ਮੁਹਾਲੀ ਦੀਆਂ ਸੜਕਾਂ ਦੀ ਨੁਹਾਰ ਬਦਲੀ ਜਾਵੇਗੀ: ਜੀਤੀ ਸਿੱਧੂ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 14 ਮਈ
ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਸ਼ਹਿਰ ਦੀਆਂ ਸੜਕਾਂ ਦੀ ਨੁਹਾਰ ਬਦਲਣ ਲਈ ਵਿੱਢੀ ਮੁਹਿੰਮ ਦੇ ਤਹਿਤ ਅੱਜ ਇੱਥੋਂ ਦੇ ਫੇਜ਼-11 (ਵਾਰਡ ਨੰਬਰ-20 ਤੇ 21) ਵਿੱਚ ਸੜਕਾਂ ਦੀ ਮੁਰੰਮਤ ਅਤੇ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ ਕਰਵਾਇਆ। ਉਨ੍ਹਾਂ ਕਿਹਾ ਕਿ ਇਸ ਕੰਮ ਉੱਤੇ 35 ਲੱਖ ਰੁਪਏ ਖ਼ਰਚ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰੀਮਿਕਸ ਪਾਉਣ ਤੋਂ ਬਾਅਦ ਇਨ੍ਹਾਂ ਸੜਕਾਂ ਅਤੇ ਇਲਾਕੇ ਦੀ ਨੁਹਾਰ ਬਦਲ ਜਾਵੇਗੀ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਵੀ ਹਾਜ਼ਰ ਸਨ।
ਫੇਜ਼-11 ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਦੀ ਸਮੱਸਿਆ ਬਾਰੇ ਮੇਅਰ ਸਿੱਧੂ ਨੇ ਕਿਹਾ ਕਿ ਪਾਣੀ ਦੀ ਨਿਕਾਸੀ ਲਈ ਦੋ ਕਰੋੜ ਰੁਪਏ ਦੀ ਲਾਗਤ ਨਾਲ ਪਾਈਪਲਾਈਨ ਪਾਈ ਜਾ ਰਹੀ ਹੈ। ਬਰਸਾਤ ਦੇ ਦਿਨਾਂ ਵਿੱਚ ਇਸ ਖੇਤਰ ਨੂੰ ਪਾਣੀ ਦੀ ਵੱਡੀ ਮਾਰ ਪੈਂਦੀ ਸੀ ਅਤੇ ਬਰਸਾਤੀ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਜਾਂਦਾ ਸੀ ਪਰ ਹੁਣ ਇਹ ਸਮੱਸਿਆ ਹੱਲ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਪਾਈਪਲਾਈਨ ਪੈਟਰੋਲ ਪੰਪ ਤੋਂ ਮੰਦਰ ਤੱਕ ਅਤੇ ਮੰਦਰ ਤੋਂ ਜਗਤਪੁਰਾ ਤੱਕ ਪਾਈ ਜਾ ਰਹੀ ਹੈ।
ਜੀਤੀ ਸਿੱਧੂ ਨੇ ਕਿਹਾ ਕਿ ਸੀਵਰੇਜ ਦਾ ਪਾਣੀ ਓਵਰਫ਼ਲੋ ਹੋਣ ਦੀ ਸਮੱਸਿਆ ਵੀ ਹੱਲ ਕੀਤੀ ਜਾ ਰਹੀ ਹੈ। ਉਨ੍ਹਾਂ ਵਾਰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਭਾਵੇਂ ਪ੍ਰਾਈਵੇਟ ਤੌਰ ’ਤੇ ਮਦਦ ਕਿਉਂ ਨਾ ਲੈਣੀ ਪਵੇ, ਇਸ ਵਾਰ ਲੋਕਾਂ ਨੂੰ ਬਰਸਾਤੀ ਪਾਣੀ ਦੀ ਮਾਰ ਤੋਂ ਬਚਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਮੇਅਰ ਨੇ ਕਿਹਾ ਕਿ ਇਸ ਖੇਤਰ ਦੀਆਂ ਸਮੱਸਿਆਵਾਂ ਦੇ ਸਥਾਈ ਹੱਲ ਲਈ ਹੀ ਫੇਜ਼-11 ਵਿੱਚ ਪਾਰਟੀ ਦਫ਼ਤਰ ਖੋਲ੍ਹਿਆ ਗਿਆ ਹੈ।