ਪਾਣੀ ਦੀ ਕਦਰ
ਬਾਲ ਕਹਾਣੀ
ਹਰਿੰਦਰ ਸਿੰਘ ਗੋਗਨਾ
ਅੱਧੀ ਛੁੱਟੀ ਦੀ ਘੰਟੀ ਵੱਜਦਿਆਂ ਹੀ ਬਬਲੂ ਦੌੜ ਕੇ ਪਾਣੀ ਦੀ ਟੂਟੀ ਵੱਲ ਆਇਆ ਕਿਉਂਕਿ ਗਰਮੀ ਜ਼ਿਆਦਾ ਹੋਣ ਕਾਰਨ ਉਸ ਨੂੰ ਬਹੁਤ ਪਿਆਸ ਲੱਗੀ ਸੀ। ਫਿਰ ਉਸ ਨੇ ਰੱਜ ਕੇ ਪਾਣੀ ਪੀਤਾ ਤੇ ਟੂਟੀ ਨੂੰ ਬੇਕਾਰ ਵਿੱਚ ਹੀ ਖੁੱਲ੍ਹਾ ਛੱਡ ਕੇ ਚਲਾ ਗਿਆ। ਉਸ ਦੇ ਪਿੱਛੇ ਹੀ ਰਮਨ ਵੀ ਪਾਣੀ ਪੀਣ ਆਇਆ ਤੇ ਫਿਰ ਉਸ ਨੇ ਪਾਣੀ ਪੀ ਕੇ ਟੂਟੀ ਨੂੰ ਚੰਗੀ ਤਰ੍ਹਾਂ ਬੰਦ ਕਰ ਦਿੱਤਾ।
ਬਬਲੂ ਬੜਾ ਲਾਪਰਵਾਹ ਸੀ। ਘਰ ਵਿੱਚ ਵੀ ਉਹ ਪਾਣੀ ਦੀ ਬਿਲਕੁਲ ਕਦਰ ਨਹੀਂ ਸੀ ਕਰਦਾ। ਉਸ ਦੇ ਮੰਮੀ-ਪਾਪਾ ਨੂੰ ਉਸ ਨਾਲ ਹਮੇਸ਼ਾਂ ਸ਼ਿਕਾਇਤ ਰਹਿੰਦੀ ਸੀ ਕਿ ਉਹ ਬੇਕਾਰ ਵਿੱਚ ਪਾਣੀ ਬਰਬਾਦ ਕਰਦਾ ਰਹਿੰਦਾ ਹੈ। ਨਹਾਉਣ ਸਮੇਂ ਅਤੇ ਬੁਰਸ਼ ਕਰਦੇ ਹੋਏ ਉਹ ਕਿੰਨਾ ਚਿਰ ਟੂਟੀ ਨੂੰ ਖੁੱਲ੍ਹਾ ਹੀ ਛੱਡ ਕੇ ਰੱਖਦਾ ਸੀ ਤੇ ਕਦੇ ਕਦਾਈਂ ਤਾਂ ਕਾਹਲੀ ਵਿੱਚ ਟੂਟੀ ਨੂੰ ਬੰਦ ਕਰਨਾ ਵੀ ਭੁੱਲ ਜਾਂਦਾ ਸੀ। ਉਸ ਦੇ ਮੰਮੀ ਜਾਂ ਪਾਪਾ ਹੀ ਟੂਟੀ ਨੂੰ ਚੰਗੀ ਤਰ੍ਹਾਂ ਬੰਦ ਕਰਦੇ ਤੇ ਬਬਲੂ ਨੂੰ ਡਾਂਟਦੇ, ਪਰ ਬਬਲੂ ’ਤੇ ਇਸ ਦਾ ਕੋਈ ਅਸਰ ਨਾ ਹੁੰਦਾ। ਉਹ ਕੋਈ ਨਾ ਕੋਈ ਸਫ਼ਾਈ ਦੇ ਕੇ ਮੁਆਫ਼ੀ ਮੰਗ ਲੈਂਦਾ।
