Char Dham Yatra 2025: ਬਦਰੀਨਾਥ ਮੰਦਿਰ ਦੇ ਕਿਵਾੜ ਖੁੱਲ੍ਹੇ, ਚਾਰ ਧਾਮ ਯਾਤਰਾ ਸ਼ੁਰੂ
ਬਦਰੀਨਾਥ, 4 ਮਈ
Char Dham Yatra 2025: ਬਦਰੀਨਾਥ ਧਾਮ ਦੇ ਕਿਵਾੜ ਅੱਜ ਐਤਵਾਰ ਸਵੇਰੇ 6 ਵਜੇ ਰਸਮੀ ਤੌਰ ’ਤੇ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ ਹਨ। ਛੇ ਮਹੀਨੇ ਬਾਅਦ ਕਿਵਾੜ ਖੁੱਲ੍ਹਣ ਦੀ ਇਸ ਪਵਿੱਤਰ ਰਸਮ ਵਿਚ ਦੇਸ਼ ਵਿਦੇਸ਼ ਤੋਂ ਆਏ ਹਜ਼ਾਰਾਂ ਸ਼ਰਧਾਲੂ ਪੂਰੇ ਜੋਸ਼ ਤੇ ਆਸਥਾ ਨਾਲ ਸ਼ਾਮਲ ਹੋਏ।
ਬਦਰੀਨਾਥ ਦੇ ਕਿਵਾੜ ਖੁੱਲ੍ਹਣ ਨਾਲ ਚਾਰ ਧਾਮ ਬਦਰੀਨਾਥ, ਕੇਦਾਰਨਾਥ, ਗੰਗੋਤਰੀ ਤੇ ਯਮੁਨੋਤਰੀ ਦੀ ਯਾਤਰਾ ਦਾ ਰਸਮੀ ਆਗਾਜ਼ ਹੋ ਗਿਆ ਹੈ।
ਚਮੋਲੀ ਜ਼ਿਲ੍ਹੇ ਵਿਚ ਸਥਿਤ ਬਦਰੀਨਾਥ ਧਾਮ ਦੇ ਕਿਵਾੜ ਵੈਦਿਕ ਮੰਤਰਾਂ ਦੇ ਉਚਾਰਨ, ਪੂਜਾ ਅਰਚਨਾ ਤੇ ਧਾਰਮਿਕ ਰਸਮਾਂ ਵਿਚਾਲੇ ਖੋਲ੍ਹੇ ਗਏ।
ਇਸ ਦੌਰਾਨ ਭਗਵਾਨ ਬਦਰੀਨਾਥ ਦੀ ਉਤਸਵ ਮੂਰਤੀ ਨੂੰ ਵਿਸ਼ੇਸ਼ ਸ਼ਿੰਗਾਰ ਨਾਲ ਮੰਦਰ ਦੇ ਗਰਭ ਗ੍ਰਹਿ ਵਿਚ ਰੱਖਿਆ ਗਿਆ। ਪੁਜਾਰੀਆਂ ਤੇ ਤੀਰਥ ਪੁਜਾਰੀਆਂ ਦੀ ਹਾਜ਼ਰੀ ਵਿਚ ਇਹ ਰਸਮ ਪੂਰੀ ਕੀਤੀ ਗਈ।
ਕਿਵਾੜ ਖੁੱਲ੍ਹਦੇ ਹੀ ਮੰਦਿਰ ਦਾ ਅਹਾਤਾ ‘ਜੈ ਬਦਰੀ ਵਿਸ਼ਾਲ’ ਦੇ ਨਾਅਰਿਆਂ ਨਾਲ ਗੂੰਜ ਉੱਠਿਆ ਤੇ ਸ਼ਰਧਾਲੂਆਂ ਨੇ ਕਤਾਰਾਂ ਵਿਚ ਲੱਗ ਕੇ ਭਗਵਾਨ ਵਿਸ਼ਨੂ ਦੇ ਦਰਸ਼ਨ ਕੀਤੇ।
ਇਸ ਮੌਕੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ, ਭਾਜਪਾ ਦੀ ਪ੍ਰਦੇਸ਼ ਇਕਾਈ ਦੇ ਪ੍ਰਧਾਨ ਮਹੇਂਦਰ ਭੱਟ ਤੇ ਟਿਹਰੀ ਤੋਂ ਵਿਧਾਇਕ ਕਿਸ਼ੋਰ ਉਪਾਧਿਆਏ ਮੌਜੂਦ ਸਨ। -ਪੀਟੀਆਈ