ਖ਼ਾਲਸਾਈ ਜਾਹੋ ਜਲਾਲ ਨਾਲ ਸ਼ੁਰੂ ਹੋਇਆ ਹੋਲਾ ਮਹੱਲਾ
ਬੀਐੱਸ ਚਾਨਾ
ਸ੍ਰੀ ਆਨੰਦਪੁਰ ਸਾਹਿਬ, 13 ਮਾਰਚ
ਤਖ਼ਤ ਕੇਸਗੜ੍ਹ ਸਾਹਿਬ ਸਣੇ ਵੱਖ-ਵੱਖ ਗੁਰਦੁਆਰਿਆਂ ’ਚ ਅਖੰਡ ਪਾਠ ਆਰੰਭ ਹੋਣ ਨਾਲ ਹੋਲਾ ਮਹੱਲਾ ਅੱਜ ਤੋਂ ਪੂਰੇ ਖ਼ਾਲਸਾਈ ਜਾਹੋ-ਜਲਾਲ ਨਾਲ ਸ਼ੁਰੂ ਹੋ ਗਿਆ ਹੈ। ਹੋਲੇ ਮਹੱਲੇ ਮੌਕੇ ਲੱਖਾਂ ਦੀ ਗਿਣਤੀ ਵਿੱਚ ਸੰਗਤ ਵਹੀਰਾਂ ਘੱਤ ਕੇ ਇਥੇ ਪਹੁੰਚ ਚੁੱਕੀ ਹੈ। ਸਮੁੱਚੀ ਗੁਰੂ ਨਗਰੀ ਨੀਲੇ, ਕੇਸਰੀ ਅਤੇ ਬਸੰਤੀ ਰੰਗ ਦੀਆਂ ਦਸਤਾਰਾਂ, ਝੂਲ ਰਹੇ ਨਿਸ਼ਾਨਾਂ ਸਣੇ ਗੁਰਬਾਣੀ ਦੇ ਰੰਗ ਵਿੱਚ ਰੰਗੀ ਜਾ ਚੁੱਕੀ ਹੈ। ਹਾਲਾਂਕਿ ਹੋਲੇ ਮਹੱਲੇ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਅਤੇ ਸਮਾਪਤੀ ਮੌਕੇ ਕੀਰਤਪੁਰ ਸਾਹਿਬ ਸਣੇ ਅੱਜ ਦੂਸਰੇ ਪੜਾਅ ਦੀ ਆਰੰਭਤਾ ਮੌਕੇ ਕੇਸਗੜ੍ਹ ਸਾਹਿਬ ’ਚ ਵੀ ਜਥੇਦਾਰ ਦੀ ਗ਼ੈਰਹਾਜ਼ਰੀ ਪੰਥਕ ਸਫ਼ਾਂ ਵਿੱਚ ਰੜਕਦੀ ਰਹੀ ਪਰ ਦੁਪਹਿਰ ਬਾਅਦ ਸਖ਼ਤ ਸੁਰੱਖਿਆ ਘੇਰੇ ਹੇਠ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵ-ਨਿਯੁਕਤ ਜਥੇਦਾਰ ਕੁਲਦੀਪ ਸਿੰਘ ਗੜਗੱਜ ਇੱਥੇ ਪਹੁੰਚੇ ਅਤੇ ਨਤਮਸਤਕ ਹੋਣ ਮਗਰੋਂ ਉਹ ਆਪਣੇ ਨਿਵਾਸ ਵੱਲ ਚਲੇ ਗਏ। ਉਨ੍ਹਾਂ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕੀਤੀ। ਉਧਰ ਅੱਜ ਸਵੇਰੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਹੈੱਡ ਗ੍ਰੰਥੀ ਤਖ਼ਤ ਕੇਸਗੜ੍ਹ ਸਾਹਿਬ, ਮੈਨੇਜਰ ਮਲਕੀਤ ਸਿੰਘ ਅਤੇ ਵਧੀਕ ਮੈਨੇਜਰ ਐਡਵੋਕੇਟ ਹਰਦੇਵ ਸਿੰਘ ਸਣੇ ਵੱਡੀ ਗਿਣਤੀ ਵਿੱਚ ਸਥਾਨਕ ਆਗੂਆਂ ਤੇ ਸਿੱਖ ਸੰਗਤ ਦੀ ਹਾਜ਼ਰੀ ’ਚ ‘ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਦੀ ਗੂੰਜ ’ਚ ਹੋਲੇ ਮੱਹਲੇ ਦਾ ਆਗਾਜ਼ ਕੀਤਾ ਗਿਆ। ਪ੍ਰਸ਼ਾਸਨ ਵੱਲੋਂ ਹੋਲੇ ਮਹੱਲੇ ਮੌਕੇ ਬੇਸ਼ੱਕ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ ਪਰ ਸ਼ਰਧਾ ਦੇ ਸੈਲਾਬ ਅਤੇ ਮਾਝੇ, ਮਾਲਵੇ ਤੇ ਦੁਆਬੇ ਸਣੇ ਦੇਸ਼ ਦੇ ਹੋਰ ਹਿੱਸਿਆਂ ਤੋਂ ਲੱਖਾਂ ਦੀ ਗਿਣਤੀ ਵਿੱਚ ਪਹੁੰਚ ਰਹੀ ਸੰਗਤ ਕਰਕੇ ਸਾਰੇ ਪ੍ਰਬੰਧ ਨਾਕਾਫੀ ਨਜ਼ਰ ਆ ਰਹੇ ਸਨ। ਸ਼ਰਧਾਲੂਆਂ ਦੀ ਵੱਡੀ ਗਿਣਤੀ ਆਮਦ ਕਾਰਨ ਸੜਕਾਂ ’ਤੇ ਜਾਮ ਵੀ ਲੱਗੇ ਹੋਏ ਸਨ। ਚਾਰੇ ਪਾਸੇ ਸੈਂਕੜੇ ਲੰਗਰ ਲਗਾਏ ਗਏ ਹਨ।