Hurriyat chief placed under house arrest ਹੁਰੀਅਤ ਮੁਖੀ ਮੀਰਵਾਈਜ਼ ਉਮਰ ਫ਼ਾਰੂਕ ਘਰ ਵਿਚ ਨਜ਼ਰਬੰਦ, ਜੁੰਮੇ ਦੀ ਨਮਾਜ਼ ਲਈ ਮਸਜਿਦ ਜਾਣ ਤੋਂ ਰੋਕਿਆ
ਸ੍ਰੀਨਗਰ, 14 ਮਾਰਚ
Hurriyat chief placed under house arrest ਹੁਰੀਅਤ ਕਾਨਫਰੰਸ ਦੇ ਚੇਅਰਮੈਨ ਮੀਰਵਾਈਜ਼ ਉਮਰ ਫ਼ਾਰੂਕ ਨੂੰ ਸ਼ੁੱਕਰਵਾਰ ਨੂੰ ਘਰ ਵਿਚ ਨਜ਼ਰਬੰਦ ਕਰਦਿਆਂ ਜੁੰਮੇ ਦੀ ਨਮਾਜ਼ ਲਈ ਜਾਮਾ ਮਸਜਿਦ ਜਾਣ ਤੋਂ ਰੋਕ ਦਿੱਤਾ ਗਿਆ ਹੈ।
ਅਧਿਕਾਰੀਆਂ ਨੇ ਕਿਹਾ ਕਿ ਮੀਰਵਾਈਜ਼, ਜੋ ਕਸ਼ਮੀਰ ਦਾ ਮੁੱਖ ਧਾਰਮਿਕ ਆਗੂ ਹੈ, ਨੂੰ ਸ੍ਰੀਨਗਰ ਦੇ Nigeen ਇਲਾਕੇ ਵਿਚਲੀ ਉਸ ਦੀ ਰਿਹਾਇਸ਼ ’ਤੇ ਨਜ਼ਰਬੰਦ ਕੀਤਾ ਗਿਆ ਹੈ।
ਹੁਰੀਅਤ ਮੁਖੀ ਨੇ ਨੌਹੱਟਾ ਇਲਾਕੇ ਵਿਚਲੀ ਜਾਮਾ ਮਸਜਿਦ ਵਿਚ ਨਮਾਜ਼ ਅਦਾ ਕਰਨ ਲਈ ਜਾਣਾ ਸੀ। ਹੁਰੀਅਤ ਮੁਖੀ ਇਸੇ ਇਤਿਹਾਸਕ ਮਸਜਿਦ ਵਿਚ ਹਰ ਸ਼ੁੱਕਰਵਾਰ ਨੂੰ ਤਕਰੀਰ ਕਰਦਾ ਹੈ।
ਚੇਤੇ ਰਹੇ ਕਿ ਕੇਂਦਰ ਸਰਕਾਰ ਨੇ ਇਸ ਹਫ਼ਤੇ ਦੀ ਸ਼ੁਰੂਆਤ ਵਿਚ ਮੀਰਵਾਈਜ਼ ਦੀ ਅਗਵਾਈ ਵਾਲੀ ਅਵਾਮੀ ਐਕਸ਼ਨ ਕਮੇਟੀ (AAC) ਤੇ ਸ਼ੀਆ ਆਗੂ ਮਸਰੂਰ ਅੱਬਾਸ ਦੀ ਅਗਵਾਈ ਵਾਲੀ ਜੰਮੂ ਕਸ਼ਮੀਰ ਇਤਿਹਾਦੁਲ ਮੁਸਲਮੀਨ (JKIM) ਉੱਤੇ ਦੇਸ਼ ਵਿਰੋਧੀ ਸਰਗਰਮੀਆਂ, ਅਤਿਵਾਦ ਦੀ ਹਮਾਇਤ ਤੇ ਵੱਖਵਾਦੀ ਸਰਗਰਮੀਆਂ ਨੂੰ ਹਵਾ ਦੇਣ ਦੇ ਦੋਸ਼ ਹੇਠ ਪੰਜ ਸਾਲਾਂ ਲਈ ਪਾਬੰਦੀ ਲਾ ਦਿੱਤੀ ਸੀ।
ਉਧਰ ਅੰਜੂਮਨ ਔਕਾਫ਼ ਜਾਮਾ ਮਸਜਿਦ, ਜੋ ਜਾਮਾ ਮਸਜਿਦ ਦਾ ਪ੍ਰਬੰਧ ਦੇਖਦੀ ਹੈ, ਨੇ ਮੀਰਵਾਈਜ਼ ਨੂੰ ਘਰ ਵਿਚ ਨਜ਼ਰਬੰਦ ਕੀਤੇ ਜਾਣ ਦੀ ਨਿਖੇਧੀ ਕੀਤੀ ਹੈ।
ਔਕਾਫ਼ ਨੇ ਕਿਹਾ, ‘‘ਅਜਿਹੀਆਂ ਪਾਬੰਦੀਆਂ, ਖਾਸ ਕਰਕੇ ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ, ਪੂਰੀ ਤਰ੍ਹਾਂ ਬੇਲੋੜੀਆਂ ਅਤੇ ਧਾਰਮਿਕ ਆਜ਼ਾਦੀ ਦੇ ਸਿਧਾਂਤਾਂ ਦੇ ਵਿਰੁੱਧ ਹਨ।’’
ਔਕਾਫ਼ ਨੇ ਮੰਗ ਕੀਤੀ ਕਿ ਮੀਰਵਾਈਜ਼ ਨੂੰ ਘਰ ਵਿਚ ਨਜ਼ਰਬੰਦੀ ਤੋਂ ਫੌਰੀ ਰਿਹਾਅ ਕੀਤਾ ਜਾਵੇ ਤਾਂ ਕਿ ਉਹ ਆਪਣੀਆਂ ਧਾਰਮਿਕ ਜ਼ਿੰਮੇਵਾਰੀਆਂ ਨੂੰ ਪੂਰਾ ਕਰ ਸਕੇ। -ਪੀਟੀਆਈ