Punjab news ਭੂਆ ਨੂੰ ਮਿਲਣ ਆਏ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
ਹਰਜੀਤ ਪਰਮਾਰ
ਬਟਾਲਾ, 14 ਮਾਰਚ
ਇਥੋਂ ਨੇੜਲੇ ਪਿੰਡ ਨਵਾਂ ਪਿੰਡ ਪੰਜ ਖੰਡਲ ਵਿੱਚ ਅੱਜ ਹੋਲੀ ਵਾਲੇ ਦਿਨ ਅਣਪਛਾਤਿਆਂ ਨੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਵਿਜੈ ਪੁੱਤਰ ਸੁਲੱਖਣ ਸਿੰਘ ਪਿੰਡ ਹਰਦੋ ਝੰਡੇ (ਨੇੜੇ ਬਟਾਲਾ) ਵਜੋਂ ਹੋਈ ਹੈ।
ਪੀੜਤ ਪਰਿਵਾਰ ਅਨੁਸਾਰ ਵਿਜੈ ਆਪਣੀ ਭੂਆ ਨੂੰ ਮਿਲਣ ਵੀਰਵਾਰ ਸ਼ਾਮ ਨੂੰ ਨਵਾਂ ਪਿੰਡ ਪੰਜ ਖੰਡਲ ਆਇਆ ਸੀ, ਪਰ ਅੱਜ ਸਵੇਰੇ ਇਸੇ ਪਿੰਡ ਦੀ ਫਿਰਨੀ ਉੱਤੇ ਉਸ ਦੀ ਲਾਸ਼ ਮਿਲੀ। ਡੀਐੱਸਪੀ ਟੀਪੀ ਸਿੰਘ ਅਤੇ ਥਾਣਾ ਸਿਵਲ ਲਾਈਨ ਦੇ ਐੱਸਐੱਚਓ ਗੁਰਦੇਵ ਸਿੰਘ ਨੇ ਘਟਨਾ ਸਥਾਨ ਉੱਤੇ ਪਹੁੰਚ ਕੇ ਜਾਂਚ ਵਿੱਢ ਦਿੱਤੀ ਹੈ।
ਪੀੜਤ ਪਿਤਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਪਿੰਡ ਦੇ ਕੁਝ ਨੌਜਵਾਨਾਂ ਦਾ ਉਸ ਦੇ ਪੁੱਤ ਨਾਲ ਝਗੜਾ ਹੋਇਆ ਸੀ। ਉਸ ਨੇ ਖ਼ਦਸ਼ਾ ਪ੍ਰਗਟਾਇਆ ਕਿ ਇਨ੍ਹਾਂ ਨੌਜਵਾਨਾਂ ਵੱਲੋਂ ਹੀ ਵਿਜੈ ਦਾ ਕਤਲ ਕੀਤਾ ਗਿਆ ਹੋ ਸਕਦਾ ਹੈ। ਸ਼ਿਕਾਇਤਕਰਤਾ ਨੇ ਮੰਗ ਕੀਤੀ ਕਿ ਉਸ ਦੇ ਪੁੱਤ ਦੇ ਕਾਤਲਾਂ ਨੂੰ ਕਾਨੂੰਨ ਅਨੁਸਾਰ ਸਖ਼ਤ ਸਜ਼ਾ ਦਿੱਤੀ ਜਾਵੇ।
ਡੀਐੱਸਪੀ ਟੀਪੀ ਸਿੰਘ ਨੇ ਦੱਸਿਆ ਕਿ ਵਿਜੈ ਦੀ ਮੌਤ ਗੋਲੀ ਲੱਗਣ ਨਾਲ ਹੋਈ ਹੈ। ਉਨ੍ਹਾਂ ਪੀੜਤ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਕਾਤਲਾਂ ਨੂੰ ਜਲਦ ਕਾਬੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਲਾਸ਼ ਸਿਵਲ ਹਸਪਤਾਲ ਬਟਾਲਾ ਪੋਸਟ ਮਾਰਟਮ ਲਈ ਭੇਜੀ ਗਈ ਤਾਂ ਜੋ ਅਗਲੇਰੀ ਕਾਰਵਾਈ ਕੀਤੀ ਜਾ ਸਕੇ।