Bank Strike ਬੈਂਕ ਯੂਨੀਅਨਾਂ 24 ਤੇ 25 ਮਾਰਚ ਦੀ ਹੜਤਾਲ ਲਈ ਬਜ਼ਿੱਦ
ਕੋਲਕਾਤਾ, 14 ਮਾਰਚ
Bank unions firm on March 24-25 strike ਬੈਂਕ ਯੂਨੀਅਨਾਂ ਦੀ ਸਾਂਝੀ ਫੋਰਮ (ਯੂਐੱਫਬੀਯੂ) ਨੇ ਕਿਹਾ ਕਿ 24 ਤੇ 25 ਮਾਰਚ ਦੀ ਦੋ ਰੋਜ਼ਾ ਦੇਸ਼-ਵਿਆਪੀ ਹੜਤਾਲ ਮਿੱਥੇ ਮੁਤਾਬਕ ਹੋਵੇਗੀ ਕਿਉਂਕਿ ਮੁੱਖ ਮੰਗਾਂ ਨੂੰ ਲੈ ਕੇ ਇੰਡੀਅਨ ਬੈਂਕਸ ਐਸੋਸੀਏਸ਼ਨ (ਆਈਬੀਏ) ਨਾਲ ਹੋਈ ਗੱਲਬਾਤ ਦਾ ਕੋਈ ਸਕਾਰਾਤਮਕ ਨਤੀਜਾ ਨਹੀਂ ਨਿਕਲਿਆ।
ਆਈਬੀਏ ਨਾਲ ਹੋਈ ਮੀਟਿੰਗ ਵਿੱਚ ਯੂਐਫਬੀਯੂ ਵਿਚ ਸ਼ਾਮਲ ਘਟਕਾਂ ਨੇ ਸਾਰੇ ਕਾਡਰਾਂ ਵਿੱਚ ਭਰਤੀ ਅਤੇ ਹਫ਼ਤੇ ਵਿਚ ਪੰਜ ਦਿਨ ਕੰਮ ਸਮੇਤ ਹੋਰ ਮੁੱਦੇ ਰੱਖੇ।
ਨੈਸ਼ਨਲ ਕਨਫੈਡਰੇਸ਼ਨ ਆਫ ਬੈਂਕ ਇੰਪਲਾਈਜ਼ (ਐਨਸੀਬੀਈ) ਦੇ ਜਨਰਲ ਸਕੱਤਰ ਐੱਲ. ਚੰਦਰਸ਼ੇਖਰ ਨੇ ਕਿਹਾ ਕਿ ਇਸ ਦੇ ਬਾਵਜੂਦ ਮੁੱਖ ਮੁੱਦੇ ਅਣਸੁਲਝੇ ਰਹੇ।
ਯੂਐੱਫਬੀਯੂ, ਜੋ ਨੌਂ ਬੈਂਕ ਕਰਮਚਾਰੀਆਂ ਦੀਆਂ ਐਸੋਸੀਏਸ਼ਨਾਂ ਦੀ ਇਕ ਸੰਸਥਾ ਹੈ, ਨੇ ਜਨਤਕ ਖੇਤਰ ਦੇ ਬੈਂਕਾਂ ਵਿੱਚ ਕਰਮਚਾਰੀਆਂ ਤੇ ਅਧਿਕਾਰੀ ਨਿਰਦੇਸ਼ਕ ਦੇ ਅਹੁਦਿਆਂ ਨੂੰ ਭਰਨ ਸਮੇਤ ਹੋਰਨਾਂ ਮੰਗਾਂ ਲਈ ਦਬਾਅ ਪਾਉਣ ਵਾਸਤੇ ਦੋ ਰੋਜ਼ਾ ਹੜਤਾਲ ਦਾ ਐਲਾਨ ਕੀਤਾ ਸੀ।
ਯੂਨੀਅਨਾਂ ਨੇ ਵਿੱਤੀ ਸੇਵਾਵਾਂ ਵਿਭਾਗ (DFS) ਵੱਲੋਂ ਕਾਰਗੁਜ਼ਾਰੀ ਸਮੀਖਿਆਵਾਂ ਅਤੇ ਕਾਰਗੁਜ਼ਾਰੀ ਨਾਲ ਜੁੜੇ ਇਨਸੈਂਟਿਵ ਸਬੰਧੀ ਹਾਲੀਆ ਨਿਰਦੇਸ਼ਾਂ ਨੂੰ ਵਾਪਸ ਲੈਣ ਦੀ ਮੰਗ ਵੀ ਕੀਤੀ ਹੈ।
ਯੂਨੀਅਨਾਂ ਨੇ ਦੋਸ਼ ਲਗਾਇਆ ਹੈ ਕਿ ਅਜਿਹੇ ਉਪਾਅ ਨੌਕਰੀ ਦੀ ਸੁਰੱਖਿਆ ਲਈ ਖ਼ਤਰਾ ਹਨ। ਯੂਐੱਫਬੀਯੂ ਵਿਚ ਆਲ ਇੰਡੀਆ ਬੈਂਕ ਐਂਪਲਾਈਜ਼ ਐਸੋਸੀਏਸ਼ਨ (AIBEA), ਆਲ ਇੰਡੀਆ ਬੈਂਕ ਆਫੀਸਰਜ਼ ਕਨਫੈਡਰੇਸ਼ਨ (AIBOC), ਨੈਸ਼ਨਲ ਕਨਫੈਡਰੇਸ਼ਨ ਆਫ਼ ਬੈਂਕ ਐਂਪਲਾਈਜ਼ (NCBE) ਤੇ ਆਲ ਇੰਡੀਆ ਬੈਂਕ ਆਫੀਸਰਜ਼ ਐਸੋਸੀਏਸ਼ਨ (AIBOA) ਆਦਿ ਸਣੇ ਕਈ ਪ੍ਰਮੁੱਖ ਬੈਂਕ ਐਸੋਸੀਏਸ਼ਨਾਂ ਸ਼ਾਮਲ ਹਨ। -ਪੀਟੀਆਈ