ਰਮਨ ਨੇ ਬਬਲੂ ਨੂੰ ਕਈ ਵਾਰ ਸਕੂਲ ਸਮੇਂ ਦੌਰਾਨ ਟੂਟੀ ਖੁੱਲ੍ਹੀ ਛੱਡਦੇ ਦੇਖਿਆ ਅਤੇ ਇਸ ਲਈ ਟੋਕਿਆ ਵੀ ਸੀ। ਬਬਲੂ ਇਹ ਕਹਿ ਕੇ ਰਮਨ ਦੀ ਗੱਲ ਨੂੰ ਟਾਲ ਦਿੰਦਾ ਸੀ ਕਿ ਪਿਆਸ ਤਾਂ ਸਭ ਨੂੰ ਲੱਗਦੀ ਹੈ, ਕੋਈ ਨਾ ਕੋਈ ਆ ਕੇ ਟੂਟੀ ਬੰਦ ਕਰ ਹੀ ਦੇਵੇਗਾ। ਰਮਨ ਨੇ ਬਬਲੂ ਨੂੰ ਸਮਝਾਇਆ ਕਿ ਸਾਡੇ ਦੇਸ਼ ਵਿੱਚ ਕਈ ਥਾਵਾਂ ’ਤੇ ਪਾਣੀ ਦੀ ਬੜੀ ਘਾਟ ਹੈ, ਕਈ ਜਗ੍ਹਾ ਤਾਂ ਸਮੇਂ ’ਤੇ ਪਾਣੀ ਹੀ ਨਹੀਂ ਮਿਲਦਾ। ਲੋਕਾਂ ਨੂੰ ਦੂਰ-ਦੂਰ ਜਾ ਕੇ ਪਾਣੀ ਲਿਆਉਣਾ ਪੈਂਦਾ ਹੈ ਤੇ ਕਈ ਥਾਵਾਂ ’ਤੇ ਕਤਾਰਾਂ ਵਿੱਚ ਲੱਗ ਕੇ ਪਾਣੀ ਭਰਨਾ ਪੈਂਦਾ ਹੈ।
ਬਬਲੂ ਹੱਸ ਕੇ ਰਮਨ ਨੂੰ ਜੁਆਬ ਦਿੰਦਾ, ‘‘ਯਾਰ ਤੂੰ ਜ਼ਰੂਰ ਲੈਕਚਰਾਰ ਬਣੇਂਗਾ, ਹੁਣ ਆਪਣਾ ਭਾਸ਼ਨ ਬੰਦ ਕਰ ਤੇ ਕੋਈ ਹੋਰ ਵਧੀਆ ਗੱਲ ਕਰ।’’
ਇੱਕ ਦਿਨ ਬਬਲੂ ਸਕੂਲ ਤੋਂ ਘਰ ਜਾ ਰਿਹਾ ਸੀ, ਪਰ ਉਸ ਦਿਨ ਰਮਨ ਸਕੂਲ ਨਹੀਂ ਸੀ ਆਇਆ। ਗਰਮੀ ਕਾਫ਼ੀ ਪੈ ਰਹੀ ਸੀ। ਕੜਕਦੀ ਦੁਪਹਿਰ ਵਿੱਚ ਬਬਲੂ ਦਾ ਸਾਈਕਲ ਪੈਂਚਰ ਹੋ ਗਿਆ। ਉਹ ਹੁਣ ਪੈਦਲ ਹੀ ਸਾਈਕਲ ਨੂੰ ਰੋੜ੍ਹਦਾ ਹੋਇਆ ਘਰ ਨੂੰ ਆ ਰਿਹਾ ਸੀ। ਰਸਤੇ ਵਿੱਚ ਕੋਈ ਪੈਂਚਰ ਲਗਾਉਣ ਵਾਲੀ ਦੁਕਾਨ ਵੀ ਨਹੀਂ ਸੀ। ਇੱਕ ਜਗ੍ਹਾ ਆ ਕੇ ਅਚਾਨਕ ਬਬਲੂ ਨਿਢਾਲ ਹੋ ਕੇ ਹੇਠਾਂ ਡਿੱਗ ਪਿਆ। ਉਸ ਤੋਂ ਜ਼ਿਆਦਾ ਗਰਮੀ ਬਰਦਾਸ਼ਤ ਨਹੀਂ ਸੀ ਹੋਈ।
