ਭਾਰਤ-ਪਾਕਿ ਸਰਹੱਦ ’ਤੇ ਵਧ ਰਹੇ ਤਣਾਅ ’ਤੇ ਚਿੰਤਾ ਪ੍ਰਗਟ
ਜਲੰਧਰ(ਹਤਿੰਦਰ ਮਹਿਤਾ): ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੈਸੀ ਦੀ ਪੰਜਾਬ ਰਾਜ ਕਮੇਟੀ ਨੇ ਭਾਰਤ-ਪਾਕਿਸਤਾਨ ਸਰਹੱਦ ’ਤੇ ਇੱਕ ਦੂਜੇ ਉੱਪਰ ਹੋ ਰਹੇ ਹਮਲਿਆਂ ਨਾਲ ਵਧ ਰਹੇ ਤਣਾਅ ਉੱਪਰ ਚਿੰਤਾ ਪ੍ਰਗਟ ਕੀਤੀ। ਪਾਰਟੀ ਵੱਲੋਂ ਸੂਬਾ ਆਗੂ ਕਾਮਰੇਡ ਅਜਮੇਰ ਸਿੰਘ ਨੇ ਜਾਰੀ ਇੱਕ ਬਿਆਨ ਰਾਹੀਂ ਕਿਹਾ ਕਿ ਸੰਭਾਵਤ ਜੰਗ ਦੋਵਾਂ ਦੇਸ਼ਾਂ ਦੇ ਆਮ ਲੋਕਾਂ ਦੇ ਹਿੱਤ ਵਿੱਚ ਨਹੀਂ ਹੈ। ਵਾਦ-ਵਿਵਾਦ ਦੇ ਮੁੱਦਿਆਂ ਨੂੰ ਗੱਲਬਾਤ ਅਤੇ ਕੂਟਨੀਤਕ ਪੱਧਰ ’ਤੇ ਹੱਲ ਕੀਤਾ ਜਾਣਾ ਚਾਹੀਦਾ ਹੈ। ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਆਪਣੀਆਂ ਅਸਫ਼ਲਤਾਵਾਂ ਨੂੰ ਛੁਪਾਉਣ ਲਈ ਪੈਦਾ ਹੋਈ ਮੌਜੂਦਾ ਸਥਿਤੀ ਲਈ ਇੱਕ ਦੂਜੇ ਨੂੰ ਦੋਸ਼ੀ ਠਹਿਰਾ ਰਹੀਆਂ ਹਨ। ਪਾਰਟੀ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦਰਮਿਆਨ ਜੰਗ ਦੋਵੇਂ ਮੁਲਕਾਂ ਦੇ ਆਮ ਲੋਕਾਂ ਦੇ ਹਿੱਤਾਂ ਵਿਰੁੱਧ ਹੈ, ਖ਼ਾਸਕਰ ਜੰਗ ਦੋਨਾਂ ਦੇਸ਼ਾਂ ਦੇ ਸਰਹੱਦੀ ਸੂਬਿਆਂ ਵਿੱਚ ਰਹਿਣ ਵਾਲੇ ਲੋਕਾਂ ਲਈ ਵਿਸ਼ੇਸ਼ ਤੌਰ ਉੱਤੇ ਤਬਾਹਕੁਨ ਸਾਬਿਤ ਹੋਵੇਗੀ। ਉਨ੍ਹਾਂ ਨੇ ਪਹਿਲਗਾਮ ਦੀ ਦੁੱਖਦਾਈ ਘਟਨਾ ਦੀ ਨਿੰਦਿਆ ਕਰਦਿਆਂ ਇਸਦੀ ਉੱਚ ਪੱਧਰੀ ਨਿਰਪੱਖ ਜਾਂਚ ਕਰਨ ਦੀ ਮੰਗ ਕੀਤੀ। ਉਨ੍ਹਾਂ ਦੋਨਾਂ ਦੇਸ਼ਾਂ ਵਲੋਂ ਹਮਲੇ ਫੌਰੀ ਬੰਦ ਕਰਨ, ਸਰਹੱਦ ਉੱਪਰ ਤਣਾਅ ਘਟਾਉਣ ਅਤੇ ਗੱਲਬਾਤ ਕਰਨ ਲਈ ਦੋਹਾਂ ਸਰਕਾਰਾਂ ਨੂੰ ਸੁਝਾਅ ਦਿੱਤਾ।