ਸਿਟੀ ਬਿਊਟੀਫੁੱਲ ਵਿੱਚ ਛੇ ਖੂਨਦਾਨ ਕੈਂਪ
ਕੁਲਦੀਪ ਸਿੰਘ
ਚੰਡੀਗੜ੍ਹ, 14 ਮਈ
ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਅੱਜ ਛੇ ਥਾਵਾਂ ਉੱਤੇ ਖੂਨਦਾਨ ਕੈਂਪ ਲਗਾਏ ਗਏ। ਵੱਖ-ਵੱਖ ਸੰਸਥਾਵਾਂ ਵੱਲੋਂ ਲਗਾਏ ਗਏ ਇਨ੍ਹਾਂ ਕੈਂਪਾਂ ਵਿੱਚ ਮੇਅਰ ਹਰਪ੍ਰੀਤ ਕੌਰ ਬਬਲਾ ਨੇ ਸ਼ਮੂਲੀਅਤ ਕੀਤੀ। ਇਨ੍ਹਾਂ ਕੈਂਪਾਂ ਵਿੱਚ ਕੁੱਲ 530 ਯੂਨਿਟ ਖੂਨ ਇਕੱਤਰ ਕੀਤਾ ਗਿਆ। ਇਸ ਨਾਲ ਸ਼ਹਿਰ ਵਿੱਚ ਖੂਨਦਾਨ ਦਾ ਇੱਕ ਨਵਾਂ ਰਿਕਾਰਡ ਬਣਿਆ ਹੈ।
ਮੇਅਰ ਨੇ ਕਮਿਊਨਿਟੀ ਸੈਂਟਰ ਮਨੀਮਾਜਰਾ ਕੰਪਲੈਕਸ (ਗੋਬਿੰਦਪੁਰਾ), ਮਹਿਲਾ ਭਵਨ ਸੈਕਟਰ 38, ਮਾਰਕੀਟ ਸੈਕਟਰ 15, ਸੈਕਟਰ 19 ਦੀ ਮਾਰਕੀਟ, ਕਮਿਊਨਿਟੀ ਸੈਂਟਰ, ਸੈਕਟਰ 28, ਨਗਰ ਨਿਗਮ ਇਮਾਰਤ ਸੈਕਟਰ 17, ਚੰਡੀਗੜ੍ਹ ਵਿੱਚ ਸ਼ਮੂਲੀਅਤ ਕੀਤੀ।
ਨਿਗਮ ਕਮਿਸ਼ਨਰ ਅਮਿਤ ਕੁਮਾਰ ਨੇ ਨਿਗਮ ਇਮਾਰਤ ਸੈਕਟਰ-17 ਵਿਚ ਕੈਂਪ ਦਾ ਉਦਘਾਟਨ ਕੀਤਾ। ਇਹ ਕੈਂਪ ਨਗਰ ਨਿਗਮ ਇੰਜਨੀਅਰ ਐਸੋਸੀਏਸ਼ਨ ਵੱਲੋਂ ਲਗਾਇਆ ਗਿਆ ਸੀ। ਕਮਿਸ਼ਨਰ ਨੇ ਨਾ ਸਿਰਫ਼ ਖੂਨਦਾਨੀਆਂ ਦਾ ਸਨਮਾਨ ਕੀਤਾ ਬਲਕਿ ਵਾਲੰਟੀਅਰਾਂ ਦਾ ਮਨੋਬਲ ਵਧਾਉਣ ਲਈ ਕੈਂਪ ਦੌਰਾਨ ਖ਼ੁਦ ਵੀ ਖੂਨਦਾਨ ਕੀਤਾ।
ਸੈਕਟਰ-15 ਦੀ ਮਾਰਕੀਟ ਵਿੱਚ ਚੰਡੀਗੜ੍ਹ ਵਪਾਰ ਮੰਡਲ ਵੱਲੋਂ ਪ੍ਰਧਾਨ ਸੰਜੀਵ ਚੱਢਾ ਦੀ ਅਗਵਾਈ ਹੇਠ ਲਗਾਏ ਕੈਂਪ ਦਾ ਉਦਘਾਟਨ ਨਿਗਮ ਦੀ ਡਿਪਟੀ ਮੇਅਰ ਤਰੁਣਾ ਮਹਿਤਾ ਵੱਲੋਂ ਕੀਤਾ ਗਿਆ। ਕੈਂਪ ਦੌਰਾਨ ਪ੍ਰਧਾਨ ਸੰਜੀਵ ਚੱਢਾ ਅਤੇ ਵਪਾਰ ਮੰਡਲ ਦੇ ਹੋਰਨਾਂ ਅਹੁਦੇਦਾਰਾਂ ਨੇ ਵੀ ਖੂਨਦਾਨ ਕੀਤਾ।
ਸੈਕਟਰ-19 ਦੀ ਮਾਰਕੀਟ ਵਿੱਚ ਰੋਟਰੀ ਅਤੇ ਬਲੱਡ ਬੈਂਕ ਸੁਸਾਇਟੀ ਰਿਸੋਰਸ ਸੈਂਟਰ ਅਤੇ ਏਰੀਆ ਮਾਰਕੀਟ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਜਸਬੀਰ ਸਿੰਘ ਬੰਟੀ ਨੇ ਕੀਤਾ।
ਇਸੇ ਤਰ੍ਹਾਂ ਗੋਬਿੰਦਪੁਰਾ ਦੇ ਕਮਿਊਨਿਟੀ ਸੈਂਟਰ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਮੇਅਰ ਹਰਪ੍ਰੀਤ ਕੌਰ ਬਬਲਾ ਨੇ ਕੀਤਾ। ਉਨ੍ਹਾਂ ਦੇ ਨਾਲ ਨਿਗਮ ਕਮਿਸ਼ਨਰ ਅਮਿਤ ਕੁਮਾਰ ਤੇ ਸੰਯੁਕਤ ਕਮਿਸ਼ਨਰ ਸੁਮਿਤ ਸਿਹਾਗ ਵੀ ਹਾਜ਼ਰ ਸਨ। ਇਸ ਮੌਕੇ ਵਾਰਡ ਨੰਬਰ-6 ਤੋਂ ਨਿਗਮ ਕੌਂਸਲਰ ਅਤੇ ਸਾਬਕਾ ਮੇਅਰ ਸਰਬਜੀਤ ਕੌਰ ਨੇ ਦੱਸਿਆ ਕਿ ਇਹ ਖੂਨਦਾਨ ਕੈਂਪ ਬੀਤੇ ਦਿਨੀਂ ਭਾਰਤ-ਪਾਕਿ ਵਿਚਾਲੇ ਵਧੇ ਤਣਾਅ ਦੌਰਾਨ ਭਾਰਤ ਸਰਕਾਰ ਵੱਲੋਂ ਕੀਤੇ ਗਏ ਅਪਰੇਸ਼ਨ ਸਿੰਧੂਰ ਵਿੱਚ ਦੇਸ਼ ਦੀ ਸੇਵਾ ਵਿੱਚ ਡਟੇ ਫ਼ੌਜੀਆਂ ਦੇ ਵਾਸਤੇ ਲਗਾਇਆ ਗਿਆ ਹੈ ਤਾਂ ਕਿ ਅਜਿਹੇ ਹਾਲਾਤ ਵਿੱਚ ਜ਼ਖ਼ਮੀਆਂ ਦੇ ਵਾਸਤੇ ਲੋੜ ਪੈਣ ਉੱਤੇ ਖੂਨ ਦੀ ਕਮੀ ਨਾ ਹੋ ਸਕੇ। ਸਾਬਕਾ ਡਿਪਟੀ ਮੇਅਰ ਜਗਤਾਰ ਜੱਗਾ ਨੇ ਦੱਸਿਆ ਕਿ ਇਸ ਕੈਂਪ ਵਿੱਚ 60 ਦੇ ਕਰੀਬ ਦਾਨੀ ਖੂਨਦਾਨ ਲਈ ਆਏ ਪਰ 45 ਵਿਅਕਤੀ ਹੀ ਖੂਨਦਾਨ ਕਰ ਸਕੇ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਸੈਣੀ, ਮੰਡਲ ਨੰਬਰ-5 ਦੇ ਪ੍ਰਧਾਨ ਖੁਸ਼ਪਾਲ, ਮੰਡਲ ਨੰਬਰ-6 ਦੇ ਪ੍ਰਧਾਨ ਰਾਜੀਵ ਢੀਂਗਰਾ ਆਦਿ ਵੀ ਹਾਜ਼ਰ ਸਨ।
ਮੀਡੀਆ ਨਾਲ ਗੱਲਬਾਤ ਕਰਦਿਆਂ ਮੇਅਰ ਹਰਪ੍ਰੀਤ ਕੌਰ ਬਬਲਾ ਨੇ ਨਿਯਮਿਤ ਸਵੈ-ਇੱਛਤ ਖੂਨਦਾਨ ਦੀ ਮਹੱਤਤਾ ’ਤੇ ਚਾਨਣਾ ਪਾਇਆ ਅਤੇ ਚੰਡੀਗੜ੍ਹ ਦੇ ਨਾਗਰਿਕਾਂ ਦੀ ਅਜਿਹੀ ਏਕਤਾ ਅਤੇ ਹਮਦਰਦੀ ਨਾਲ ਕੈਂਪਾਂ ਵਿੱਚ ਸ਼ਮੂਲੀਅਤ ਕਰਨ ਦੀ ਸ਼ਲਾਘਾ ਕੀਤੀ।