ਤਦੇ ਹੀ ਉੱਧਰੋਂ ਰਮਨ ਆਪਣੇ ਪਾਪਾ ਨਾਲ ਬਾਈਕ ’ਤੇ ਲੰਘ ਰਿਹਾ ਸੀ। ਉਸ ਨੇ ਬਬਲੂ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਦੇਖਿਆ ਤਾਂ ਆਪਣੇ ਪਾਪਾ ਦੀ ਮਦਦ ਨਾਲ ਉਸ ਨੂੰ ਤੁਰੰਤ ਚੁੱਕਿਆ ਤੇ ਦੋਵੇਂ ਬਬਲੂ ਨੂੰ ਇੱਕ ਛਾਂਦਾਰ ਰੁੱਖ ਹੇਠ ਲੈ ਆਏ। ਰਮਨ ਨੇ ਦੇਖਿਆ ਕਿ ਆਲੇ-ਦੁਆਲੇ ਨਾ ਕੋਈ ਘਰ ਸੀ ਤੇ ਨਾ ਕੋਈ ਵਿਅਕਤੀ। ਅਚਾਨਕ ਬਬਲੂ ਦੇ ਮੂੰਹੋਂ ਨਿਕਲਿਆ, ‘‘ਪਾਣੀ...ਪਾਣੀ...।’’
ਰਮਨ ਨੇ ਦੇਖਿਆ ਕਿ ਉਸ ਦੀ ਜਮਾਤ ਦੇ ਦੋ ਵਿਦਿਆਰਥੀ ਉੱਧਰ ਹੀ ਆ ਰਹੇ ਸਨ। ਉਨ੍ਹਾਂ ਵਿੱਚੋਂ ਇੱਕ ਕੋਲ ਪਾਣੀ ਦੀ ਬੋਤਲ ਸੀ। ਉਸ ਨੇ ਸਹਿਪਾਠੀ ਕੋਲੋਂ ਪਾਣੀ ਦੀ ਬੋਤਲ ਲਈ ਜਿਸ ਵਿੱਚ ਕੁਝ ਪਾਣੀ ਬਚਿਆ ਸੀ। ਰਮਨ ਨੇ ਕੁਝ ਪਾਣੀ ਬਬਲੂ ਦੇ ਮੂੰਹ ਵਿੱਚ ਪਾਇਆ ਤੇ ਕੁਝ ਛਿੱਟੇ ਵੀ ਉਸ ਦੇ ਚਿਹਰੇ ’ਤੇ ਸੁੱਟੇ। ਕੁਝ ਹੀ ਪਲਾਂ ਵਿੱਚ ਬਬਲੂ ਹੋਸ਼ ਵਿੱਚ ਆ ਗਿਆ। ਇਸ ’ਤੇ ਰਮਨ ਨੇ ਬਬਲੂ ਨੂੰ ਆਖਿਆ, ‘‘ਹਿੰਮਤ ਕਰ ਬਬਲੂ, ਮੈਂ ਤੈਨੂੰ ਘਰ ਛੱਡ ਦਿੰਦਾ ਹਾਂ। ਆ ਤੂੰ ਬਾਈਕ ’ਤੇ ਬੈਠ।’’
ਰਮਨ ਨੇ ਬਬਲੂ ਨੂੰ ਬਾਈਕ ਦੇ ਵਿਚਕਾਰ ਬਿਠਾ ਲਿਆ ਤੇ ਇੱਕ ਸਹਿਪਾਠੀ ਨੂੰ ਉਸ ਦਾ ਸਾਈਕਲ ਘਰ ਪਹੁੰਚਾਉਣ ਲਈ ਕਿਹਾ। ਰਮਨ ਤੇ ਉਸ ਦੇ ਪਾਪਾ ਬਬਲੂ ਨੂੰ ਲੈ ਕੇ ਜਦੋਂ ਉਸ ਦੇ ਘਰ ਪੁੱਜੇ ਤਾਂ ਬਬਲੂ ਦੇ ਮੰਮੀ ਉਸ ਦੀ ਹਾਲਤ ਵੇਖ ਕੇ ਘਬਰਾ ਗਏ ਤੇ ਬਬਲੂ ਨੂੰ ਬੈੱਡ ’ਤੇ ਲਿਟਾ ਦਿੱਤਾ। ਬਬਲੂ ਨੇ ਪੀਣ ਲਈ ਹੋਰ ਪਾਣੀ ਮੰਗਿਆ ਤਾਂ ਉਸ ਦੇ ਮੰਮੀ ਪਾਣੀ ਲੈ ਆਏ ਤੇ ਬਬਲੂ ਨੂੰ ਪਿਲਾਇਆ।
