ਹਵਾਈ ਫੌਜ ਦੀ ਸੂਰਿਆ ਕਿਰਨ ਟੀਮ ਨੇ ਪਟਨਾ ’ਚ ਦਿਖਾਏ ਕਰਤੱਬ
ਪਟਨਾ, 23 ਅਪਰੈਲ
ਭਾਰਤੀ ਹਵਾਈ ਫੌਜ ਦੀ ਸੂਰਿਆ ਕਿਰਨ ਐਰੋਬੈਟਿਕ ਟੀਮ (ਐੱਸਕੇਏਟੀ) ਨੇ ਅੱਜ ਇੱਥੇ ਗੰਗਾ ਨਦੀ ਕੰਢੇ ਜੇਪੀ ਗੰਗਾ ਪਥ ’ਤੇ ਅਸਮਾਨ ਵਿੱਚ ਆਪਣੀਆਂ ਕਲਾਬਾਜ਼ੀਆਂ ਨਾਲ ਲੋਕਾਂ ਨੂੰ ਮੰਤਰਮੁਗਧ ਕਰ ਦਿੱਤਾ। ‘ਸ਼ੌਰਿਆ ਦਿਵਸ’ ਮੌਕੇ ਸੂਰਿਆ ਕਿਰਨ ਟੀਮ ਦੇ ਨੌਂ ਅਤਿ-ਆਧੁਨਿਕ ਹਾਕ-132 ਜਹਾਜ਼ਾਂ ਨੇ ਬਿਹਾਰ ਦੀ ਰਾਜਧਾਨੀ ਪਟਨਾ ਦੇ ਅਸਮਾਨ ਵਿੱਚ ਸ਼ਾਨਦਾਰ ਹਵਾਈ ਕਰਤੱਬ ਦਿਖਾਏ। ਸ਼ੌਰਿਆ ਦਿਵਸ ਹਰ ਸਾਲ ਆਜ਼ਾਦੀ ਘੁਲਾਟੀਏ ਬਾਬੂ ਵੀਰ ਕੁੰਵਰ ਸਿੰਘ ਦੀ ਬ੍ਰਿਟਿਸ਼ ਸੈਨਿਕਾਂ ਉੱਤੇ ਜਿੱਤ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਕੁੰਵਰ ਸਿੰਘ ਨੂੰ ਬਾਬੂ ਵੀਰ ਕੁੰਵਰ ਸਿੰਘ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਨੇ 1857 ਵਿੱਚ ਬ੍ਰਿਟਿਸ਼ ਸਰਕਾਰ ਵਿਰੁੱਧ ਆਜ਼ਾਦੀ ਦੀ ਪਹਿਲੀ ਲੜਾਈ ਵਿੱਚ ਬਿਹਾਰ ਦੇ ਭੋਜਪੁਰ ਖੇਤਰ ਤੋਂ ਅੰਦੋਲਨ ਦੀ ਅਗਵਾਈ ਕੀਤੀ ਸੀ। ਇਹ ਪਹਿਲਾ ਮੌਕਾ ਸੀ ਜਦੋਂ ਭਾਰਤੀ ਹਵਾਈ ਫੌਜ ਦੀ ਸੂਰਿਆ ਕਿਰਨ ਟੀਮ ਨੇ ਪਟਨਾ ਦੇ ਅਸਮਾਨ ਵਿੱਚ ਕਲਾਬਾਜ਼ੀਆਂ ਦਿਖਾਈਆਂ ਸਨ। ਮੁੱਖ ਮੰਤਰੀ ਦਫ਼ਤਰ (ਸੀਐੱਮਓ) ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, ‘‘ਪਟਨਾ ਵਿੱਚ ਬੁੱਧਵਾਰ ਨੂੰ ਸਭਿਅਤਾ ਦੁਆਰ ਸਾਹਮਣੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਅਤੇ ਇਸ ਸ਼ਾਨਦਾਰ ਏਅਰ ਸ਼ੋਅ ਦਾ ਆਨੰਦ ਮਾਣਿਆ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਹੋਰ ਪਤਵੰਤਿਆਂ ਨੇ ਵੀ ਇਸ ਸ਼ਾਨਦਾਰ ਏਅਰ ਸ਼ੋਅ ਨੂੰ ਦੇਖਿਆ।’’ ਮੁੱਖ ਮੰਤਰੀ ਦਫ਼ਤਰ ਨੇ ਕਿਹਾ ਕਿ ਲਾਲ ਅਤੇ ਸਫੈਦ ਰੰਗ ਦੇ ਹਾਕ ਐੱਮਕੇ-132 ਜੈੱਟ ਜਹਾਜ਼ ਨੂੰ ਉਡਾਉਂਦੇ ਹੋਏ ਇਸ ਟੀਮ ਨੇ ਕਈ ਹੈਰਾਨ ਕਰਨ ਵਾਲੇ ਕਰਤੱਬ ਦਿਖਾਏ। -ਪੀਟੀਆਈ