ਵਿਰਾਸਤੀ ਫਰਨੀਚਰ: ਫਰਾਂਸ ਦੇ ਅਧਿਕਾਰੀ ਵੱਲੋਂ ਪ੍ਰਸ਼ਾਸਕ ਨਾਲ ਮੁਲਾਕਾਤ
ਆਤਿਸ਼ ਗੁਪਤਾ
ਚੰਡੀਗੜ੍ਹ, 29 ਨਵੰਬਰ
ਚੰਡੀਗੜ੍ਹ ਦੇ ਵਿਰਾਸਤੀ ਫਰਨੀਚਰ ਦੀ ਲਗਾਤਾਰ ਵਿਦੇਸ਼ਾਂ ਵਿੱਚ ਹੋ ਰਹੀ ਨਿਲਾਮੀ ਰੋਕਣ ਦੇ ਮੁੱਦੇ ’ਤੇ ਅੱਜ ਫਰਾਂਸ ਦੂਤਾਵਾਸ ਦੇ ਸੀਨੀਅਰ ਪੁਲੀਸ ਅਧਿਕਾਰੀ ਫੈਬਰਿਸ ਕੋਟੇਲ ਨੇ ਚੰਡੀਗੜ੍ਹ ਵਿੱਚ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ, ਡੀਜੀਪੀ ਪਰਵੀਰ ਰੰਜਨ ਤੇ ਹੋਰਨਾਂ ਪੁਲੀਸ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਫਰਾਂਸ ਦੇ ਪੁਲੀਸ ਅਧਿਕਾਰੀਆਂ ਨੇ ਚੰਡੀਗੜ੍ਹ ਦੇ ਵਿਰਾਸਤੀ ਫਰਨੀਚਰ ਦੀ ਵਿਦੇਸ਼ਾਂ ’ਚ ਹੋ ਰਹੀ ਨਿਲਾਮੀ ਰੋਕਣ ਲਈ ਵੱਖ-ਵੱਖ ਮੁੱਦਿਆ ’ਤੇ ਵਿਚਾਰ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਯੂਟੀ ਪ੍ਰਸ਼ਾਸਨ ਵਿਰਾਸਤੀ ਵਸਤੂਆਂ ਦੀ ਨਿਲਾਮੀ ਰੋਕਣ ਲਈ ਪਹਿਲਾਂ ਆਪਣੇ ਅੰਦਰੂਨੀ ਮਾਮਲਿਆਂ ਨੂੰ ਸੁਲਝਾਵੇ, ਉਸ ਤੋਂ ਬਾਅਦ ਕੇਂਦਰੀ ਵਿਦੇਸ਼ ਮੰਤਰਾਲੇ ਦੇ ਸਹਿਯੋਗ ਨਾਲ ਵਿਦੇਸ਼ੀ ਮੁੱਦਿਆਂ ਦੀ ਸਹੀ ਢੰਗ ਨਾਲ ਪੈਰਵੀ ਕਰੇ।
ਫੈਬਰਿਸ ਕੋਟੇਲ ਨੇ ਕਿਹਾ ਕਿ ਚੰਡੀਗੜ੍ਹ ’ਚ ਵਿਰਾਸਤੀ ਵਸਤੂਆਂ ਦੀ ਚੋਰੀ ਸਬੰਧੀ ਅੱਠ ਕੇਸ ਦਰਜ ਹਨ। ਚੰਡੀਗੜ੍ਹ ਪੁਲੀਸ ਨੂੰ ਪਹਿਲਾਂ ਇਨ੍ਹਾਂ ਦੀ ਜਾਂਚ ਮੁਕੰਮਲ ਕਰਨੀ ਚਾਹੀਦੀ ਹੈ। ਉਸ ਤੋਂ ਬਾਅਦ ਵਿਰਾਸਤੀ ਵਸਤਾਂ ਦੀ ਸਹੀ ਢੰਗ ਨਾਲ ਸੂਚੀ ਤਿਆਰ ਕਰ ਕੇ ਕੇਂਦਰੀ ਵਿਦੇਸ਼ ਮੰਤਰਾਲੇ ਰਾਹੀਂ ਵੱਖ-ਵੱਖ ਦੇਸ਼ਾਂ ਕੋਲ ਮੁੱਦਾ ਉਠਾਵੇ। ਉਨ੍ਹਾਂ ਕਿਹਾ ਕਿ ਵਿਰਾਸਤੀ ਵਸਤੂਆਂ ਦੀ ਸੰਭਾਲ ਲਈ ਪਿਛਲੇ ਸਾਲ ਲਈ ਫਰਾਂਸ ਦਾ ਡੈਲੀਗੇਸ਼ਨ ਚੰਡੀਗੜ੍ਹ ਆਇਆ ਸੀ, ਪਰ ਵਿਰਾਸਤੀ ਵਸਤੂਆਂ ਦੀ ਮੁਕੰਮਲ ਸੂਚੀ ਨਾ ਹੋਣ ਕਰ ਕੇ ਮਾਮਲਾ ਵਿਚਕਾਰ ਹੀ ਲਟਕ ਗਿਆ ਸੀ। ਉਨ੍ਹਾਂ ਨੇ ਯੂਟੀ ਪ੍ਰਸ਼ਾਸਨ ਨੂੰ ਵਿਰਾਸਤੀ ਵਸਤੂਆਂ ਦੀ ਸੰਭਾਲ ਲਈ ਸਹਿਯੋਗ ਕਰਨ ਦਾ ਭਰੋਸਾ ਦਿਵਾਇਆ।
ਕੋਟੇਲ ਨੇ ਕਿਹਾ ਕਿ ਫਰਾਂਸ ਸਰਕਾਰ ਵਿਰਾਸਤੀ ਵਸਤੂਆਂ ਦੀ ਸੰਭਾਲ ਲਈ ਗੰਭੀਰ ਹੈ। ਇਸ ਸਬੰਧੀ ਉਹ ਮਾਰਚ 2022 ਵਿੱਚ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਪੱਤਰ ਲਿੱਖ ਚੁੱਕੀ ਹੈ, ਪਰ ਇਹ ਮਾਮਲਾ ਚੰਡੀਗੜ੍ਹ ਨਾਲ ਸਬੰਧਤ ਹੋਣ ਕਰ ਕੇ ਕਿਸੇ ਤਣ-ਪੱਤਣ ਨਹੀਂ ਲੱਗਿਆ। ਉਨ੍ਹਾਂ ਕਿਹਾ ਕਿ ਫਰਾਂਸ ਵੱਲੋਂ ਹੁਣ ਚੰਡੀਗੜ੍ਹ ਦੇ ਪ੍ਰਸ਼ਾਸਕ ਨਾਲ ਮੁਲਾਕਾਤ ਕਰ ਕੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ। ਦੂਜੇ ਪਾਸੇ, ਚੰਡੀਗੜ੍ਹ ਦੇ ਸਮਾਜ ਸੇਵੀ ਅਜੈ ਜੱਗਾ ਨੇ ਕਿਹਾ ਕਿ ਪੁਲੀਸ ਜਾਂਚ ਵਿੱਚ ਵਿਦੇਸ਼ਾਂ ਵਿੱਚ ਵਿਰਾਸਤੀ ਵਸਤੂਆਂ ਦੀ ਨਿਲਾਮੀ ਕਰਵਾਉਣ ਵਾਲਿਆਂ ਨੂੰ ਵੀ ਪਾਰਟੀ ਬਣਾਉਣਾ ਚਾਹੀਦਾ ਹੈ, ਜਿਸ ਨਾਲ ਇਹ ਜਾਂਚ ਸਹੀ ਢੰਗ ਨਾਲ ਨੇਪਰੇ ਚਾੜ੍ਹੀ ਜਾ ਸਕੇ।
ਦੱਸਣਯੋਗ ਹੈ ਕਿ ਇਕ ਸਾਲ ਪਹਿਲਾਂ ਲੀ ਕਾਰਬੂਜ਼ੀਅਰ ਫਾਊਂਡੇਸ਼ਨ ਦੇ ਵਫ਼ਦ ਨੇ ਵਿਰਾਸਤੀ ਵਸਤੂਆਂ ਦੀ ਸੰਭਾਲ ਦੇ ਮੁੱਦੇ ’ਤੇ ਯੂਟੀ ਪ੍ਰਸ਼ਾਸਕ ਦੇ ਸਲਾਹਕਾਰ ਨਾਲ ਮੁਲਾਕਾਤ ਕੀਤੀ ਸੀ। ਇਸ ਦੌਰਾਨ ਵਫ਼ਦ ਨੇ ਵਸਤੂਆਂ ਦੀ ਸੰਭਾਲ ਲਈ ਕਈ ਸੁਝਾਅ ਦਿੱਤੇ ਸਨ। ਇਸ ਮੁਲਾਕਾਤ ਨੂੰ ਇਕ ਸਾਲ ਬੀਤ ਜਾਣ ਦੇ ਬਾਵਜੂਦ ਪ੍ਰਸ਼ਾਸਨ ਵਿਰਾਸਤੀ ਵਸਤੂਆਂ ਦੀ ਸੰਭਾਲ ਲਈ ਕੋਈ ਪੈਰਵੀ ਨਹੀਂ ਕਰ ਸਕਿਆ।