ਅਗਲੇ ਦਿਨ ਬਬਲੂ ਠੀਕ ਹੋ ਕੇ ਸਕੂਲ ਆ ਗਿਆ ਸੀ। ਰਮਨ ਨੇ ਉਸ ਨੂੰ ਮਿਲਦਿਆਂ ਹੀ ਉਸ ਦਾ ਹਾਲ ਚਾਲ ਪੁੱਛਿਆ। ਤਦੇ ਬਬਲੂ ਦੀ ਨਿਗ੍ਹਾ ਕੋਲ ਹੀ ਚੱਲਦੀ ਟੂਟੀ ’ਤੇ ਪਈ ਜਿਸ ਨੂੰ ਇੱਕ ਵਿਦਿਆਰਥੀ ਪਾਣੀ ਪੀ ਕੇ ਖੁੱਲ੍ਹਾ ਹੀ ਛੱਡ ਗਿਆ ਸੀ। ਬਬਲੂ ਨੇ ਤੁਰੰਤ ਉਹ ਟੂਟੀ ਚੰਗੀ ਤਰ੍ਹਾਂ ਬੰਦ ਕੀਤੀ।
‘‘ਵਾਹ ਬਬਲੂ, ਤੂੰ ਆਹ ਚੰਗਾ ਕੰਮ ਕੀਤਾ, ਮੈਂ ਵੀ ਇਸ ਨੂੰ ਬੰਦ ਹੀ ਕਰਨ ਵਾਲਾ ਸੀ, ਪਰ ਪਾਣੀ ਦੀ ਸੰਭਾਲ ਪ੍ਰਤੀ ਤੇਰੇ ਵਿੱਚ ਇਹ ਤਬਦੀਲੀ ਕਿਵੇਂ ਆ ਗਈ?’’ ਰਮਨ ਨੇ ਕੁਝ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਤਾਂ ਬਬਲੂ ਮੁਸਕੁਰਾ ਕੇ ਬੋਲਿਆ, ‘‘ਕੱਲ੍ਹ ਜਦੋਂ ਮੈਂ ਬੇਹੋਸ਼ ਹੋ ਗਿਆ ਸੀ ਤਾਂ ਮੈਨੂੰ ਪਾਣੀ ਦੀਆਂ ਕੁਝ ਬੂੰਦਾਂ ਨੇ ਹੀ ਹੋਸ਼ ਵਿੱਚ ਲਿਆਂਦਾ ਸੀ। ਇਸ ’ਤੇ ਮੈਨੂੰ ਅਹਿਸਾਸ ਹੋਇਆ ਕਿ ਥੋੜ੍ਹਾ ਜਿਹਾ ਪਾਣੀ ਵੀ ਕਿੰਨਾ ਅਮੁੱਲ ਐ ਜਦੋਂ ਕਿ ਮੈਂ ਤਾਂ ਰੋਜ਼ਾਨਾ ਹੀ ਕਿੰਨਾ ਪਾਣੀ ਮਸਤੀ ਵਿੱਚ ਬੇਕਾਰ ਵਹਾ ਦਿੰਦਾ ਹਾਂ। ਮੈਂ ਸੋਚ ਲਿਆ ਹੈ ਕਿ ਪਾਣੀ ਦੀ ਕਦੇ ਵੀ ਬੇਕਦਰੀ ਨਹੀਂ ਕਰਾਂਗਾ ਤੇ ਨਾ ਦੂਜਿਆਂ ਨੂੰ ਕਰਨ ਦੇਵਾਂਗਾ।’’
ਬਬਲੂ ਦੀ ਗੱਲ ਸੁਣ ਕੇ ਤੇ ਉਸ ਵਿੱਚ ਆਏ ਪਰਿਵਰਤਨ ਨੂੰ ਵੇਖ ਕੇ ਰਮਨ ਵੀ ਸੱਚੀ ਖ਼ੁਸ਼ੀ ਨਾਲ ਖਿੜ ਗਿਆ।
ਸੰਪਰਕ: 98723-25960