‘ਅਬੀਰ ਗੁਲਾਲ’ ਵਿੱਚ ਨਜ਼ਰ ਆਉਣਗੇ ਫ਼ਵਾਦ ਖ਼ਾਨ ਤੇ ਵਾਣੀ ਕਪੂਰ
ਨਵੀਂ ਦਿੱਲੀ: ਪਾਕਿਸਤਾਨੀ ਅਦਾਕਾਰ ਫਵਾਦ ਖ਼ਾਨ ਅਤੇ ਵਾਣੀ ਕਪੂਰ ਦੀ ਫਿਲਮ ‘ਅਬੀਰ ਗੁਲਾਲ’ ਨੌਂ ਮਈ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। ਇਸ ਦਾ ਨਿਰਦੇਸ਼ਨ ਆਰਤੀ ਐੱਸ. ਬਾਗੜੀ ਨੇ ਕੀਤਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ‘ਚਲਦੀ ਰਹੇ ਜ਼ਿੰਦਗੀ’ ਬਣਾਈ ਸੀ। ਇਸ ਦਾ ਨਿਰਮਾਣ ਇੰਡੀਅਨ ਸਟੋਰੀਜ਼ ਵੱਲੋਂ ਏ ਰਿਚਰ ਲੈਂਜ਼ ਅਤੇ ਆਰਜੇ ਪਿਕਚਰਜ਼ ਦੇ ਸਹਿਯੋਗ ਨਾਲ ਕੀਤਾ ਗਿਆ ਹੈ। ਫਿਲਮਕਾਰਾਂ ਨੇ ਮੰਗਲਵਾਰ ਨੂੰ ਫਿਲਮ ਦੀ ਰਿਲੀਜ਼ ਤਰੀਕ ਦਾ ਐਲਾਨ ਕੀਤਾ। ਇਸ ਰੁਮਾਂਟਿਕ ਕਾਮੇਡੀ ਫਿਲਮ ਨਾਲ ਫਵਾਦ ਖ਼ਾਨ ਨੌਂ ਸਾਲਾਂ ਮਗਰੋਂ ਹਿੰਦੀ ਫਿਲਮਾਂ ’ਚ ਵਾਪਸੀ ਕਰ ਰਿਹਾ ਹੈ। ਇਸ ਤੋਂ ਪਹਿਲਾਂ ਉਸ ਨੂੰ ਕਰਨ ਜੌਹਰ ਦੀ ਸਾਲ 2016 ਵਿੱਚ ਆਈ ਫਿਲਮ ‘ਐ ਦਿਲ ਹੈ ਮੁਸ਼ਕਿਲ’ ਵਿੱਚ ਦੇਖਿਆ ਗਿਆ ਸੀ। ਫਵਾਦ ਭਾਰਤ ਵਿੱਚ ਪਾਕਿਸਤਾਨੀ ਸੀਰੀਅਲ ‘ਜ਼ਿੰਦਗੀ ਗੁਲਜ਼ਾਰ ਹੈ’, ਅਤੇ ‘ਹਮਸਫ਼ਰ’ ਨਾਲ ਚਰਚਾ ਵਿੱਚ ਆਇਆ ਸੀ। ਉਸ ਨੇ ਬੌਲੀਵੁੱਡ ਫਿਲਮਾਂ ‘ਖੂਬਸੂਰਤ’ ਅਤੇ ‘ਕਪੂਰ ਐਂਡ ਸਨਜ਼’ ਵਿੱਚ ਅਦਾਕਾਰੀ ਕੀਤੀ ਸੀ। ਹਾਲ ਹੀ ਵਿੱਚ ਵਾਣੀ ਨੂੰ ਫਿਲਮ ‘ਖੇਲ ਖੇਲ ਮੇਂ’ ਵਿੱਚ ਅਕਸ਼ੈ ਕੁਮਾਰ, ਐਮੀ ਵਿਰਕ ਅਤੇ ਤਾਪਸੀ ਪੰਨੂ ਨਾਲ ਦੇਖਿਆ ਗਿਆ ਸੀ। -ਪੀਟੀਆਈ