ਟੋਭੇ ਵਿੱਚ ਪਾਣੀ ਪੀਣ ਵੜੀਆਂ 15 ਮੱਝਾਂ ਮਰੀਆਂ
ਜਗਮੋਹਨ ਸਿੰਘ/ਮਿਹਰ ਸਿੰਘ
ਰੂਪਨਗਰ/ਕੁਰਾਲੀ, 14 ਮਈ
ਇੱਥੋਂ ਨੇੜਲੇ ਪਿੰਡ ਸੰਤਪੁਰ ਚੁਪਕੀ ਦੇ ਟੋਭੇ ਵਿੱਚ ਪਾਣੀ ਪੀਣ ਵੜੀਆਂ 15 ਮੱਝਾਂ ਦੀ ਮੌਤ ਹੋ ਗਈ। ਪਿੰਡ ਦੇ ਸਰਪੰਚ ਬਲਵਿੰਦਰ ਸਿੰਘ, ਬਾਬਾ ਗਾਜ਼ੀਦਾਸ ਕਲੱਬ ਰੋਡਮਾਜਰਾ ਚੱਕਲਾਂ ਦੇ ਪ੍ਰਧਾਨ ਦਵਿੰਦਰ ਸਿੰਘ ਬਾਜਵਾ ਤੇ ਕਿਸਾਨ ਆਗੂ ਮੋਹਰ ਸਿੰਘ ਖਾਬੜਾ ਨੇ ਦੱਸਿਆ ਕਿ ਦੁਪਹਿਰ ਵੇਲੇ ਪਿੰਡ ਮਾਜਰੀ ਠੇਕੇਦਾਰਾਂ ਨੇੜੇ ਰਹਿਣ ਵਾਲਾ ਗਾਮਾ ਗੁੱਜਰ ਚੁਪਕੀ ਪਿੰਡ ਨੇੜੇ ਖੇਤਾਂ ਵਿੱਚ ਮੱਝਾਂ ਚਰਾ ਰਿਹਾ ਸੀ। ਇਸੇ ਦੌਰਾਨ ਉਸ ਦੀਆਂ ਮੱਝਾਂ ਪਾਣੀ ਪੀਣ ਲਈ ਸੰਤਪੁਰ ਚੁਪਕੀ ਪਿੰਡ ਦੇ ਟੋਭੇ ਵਿੱਚ ਵੜ ਗਈਆਂ। ਉਨ੍ਹਾਂ ਦੱਸਿਆ ਕਿ ਮੱਝਾਂ ਟੋਭੇ ਵਿੱਚ ਵੜਦਿਆਂ ਸਾਰ ਕੰਬ ਕੇ ਡਿੱਗਣ ਲੱਗ ਪਈਆਂ। ਮੱਝਾਂ ਦੇ ਮਾਲਕ ਗਾਮੇ ਨੇ ਟੋਭੇ ਵਿੱਚ ਟੁੱਟ ਕੇ ਡਿੱਗੀ ਹੋਈ ਬਿਜਲੀ ਦੀ ਤਾਰ ਦੇਖੀ ਤਾਂ ਉਸ ਨੇ ਦੂਜੀਆਂ ਮੱਝਾਂ ਨੂੰ ਟੋਭੇ ਵਿੱਚ ਵੜਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਸਿਰਫ਼ ਦੋ ਮੱਝਾਂ ਨੂੰ ਹੀ ਬਚਾਉਣ ਵਿੱਚ ਕਾਮਯਾਬ ਹੋ ਸਕਿਆ। ਉਨ੍ਹਾਂ ਦੱਸਿਆ ਕਿ ਟੋਭੇ ਵਿੱਚ ਵੜੀਆਂ ਸਾਰੀਆਂ ਮੱਝਾਂ ਦੀ ਮੌਤ ਹੋ ਗਈ। ਉਨ੍ਹਾਂ ਦੋਸ਼ ਲਗਾਇਆ ਕਿ ਮੱਝਾਂ ਦੀ ਮੌਤ ਕਰੰਟ ਲੱਗਣ ਕਾਰਨ ਹੋਈ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਗ਼ਰੀਬ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਕੀਤੀ।
ਦੂਜੇ ਪਾਸੇ, ਪਾਵਰਕੌਮ ਸੰਚਾਲਨ ਉਪ-ਮੰਡਲ ਸੁਖਰਾਮਪੁਰ ਦੇ ਐੱਸਡੀਓ ਪ੍ਰਭਾਤ ਸ਼ਰਮਾ ਨੇ ਕਰੰਟ ਲੱਗਣ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਤਾਰ ਟੋਭੇ ਵਿੱਚ ਡਿੱਗਦੇ ਸਾਰ ਹੀ ਫਿਊਜ਼ ਉੱਡ ਗਏ ਸਨ। ਉਨ੍ਹਾਂ ਕਿਹਾ ਕਿ ਮੱਝਾਂ ਮਰਨ ਦਾ ਕਾਰਨ ਕੁੱਝ ਹੋਰ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪਸ਼ੂ ਪਾਲਣ ਮਹਿਕਮੇ ਵੱਲੋਂ ਮੱਝਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਤੇ ਰਿਪੋਰਟ ਉਪਰੰਤ ਹੀ ਅਸਲ ਤੱਥ ਸਾਹਮਣੇ ਆਉਣਗੇ।