Hotel brawl case ਮਲਾਇਕਾ ਅਰੋੜਾ ਖਿਲਾਫ਼ ਮੁੜ ਜ਼ਮਾਨਤੀ ਵਾਰੰਟ ਜਾਰੀ
ਮੁੰਬਈ, 8 ਅਪਰੈਲ
Court re-issues bailable warrant against Malaika Arora ਮੁੰਬਈ ਕੋਰਟ ਨੇ 2012 ਵਿਚ ਇਕ ਪੰਜ ਤਾਰਾ ਹੋਟਲ ਵਿਚ ਅਦਾਕਾਰ ਸੈਫ਼ ਅਲੀ ਖ਼ਾਨ ਵੱਲੋਂ ਐੱਨਆਰਆਈ ਕਾਰੋਬਾਰੀ ’ਤੇ ਕਥਿਤ ਹਮਲੇ ਨਾਲ ਜੁੜੇ ਕੇਸ ਵਿਚ ਅਦਾਕਾਰਾ ਮਲਾਇਕਕਾ ਅਰੋੜਾ ਖਿਲਾਫ਼ ਮੁੜ ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਅਰੋੜਾ ਇਸ ਕੇਸ ਵਿਚ ਗਵਾਹ ਵਜੋਂ ਪੇਸ਼ ਹੋਣ ’ਚ ਨਾਕਾਮ ਰਹੀ ਸੀ। ਕਾਬਿਲੇਗੌਰ ਹੈ ਕਿ ਮਲਾਇਕਾ ਅਰੋੜਾ ਉਸ ਸਮੂਹ ਦਾ ਹਿੱਸਾ ਸੀ, ਜੋ ਸੈਫ ਅਲੀ ਖ਼ਾਨ ਨਾਲ ਰਾਤ ਦੇ ਖਾਣੇ ਲਈ ਹੋਟਲ ਗਿਆ ਸੀ। ਇਹ ਕਥਿਤ ਘਟਨਾ 22 ਫਰਵਰੀ 2012 ਦੀ ਹੈ।
ਚੀਫ਼ ਜੁਡੀਸ਼ਲ ਮੈਜਿਸਟਰੇਟ (ਐਸਪਲਾਨੇਡ ਕੋਰਟ) ਕੇ.ਐੱਸ.ਜ਼ੰਵਰ ਮੌਜੂਦਾ ਸਮੇਂ ਇਸ ਕੇਸ ਵਿਚ ਗਵਾਹਾਂ ਦੇ ਬਿਆਨ ਦਰਜ ਕਰ ਰਹੇ ਹਨ। ਇਸ ਤੋਂ ਪਹਿਲਾਂ ਕੋਰਟ ਨੇ 15 ਫਰਵਰੀ ਨੂੰ ਅਰੋੜਾ ਖਿਲਾਫ਼ ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ, ਪਰ ਜਦੋਂ ਅਦਾਕਾਰਾ ਕੋਰਟ ਅੱਗੇ ਪੇਸ਼ ਨਹੀਂ ਹੋਈ ਤਾਂ ਸੋਮਵਾਰ ਨੂੰ ਵਾਰੰਟ ਮੁੜ ਜਾਰੀ ਕੀਤਾ ਗਿਆ ਹੈ। ਇਸ ਕੇਸ ਉੱਤੇ ਅਗਲੀ ਸੁਣਵਾਈ 29 ਅਪਰੈਲ ਨੂੰ ਹੋਵੇਗੀ।
ਕਾਰੋਬਾਰੀ ਇਕਬਾਲ ਮੀਰ ਸ਼ਰਮਾ ਦੀ ਸ਼ਿਕਾਇਤ ’ਤੇ ਸੈਫ਼ ਅਲੀ ਖ਼ਾਨ ਤੇ ਦੋ ਹੋਰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਹਾਲਾਂਕਿ ਮਗਰੋਂ ਤਿੰਨਾਂ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ। ਜਦੋਂ ਇਹ ਝਗੜਾ ਹੋਇਆ ਉਦੋਂ ਹੋਟਲ ਵਿਚ ਸੈਫ਼ ਨਾਲ ਉਸ ਦੀ ਪਤਨੀ ਕਰੀਨਾ ਕਪੂਰ, ਭੈਣ ਕਰਿਸ਼ਮਾ ਕਪੂਰ, ਮਲਾਇਕਾ ਅਰੋੜਾ, ਅੰਮ੍ਰਿਤਾ ਅਰੋੜਾ ਤੇ ਕੁਝ ਪੁਰਸ਼ ਮਿੱਤਰ ਸਨ।
ਪੁਲੀਸ ਮੁਤਾਬਕ ਜਦੋਂ ਸ਼ਰਮਾ ਨੇ ਅਦਾਕਾਰ ਅਤੇ ਉਸ ਦੇ ਦੋਸਤਾਂ ਵੱਲੋੋਂ ਪਾਏ ਜਾ ਰਹੇ ਰੌਲੇ-ਰੱਪੇ ਦਾ ਵਿਰੋਧ ਕੀਤਾ, ਤਾਂ ਸੈਫ ਨੇ ਕਥਿਤ ਤੌਰ ’ਤੇ ਉਸ ਨੂੰ ਧਮਕੀ ਦਿੱਤੀ ਅਤੇ ਬਾਅਦ ਵਿੱਚ ਸ਼ਰਮਾ ਦੇ ਨੱਕ ’ਤੇ ਮੁੱਕਾ ਮਾਰਿਆ, ਜਿਸ ਨਾਲ ਉਸ ਦੇ ਨੱਕ ਦੀ ਹੱਡੀ ਟੁੱਟ ਗਈ। ਐੱਨਆਰਆਈ ਕਾਰੋਬਾਰੀ ਨੇ ਸੈਫ ਅਤੇ ਉਸ ਦੇ ਦੋਸਤਾਂ ’ਤੇ ਉਸ ਦੇ ਸਹੁਰੇ ਰਮਨ ਪਟੇਲ ਨੂੰ ਮਾਰਨ ਦਾ ਵੀ ਦੋਸ਼ ਲਗਾਇਆ।
ਦੂਜੇ ਪਾਸੇ ਸੈਫ ਨੇ ਦਾਅਵਾ ਕੀਤਾ ਹੈ ਕਿ ਸ਼ਰਮਾ ਨੇ ਭੜਕਾਊ ਬਿਆਨ ਦਿੱਤੇ ਅਤੇ ਉਸ ਨਾਲ ਆਈਆਂ ਮਹਿਲਾਵਾਂ ਖਿਲਾਫ਼ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ, ਜਿਸ ਕਾਰਨ ਹੰਗਾਮਾ ਹੋਇਆ। ਸੈਫ ਅਤੇ ਉਸ ਦੇ ਦੋ ਦੋਸਤਾਂ - ਸ਼ਕੀਲ ਲੱਦਾਕ ਅਤੇ ਬਿਲਾਲ ਅਮਰੋਹੀ - ਨੂੰ ਭਾਰਤੀ ਦੰਡ ਸੰਹਿਤਾ ਦੀ ਧਾਰਾ 325 (ਹਮਲਾ) ਤਹਿਤ ਚਾਰਜਸ਼ੀਟ ਕੀਤਾ ਗਿਆ ਹੈ। -ਪੀਟੀਆਈ