Punjab news ਭੁੱਚੋ ਨੇੜੇ ਪੁਲੀਸ ਮੁਕਾਬਲੇ ’ਚ ਬਦਮਾਸ਼ ਜ਼ਖ਼ਮੀ, ਦੋ ਫੌਜੀਆਂ ਸਣੇ 6 ਗ੍ਰਿਫ਼ਤਾਰ
ਮਨੋਜ ਸ਼ਰਮਾ
ਬਠਿੰਡਾ, 14 ਮਾਰਚ
ਬਠਿੰਡਾ ਪੁਲੀਸ ਨੇ ਭੁੱਚੋ ਪਿੰਡ ਨੇੜੇ ਮੁਕਾਬਲੇ ਦੌਰਾਨ ਬਦਮਾਸ਼ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ। ਐੱਸਪੀ ਨਰਿੰਦਰ ਸਿੰਘ ਮੁਤਾਬਕ ਸੀਆਈ ਸਟਾਫ 1 ਅਤੇ 2 ਨੇ ਸ਼ੱਕੀ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ਵਿੱਚ ਸਵਾਰ ਨੌਜਵਾਨਾਂ ਨੇ ਪੁਲੀਸ ’ਤੇ ਫਾਇਰਿੰਗ ਕਰ ਦਿੱਤੀ। ਪੁਲੀਸ ਦੀ ਜਵਾਬੀ ਕਾਰਵਾਈ ਦੌਰਾਨ ਖੱਬੀ ਸੀਟ 'ਤੇ ਬੈਠੇ ਸਤਵੰਤ ਸਿੰਘ ਵਾਸੀ ਕੋਟਸ਼ਮੀਰ ਨੂੰ ਗੋਲੀ ਲੱਗੀ ਅਤੇ ਪੁਲੀਸ ਨੇ ਉਸ ਨੂੰ ਜ਼ਖ਼ਮੀ ਹਾਲਤ ਵਿੱਚ ਕਾਬੂ ਕਰ ਲਿਆ।
ਗ੍ਰਿਫ਼ਤਾਰ ਕੀਤੇ 6 ਨੌਜਵਾਨਾਂ ਵਿਚ ਦੋ ਫੌਜੀ ਤੇ ਦੋ ਵੱਖ ਵੱਖ ਯੂਨੀਵਰਸਿਟੀਆਂ ’ਚ ਸਾਇੰਸ ਵਿਸ਼ੇ ਦੇ ਵਿਦਿਆਰਥੀ ਵੀ ਸ਼ਾਮਲ ਹਨ, ਜਿਨ੍ਹਾਂ ਕੋਲੋਂ ਏਕੇ-47 ਰਾਈਫ਼ਲ ਮਿਲੀ, ਜੋ ਜੰਮੂ ਛਾਉਣੀ ਤੋਂ ਚੋਰੀ ਕੀਤੀ ਗਈ ਸੀ। ਤਿੰਨ ਦਿਨ ਪਹਿਲਾਂ 11 ਮਾਰਚ ਦੀ ਰਾਤ ਉਕਤ ਮੁਲਜ਼ਮ ਭੁੱਚੋ ਰੋਡ ’ਤੇ ਆਦੇਸ਼ ਹਸਪਤਾਲ ਨੇੜੇ ਗਰੀਨ ਹੋਟਲ ’ਚ ਲੁੱਟ ਦੀ ਵਾਰਦਾਤ ਵਿੱਚ ਸ਼ਾਮਲ ਸਨ। ਪੁਲੀਸ ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਦੀ ਤਲਾਸ਼ ਕਰ ਰਹੀ ਸੀ।
ਇਸ ਗਰੋਹ ਵਿੱਚ ਭਾਰਤੀ ਫ਼ੌਜ ਦੇ ਦੋ ਜਵਾਨ ਸੁਨੀਲ ਵਾਸੀ ਮੁਕਤਸਰ ਅਤੇ ਗੁਰਦੀਪ ਵਾਸੀ ਮੋਗਾ ਵੀ ਸ਼ਾਮਲ ਹਨ, ਜੋ ਹੋਟਲ ਵਿਚ ਹੋਈ ਲੁੱਟ ਅਤੇ ਅਸਲਾ ਚੋਰੀ ਦੀ ਵਾਰਦਾਤ ਵਿੱਚ ਮੁਲਜ਼ਮ ਹਨ। ਪੁਲੀਸ ਨੇ ਸਤਵੰਤ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਭਰਤੀ ਕਰਵਾਇਆ, ਜਦੋਂਕਿ ਗਰੋਹ ਦੇ ਹੋਰ ਮੈਂਬਰਾਂ ਵਿੱਚ ਸਤਵੰਤ ਸਿੰਘ ਤੋਂ ਇਲਾਵਾ ਸੁਨੀਲ ਕੁਮਾਰ ਅਤੇ ਗੁਰਦੀਪ ਸਿੰਘ ਦੋਵੇਂ ਫੌਜੀ, ਅਰਸ਼ਦੀਪ, ਹਰਗੁਣ ਤੇ ਅਰਸ਼ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਹੁਣ ਮੁਲਜ਼ਮਾਂ ਨੂੰ ਰਿਮਾਂਡ 'ਤੇ ਲੈਣ ਦੀ ਤਿਆਰੀ ਕਰ ਰਹੀ ਹੈ, ਤਾਂ ਜੋ ਹੋਰ ਖੁਲਾਸੇ ਹੋ ਸਕਣ। ਪੁਲੀਸ ਨੇ ਦੱਸਿਆ ਕਿ ਫੌਜੀ ਸੁਨੀਲ ਕੁਮਾਰ ਜੰਮੂ ਛਾਉਣੀ ਤੋਂ ਏਕੇ47 ਰਾਈਫਲ ਚੋਰੀ ਕਰਕੇ ਲੈ ਕੇ ਆਇਆ ਸੀ।