੱਜ ਤੜਕਸਾਰ ਇਸ ਬਲਾਕ ’ਚ ਹੋਏ ਧਮਾਕੇ ਤੋਂ ਬਾਅਦ ਪ੍ਰਸ਼ਾਸਨ ਨੇ ਸਵੇਰੇ ਹੀ ਦੁਕਾਨਦਾਰਾ ਨੂੰ ਦੁਕਾਨਾਂ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਜਿਸ ਕਾਰਨ ਸ਼ਹਿਰ ਬੰਦ ਹੋ ਗਿਆ।
ਜਿਲ੍ਹਾ ਪ੍ਰਸ਼ਾਸਨ ਦੇ ਇਨ੍ਹਾਂ ਹੁਕਮਾ ਸਬੰਧੀ ਪੁਲੀਸ ਨੇ ਸ਼ਹਿਰ ’ਚ ਅਨਾਊਸਮੈਂਟ ਕਰਵਾ ਦਿੱਤੀ ਤੇ ਦੁਕਾਨਦਾਰ ਦੁਕਾਨਾ ਬੰਦ ਕਰਕੇ ਘਰਾਂ ਨੂੰ ਚਲੇ ਗਏ ਤੇ ਫ਼ਿਰ ਪ੍ਰਸ਼ਾਸਨ ਨੇ ਮੁੜ 11.47 ’ਤੇ ਆਪਣੇ ਹੁਕਮਾ ’ਚ ਤਬਦੀਲੀ ਕਰ ਦਿੱਤੀ ਤੇ ਲੋਕਾਂ ਨੂੰ ਦੁਕਾਨਾਂ ’ਤੇ ਕੰਮ ਕਰਨ ਲਈ ਸਾਵਧਾਨੀਆਂ ਦਾ ਪਾਲਣ ਕਰਦੇ ਹੋਏ ਖੁੱਲ੍ਹ ਦਿੱਤੀ, ਪਰ ਬਹੁਤ ਘੱਟ ਦੁਕਾਨਦਾਰ ਹੀ ਵਾਪਸ ਦੁਕਾਨਾਂ ’ਤੇ ਆਏ। ਪ੍ਰਸ਼ਾਸਨ ਦੇ ਇਸ ਫ਼ੈਸਲੇ ਦੀ ਲੋਕਾਂ ’ਚ ਹੈਰਾਨੀ ਵੀ ਪਾਈ ਗਈ। ਪਿੰਡਾਂ ਤੋਂ ਆਉਣ ਵਾਲੇ ਕਈ ਗਾਹਕ ਬਾਜ਼ਾਰ ਬੰਦ ਹੋਣ ਕਰਕੇ ਘਰਾ ਨੂੰ ਵਾਪਸ ਚਲੇ ਗਏ। ਮੈਡੀਕਲ ਸਟੋਰਾਂ ’ਤੇ ਕਰਿਆਨੇ ਦੀਆਂ ਦੁਕਾਨਾਂ ’ਤੇ ਲੋਕਾਂ ਦਾ ਤਾਂਤਾ ਲੱਗਿਆ ਰਿਹਾ।
ਏਡੀਸੀ ਡਾ. ਅਕਸ਼ਿਤਾ ਗੁਪਤਾ ਨੇ ਗੱਲਬਾਤ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਮਨ ’ਚ ਕਿਸੇ ਤਰ੍ਹਾਂ ਦੀ ਕੋਈ ਘਬਰਾਹਟ ਨਾ ਰੱਖਣ ਤੇ ਹਾਲਾਤ ਬਿਲਕੁਲ ਕਾਬੂ ਹੇਠ ਹਨ ਤੇ ਲੋਕ ਬਿਨਾਂ ਕੰਮ ਤੋਂ ਘਰਾਂ ’ਚੋਂ ਬਾਹਰ ਨਾ ਨਿਕਲਣ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਸੂਚਨਾ ਦੇਣ ਲਈ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ ਜਿਸ ’ਤੇ ਲੋਕ ਸੂਚਨਾ ਦੇ ਸਕਦੇ ਹਨ।