ਕਲੈਟ ਯੂਜੀ-2025: ਅਦਾਲਤ ਵੱਲੋਂ ਨਤੀਜੇ ਮੁੜ ਪ੍ਰਕਾਸ਼ਿਤ ਕਰਨ ਦਾ ਹੁਕਮ
ਨਵੀਂ ਦਿੱਲੀ, 24 ਅਪਰੈਲ
ਦਿੱਲੀ ਹਾਈ ਕੋਰਟ ਨੇ ਅੱਜ ਕੌਮੀ ਕਾਨੂੰਨੀ ਯੂਨੀਵਰਸਿਟੀਆਂ (ਐੱਨਐੱਲਯੂ) ਦੇ ਸੰਗਠਨ ਨੂੰ ਨਿਰਦੇਸ਼ ਦਿੱਤਾ ਕਿ ਉਹ ਅੰਕ ਸੂਚੀਆਂ ਵਿੱਚ ਸੋਧ ਕਰੇ ਅਤੇ ਕਲੈਟ ਅੰਡਰ-ਗ੍ਰੈਜੂਏਟ (ਯੂਜੀ)-2025 ਲਈ ਚੁਣੇ ਉਮੀਦਵਾਰਾਂ ਦੀ ਅੰਤਿਮ ਸੂਚੀ ਚਾਰ ਹਫ਼ਤਿਆਂ ਅੰਦਰ ਮੁੜ ਜਾਰੀ ਕਰੇ। ਚੀਫ ਜਸਟਿਸ ਡੀਕੇ ਉਪਾਧਿਆਇ ਅਤੇ ਜਸਟਿਸ ਤੁਸ਼ਾਰ ਰਾਓ ਗਡੇਲਾ ਦੀ ਬੈਂਚ ਨੇ ਉਮੀਦਵਾਰਾਂ ਦੇ ਕੁੱਝ ਇਤਰਾਜ਼ਾਂ ਨੂੰ ਸਵੀਕਾਰ ਕਰ ਲਿਆ, ਜਦਕਿ ਕੁੱਝ ਨੂੰ ਖਾਰਜ ਕਰ ਦਿੱਤਾ।
ਇਹ ਫੈਸਲਾ ਸਾਂਝੀ ਕਾਨੂੰਨ ਦਾਖ਼ਲਾ ਪ੍ਰੀਖਿਆ (ਕਲੈਟ) ਅੰਡਰ-ਗ੍ਰੈਜੂਏਟ-2025 ਦੀ ਪ੍ਰਸ਼ਨੋਤਰੀ ਵਿੱਚ ਕੁਝ ਗ਼ਲਤੀਆਂ ’ਤੇ ਉਂਗਲ ਉਠਾਉਣ ਵਾਲੀਆਂ ਪਟੀਸ਼ਨਾਂ ’ਤੇ ਆਇਆ। ਅਦਾਲਤ ਨੇ ਦਸੰਬਰ 2024 ਵਿੱਚ ਪ੍ਰੀਖਿਆ ਵਿੱਚ ਬੈਠਣ ਵਾਲੇ ਪਟੀਸ਼ਨਰ ਉਮੀਦਵਾਰਾਂ ਅਤੇ ਨੈਸ਼ਨਲ ਐਸੋਸੀਏਸ਼ਨ ਆਫ਼ ਲਾਅ ਯੂਨੀਵਰਸਿਟੀਜ਼ (ਸੀਐੱਨਐੱਲਯੂ) ਦੇ ਵਕੀਲਾਂ ਦੀਆਂ ਦਲੀਲਾਂ ’ਤੇ 9 ਅਪਰੈਲ ਨੂੰ ਸੁਣਵਾਈ ਪੂਰੀ ਕਰ ਲਈ ਸੀ ਅਤੇ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ। ਹਾਈ ਕੋਰਟ ਨੇ ਉਨ੍ਹਾਂ ਪ੍ਰਸ਼ਨਾਂ ’ਤੇ ਦਲੀਲਾਂ ਸੁਣੀਆਂ ਜਿਨ੍ਹਾਂ ਨੂੰ ਪਟੀਸ਼ਨਾਂ ਵਿੱਚ ਚੁਣੌਤੀ ਦਿੱਤੀ ਗਈ ਸੀ। ਕਲੈਟ ਪੋਸਟ ਗ੍ਰੈਜੂਏਟ-2025 ਵਿੱਚ ਕੁਝ ਸਵਾਲਾਂ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ’ਤੇ ਅਜੇ ਸੁਣਵਾਈ ਹੋਣੀ ਹੈ। -ਪੀਟੀਆਈ