ਸੈਫ਼ ਵਧੀਆ ਕੁੱਕ, ਮੈਥੋਂ ਤਾਂ ਅੰਡਾ ਵੀ ਨਹੀਂ ਉਬਲਦਾ: ਕਰੀਨਾ
ਨਵੀਂ ਦਿੱਲੀ: ਬੌਲੀਵੁੱਡ ਅਦਾਕਾਰਾ ਕਰੀਨਾ ਕਪੂਰ ਖ਼ਾਨ ਦਾ ਕਹਿਣਾ ਹੈ ਕਿ ਉਸ ਨੂੰ ਅਤੇ ਉਸ ਦੇ ਪਤੀ ਨੂੰ ਘਰ ਦਾ ਖਾਣਾ ਬਹੁਤ ਪਸੰਦ ਹੈ। ਉਸ ਨੇ ਕਿਹਾ ਕਿ ਸੈਫ਼ ਅਲੀ ਖ਼ਾਨ ਨੂੰ ਘਰ ਵਿੱਚ ਖਾਣਾ ਬਣਾਉਣ ਦੀ ਆਦਤ ਹੈ ਤੇ ਪਰ ਸੈਫ਼ ਉਸ ਨਾਲੋਂ ਵਧੀਆ ਖਾਣਾ ਬਣਾਉਂਦਾ ਹੈ।
ਅਦਾਕਾਰਾ ਆਪਣੀ ਨਿਊਟ੍ਰੀਸ਼ਿਨਿਸਟ ਰਜੁਤਾ ਦਿਵੇਕਰ ਦੀ ਪੁਸਤਕ ‘ਦਿ ਕਾਮਨਸੈਂਸ ਡਾਈਟ’ ਦੇ ਰਿਲੀਜ਼ ਸਮਾਗਮ ਮੌਕੇ ਸੰਬੋਧਨ ਕਰ ਰਹੀ ਸੀ। ਇਸ ਦੌਰਾਨ ਉਸ ਨੇ ਕਿਹਾ ਕਿ ਦਿਨ ਭਰ ਦੀ ਸਖ਼ਤ ਮਿਹਨਤ ਮਗਰੋਂ ਘਰ ਵਿੱਚ ਬਣੇ ਖਾਣੇ ਦਾ ਸਵਾਦ ਕੁਝ ਵੱਖਰਾ ਹੀ ਹੁੰਦਾ ਹੈ। ਉਸ ਨੇ ਕਿਹਾ, ‘‘ਅਸੀਂ ਦੋਵੇਂ ਜੀਅ ਖਾਣਾ ਬਣਾਉਣਾ ਸਿੱਖ ਰਹੇ ਹਨ। ਅਸੀਂ ਇਸ ਦਾ ਅਨੰਦ ਲੈਂਦੇ ਹਾਂ ਅਤੇ ਇਸ ਨੂੰ ਅਸੀਂ ਆਪਣੀ ਜੀਵਨਸ਼ੈਲੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਸੈਫ਼ ਵਧੀਆ ਕੁੱਕ ਹੈ ਅਤੇ ਮੈਥੋਂ ਤਾਂ ਅੰਡਾ ਵੀ ਉਬਲਦਾ।’’ ਕਰੀਨਾ (44) ਨੇ ਕਿਹਾ ਕਿ ਉਸ ਨੂੰ ਕਈ ਦਿਨ ਤੱਕ ਇੱਕ ਹੀ ਚੀਜ਼ ਖਾਣ ਵਿੱਚ ਕੋਈ ਹਰਜ ਨਹੀਂ। ਜਿਵੇਂ ਖਿਚੜੀ ਖਾਣ ਵਿੱਚ ਉਸ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੈ। ਜੇ ਉਹ ਤਿੰਨ ਦਿਨ ਤੱਕ ਖਿਚੜੀ ਨਹੀਂ ਖਾਂਦੀ ਤਾਂ ਉਸ ਨੂੰ ਖਿਚੜੀ ਖਾਣ ਦੀ ਬੜੀ ਇੱਛਾ ਹੁੰਦੀ ਹੈ। ਅਦਾਕਾਰਾ ਨੇ ਕਿਹਾ ਕਿ ਇੱਕੋ ਜਿਹਾ ਖਾਣਾ ਬਣਾਉਣ ਕਾਰਨ ਉਸ ਦਾ ਰਸੋਈਆ ਪ੍ਰੇਸ਼ਾਨ ਹੋ ਜਾਂਦਾ ਹੈ। ਉਹ ਹਫ਼ਤੇ ਵਿੱਚ ਪੰਜ ਦਿਨ ਖਿਚੜੀ ਖਾ ਕੇ ਖੁਸ਼ ਹੈ। ਇਸ ਵਿੱਚ ਥੋੜ੍ਹਾ ਜਿਹਾ ਘਿਓ ਪਾਉਣ ’ਤੇ ਉਸ ਨੂੰ ਹੋਰ ਸਵਾਦ ਆਉਂਦਾ ਹੈ। ਕਰੀਨਾ ਨੇ ‘ਖਰੌੜਿਆਂ ਦਾ ਸੂਪ’ ਦਾ ਨਾਮ ਲੈਂਦੇ ਹੋਏ ਇਸ ਨੂੰ ਪਰਿਵਾਰ ਦੀ ‘ਗੋਲਡਨ ਡਿਸ਼’ ਕਰਾਰ ਦਿੱਤਾ। -ਪੀਟੀਆਈ