ਹਿਮਾਚਲ ਵਿਧਾਨ ਸਭਾ ਵੱਲੋਂ ਸਟੈਂਪ ਡਿਊਟੀ ਸੋਧ ਬਿੱਲ ਪਾਸ
ਸ਼ਿਮਲਾ, 28 ਮਾਰਚ
Himachal Legislative Assembly passes Stamp Duty Amendment Bill: ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਨੇ ਅੱਜ ਭਾਰਤੀ ਸਟੈਂਪ (ਹਿਮਾਚਲ ਪ੍ਰਦੇਸ਼ ਸੋਧ) ਬਿੱਲ ਨੂੰ ਮੂੰਹ ਜ਼ੁਬਾਨੀ ਵੋਟਾਂ ਨਾਲ ਪਾਸ ਕਰ ਦਿੱਤਾ। ਇਸ ਬਿੱਲ ਵਿਚ ਕੁਝ ਸ਼੍ਰੇਣੀਆਂ ਲਈ ਸਟੈਂਪ ਡਿਊਟੀ ਵਿੱਚ ਵਾਧਾ ਕੀਤਾ ਜਾਵੇਗਾ ਜਿਸ ਨੇ ਸਦਨ ਵਿੱਚ ਬਹਿਸ ਛੇੜ ਦਿੱਤੀ। ਵਿਰੋਧੀ ਧਿਰ ਭਾਜਪਾ ਨੇ ਸੂਬਾ ਸਰਕਾਰ ਦੇ ਇਰਾਦਿਆਂ ’ਤੇ ਸਵਾਲ ਖੜ੍ਹੇ ਕਰਦਿਆਂ ਚੈਰੀਟੇਬਲ ਸੰਸਥਾਵਾਂ ਅਤੇ ਖੇਤੀਬਾੜੀ ਸੁਸਾਇਟੀਆਂ ਲਈ ਛੋਟਾਂ ਦੀ ਮੰਗ ਕੀਤੀ ਹੈ। ਇੱਥੋਂ ਤੱਕ ਕਿ ਕੁਝ ਕਾਂਗਰਸ ਵਿਧਾਇਕਾਂ ਨੇ ਵੀ ਸੋਧਾਂ ਅਤੇ ਰਾਹਤ ਉਪਾਵਾਂ ਦਾ ਸੁਝਾਅ ਦਿੱਤਾ। ਇਸ ਤੋਂ ਪਹਿਲਾਂ ਮਾਲ ਮੰਤਰੀ ਜਗਤ ਸਿੰਘ ਨੇਗੀ ਨੇ ਵਿਧਾਨ ਸਭਾ ਵਿੱਚ ਬਿੱਲ ਪੇਸ਼ ਕੀਤਾ। ਭਾਜਪਾ ਵਿਧਾਇਕ ਰਣਧੀਰ ਸ਼ਰਮਾ ਨੇ ਸਟੈਂਪ ਡਿਊਟੀ ਵਿੱਚ ਵਾਧੇ ’ਤੇ ਸਖ਼ਤ ਇਤਰਾਜ਼ ਜਤਾਇਆ ਅਤੇ ਸਰਕਾਰ ਨੂੰ ਚੈਰੀਟੇਬਲ ਸੰਸਥਾਵਾਂ ਨੂੰ ਛੋਟ ਦੇਣ ਦੀ ਅਪੀਲ ਕੀਤੀ।
ਭਾਜਪਾ ਵਿਧਾਇਕ ਤ੍ਰਿਲੋਕ ਜਾਮਵਾਲ ਨੇ ਖੇਤੀਬਾੜੀ ਸੁਸਾਇਟੀਆਂ ਲਈ ਰਿਆਇਤਾਂ ਦੀ ਮੰਗ ਕਰਦਿਆਂ ਦਲੀਲ ਦਿੱਤੀ ਕਿ 12 ਫੀਸਦੀ ਸਟੈਂਪ ਡਿਊਟੀ ਨਾਜਾਇਜ਼ ਸੀ। ਉਨ੍ਹਾਂ ਸੁਝਾਅ ਦਿੱਤਾ ਕਿ ਲਾਭਕਾਰੀ ਅਤੇ ਗੈਰ-ਲਾਭਕਾਰੀ ਸੰਸਥਾਵਾਂ ਲਈ ਵੱਖ-ਵੱਖ ਸਟੈਂਪ ਡਿਊਟੀ ਦਰਾਂ ਪਰਿਭਾਸ਼ਿਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਸਿਰਫ ਵਿਰੋਧੀ ਧਿਰ ਹੀ ਨਹੀਂ, ਸਗੋਂ ਕਾਂਗਰਸ ਦੇ ਵਿਧਾਇਕਾਂ ਨੇ ਵੀ ਇਸ ਬਿੱਲ ’ਤੇ ਆਪਣੀਆਂ ਚਿੰਤਾਵਾਂ ਜ਼ਾਹਰ ਕੀਤੀਆਂ ਹਨ। ਵਿਧਾਇਕ ਹਰੀਸ਼ ਜਨਾਰਥ, ਸੁਦਰਸ਼ਨ ਬਬਲੂ, ਕੇਵਲ ਸਿੰਘ ਪਠਾਨੀਆ ਅਤੇ ਵਿਨੋਦ ਸੁਲਤਾਨਪੁਰੀ ਨੇ ਸਰਕਾਰ ਨੂੰ ਸਮਾਜਿਕ ਕਾਰਜਾਂ ਵਿੱਚ ਸ਼ਾਮਲ ਸੰਸਥਾਵਾਂ ਨੂੰ ਰਾਹਤ ਦੇਣ ਦੀ ਅਪੀਲ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਹਿਮਾਚਲ ਪ੍ਰਦੇਸ਼ ਕਿਰਾਏਦਾਰੀ ਅਤੇ ਭੂਮੀ ਸੁਧਾਰ ਐਕਟ ਦੀ ਧਾਰਾ 118 ਤਹਿਤ ਇਜਾਜ਼ਤਾਂ ਸਬੰਧੀ ਸੁਝਾਅ ਵੀ ਪੇਸ਼ ਕੀਤੇ।