ਆਉਣ ਨ੍ਹੇਰੀਆਂ ਜਾਣ ਨ੍ਹੇਰੀਆਂ, ਵਿੱਚ ਸੱਥ ਦੇ ਗੱਲਾਂ ਹੋਣ ਤੇਰੀਆਂ
ਇਕਬਾਲ ਸਿੰਘ ਹਮਜਾਪੁਰ
ਸੱਥ ਸਾਡੇ ਸੱਭਿਆਚਾਰ ਦੀ ਨਿਸ਼ਾਨੀ ਹੈ ਅਤੇ ਸਾਡੇ ਲੋਕ ਗੀਤਾਂ ਦਾ ਸ਼ਿੰਗਾਰ ਹੈ। ਪਿੰਡ ਅਤੇ ਸੱਥ ਦਾ ਗੂੜ੍ਹਾ ਰਿਸ਼ਤਾ ਹੈ। ਜਿੱਥੇ ਪਿੰਡ ਹੋਵੇ, ਉੱਥੇ ਸੱਥ ਜ਼ਰੂਰ ਹੁੰਦੀ ਹੈ। ਇਹ ਪਿੰਡ ਦੇ ਲੋਕਾਂ ਦੀ ਰੂਹ ਦੀ ਖੁਰਾਕ ਹੈੈ। ਸੱਥ ਵਿੱਚ ਆ ਕੇ ਲੋਕ ਜਿਹੜਾ ਸਕੂਨ ਮਹਿਸੂਸ ਕਰਦੇ ਹਨ, ਉਹ ਹੋਰ ਕਿਧਰੇ ਨਹੀਂ ਮਿਲਦਾ। ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ ਵਿੱਚ ‘ਗ੍ਰਹਿਸੱਥ’ ਤੇ ‘ਮਾਰਗਸੱਥ’ ਸ਼ਬਦਾਂ ਦਾ ਹਵਾਲਾ ਦਿੰਦੇ ਹੋਏ ਸੱਥ ਦਾ ਭਾਵ ਸਾਥ ਦੱਸਦੇ ਹਨ। ਉਨ੍ਹਾਂ ਅਨੁਸਾਰ ਜਿੱਥੇ ਬਹਿ ਕੇ ਲੋਕ ਸਮੇਂ ਸਮੇਂ ’ਤੇ ਇੱਕ ਦੂਸਰੇ ਦਾ ਸਾਥ ਮਾਣਦੇ ਹਨ, ਉਹ ਥਾਂ ਸੱਥ ਹੁੰਦੀ ਹੈ।
ਸੱਥ ਆਪਸੀ ਸਾਂਝ ਤੇ ਮੇਲ ਮਿਲਾਪ ਵਧਾਉਣ ਦਾ ਸਾਧਨ ਹੈ। ਸੱਥ ਵਿੱਚ ਆ ਕੇ ਲੋਕ ਸਾਰੇ ਗਿਲੇ ਸ਼ਿਕਵੇ ਭੁੱਲ ਜਾਂਦੇ ਹਨ। ਸੱਥਾਂ ਵਿੱਚ ਇਕੱਠੇ ਹੋ ਕੇ ਲੋਕ ਨਿੱਜੀ ਮਸਲੇ ਹੀ ਹੱਲ ਨਹੀਂ ਕਰਦੇ ਸਗੋਂ ਪਿੰਡ ਦੀ ਖੁਸ਼ਹਾਲੀ ਤੇ ਤਰੱਕੀ ਲਈ ਵਿਚਾਰ ਵਟਾਂਦਰੇ ਵੀ ਕਰਦੇ ਹਨ। ਸੱਥਾਂ, ਪਿੰਡਾਂ ਵਿੱਚ ਸੁਖਾਵਾ ਮਾਹੌਲ ਸਿਰਜਣ ਵਿੱਚ ਸਹਾਇਕ ਹਨ। ਇਹ ਪਿੰਡਾਂ ਨੂੰ ਇਕਮੁੱਠ ਰਹਿਣਾ ਸਿਖਾਉਂਦੀਆਂ ਹਨ। ਇਹ ਗੱਭਰੂਆਂ ਨੂੰ ਸਚਿਆਰਾ ਬਣਾਉਂਦੀਆਂ ਹਨ। ਸੱਥਾਂ ਮੁਹਾਵਰਿਆਂ, ਅਖਾਣਾਂ ਤੇ ਲੋਕ ਸਿਆਣਪਾਂ ਦਾ ਖ਼ਜ਼ਾਨਾ ਹੁੰਦੀਆਂ ਸਨ। ਸੱਥਾਂ ਵਿਚਲੇ ਮਖੌਲੀਏ, ਮਖੌਲ-ਮਖੌਲ ਵਿੱਚ ਬਹੁਤ ਕੁਝ ਸਿਖਾ ਜਾਂਦੇ ਹਨ। ਸੱਥ ਵਿੱਚ ਆ ਕੇ ਲੋਕ ਹਰੇਕ ਗੱਲ ਬੇਝਿਜਕ ਕਰ ਲੈਂਦੇ ਹਨ। ਲੋਕ ਬੋਲੀ, ‘ਆਉਣ ਨੇਰ੍ਹੀਆਂ ਜਾਣ ਨੇਰ੍ਹੀਆਂ, ਵਿੱਚ ਸੱਥ ਦੇ ਗੱਲਾਂ ਹੋਣ ਤੇਰੀਆਂ’ ਸੱਥ ਦੀ ਪ੍ਰਕਿਰਤੀ ਨੂੰ ਦਰਸਾਉਂਦੀ ਹੈ।
ਸਿਰਫ਼ ਪੰਜਾਬ ਹੀ ਨਹੀਂ, ਸਾਰੇ ਉਤਰੀ ਭਾਰਤ ਵਿੱਚ ਸੱਥ ਸੱਭਿਆਚਾਰ ਮਕਬੂਲ ਰਿਹਾ ਹੈ। ਉਂਝ ਭੂਗੋਲਿਕ ਵਿਭਿੰਨਤਾ ਕਾਰਨ ਸੱਥਾਂ ਲਈ ਵੱਖ-ਵੱਖ ਨਾਂ ਵਰਤੇ ਜਾਂਦੇ ਰਹੇ ਹਨ। ਹਰਿਆਣਾ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਵਿੱਚ ਸੱਥਾਂ ਨੂੰ ਪਰਸ ਜਾਂ ਚੌਪਾਲ ਕਿਹਾ ਜਾਂਦਾ ਹੈ। ਪੁਰਾਣੇ ਪੰਜਾਬ ਦੇ ਬਹੁਤੇ ਪਿੰਡਾਂ ਦੀ ਬਣਤਰ ਇੱਕੋ ਜਿਹੀ ਹੁੰਦੀ ਸੀ। ਪਿੰਡ ਦੇ ਵਿਚਾਲੇ ਸੱਥ ਹੁੰਦੀ ਸੀ। ਪਿੰਡ ਦੀਆਂ ਸਾਰੀਆਂ ਗਲ਼ੀਆਂ ਸੱਥ ਵਿੱਚ ਆ ਕੇ ਮਿਲਦੀਆਂ ਹੁੰਦੀਆਂ ਸਨ। ਪਿੰਡਾਂ ਦੇ ਬੱਝਣ ਵਾਂਗ ਸੱਥਾਂ ਦੇ ਬੱਝਣ ਦਾ ਵੀ ਰੋਚਕ ਇਤਿਹਾਸ ਹੈ। ਜਿਵੇਂ-ਜਿਵੇਂ ਸਾਡੇ ਪਿੰਡ ਸਾਧਨ ਸਪੰਨ ਹੁੰਦੇ ਗਏ। ਸੱਥਾਂ ਵੀ ਵਿਕਾਸ ਕਰਦੀਆਂ ਗਈਆਂ। ਹਰੀ ਕ੍ਰਾਂਤੀ ਆਉਣ ਤੋਂ ਪਹਿਲਾਂ ਕਿਸੇ ਖੁੰਢ ਨੂੰ ਧੂਹ ਕੇ ਪਿੰਡ ਦੇ ਵਿਚਾਲੇ ਧਰ ਲਿਆ ਜਾਂਦਾ ਸੀ। ਲੋਕ ਇਨ੍ਹਾਂ ਖੁੰਢਾਂ ’ਤੇ ਬਹਿ ਕੇ ਵਿਚਾਰ-ਵਟਾਂਦਰਾ ਕਰਦੇ ਸਨ। ਇਹ ਸੱਥਾਂ ਦਾ ਮੁੱਢਲਾ ਰੂਪ ਸੀ। ਇਨ੍ਹਾਂ ਖੁੰਢਾਂ ਨੇੜੇ ਛਾਂ ਵਾਸਤੇ ਬੋਹੜ-ਪਿੱਪਲ ਜਾਂ ਕੋਈ ਹੋਰ ਰੁੱਖ ਲਾ ਦਿੱਤਾ ਜਾਂਦਾ ਸੀ। ਸੱਥਾਂ ਵਿੱਚ ਬੋਹੜਾਂ ਪਿੱਪਲਾਂ ਦੁਆਲੇ ਥੜ੍ਹੇ ਬਣਾ ਕੇ ਬਹਿਣ ਦਾ ਜੁਗਾੜ ਵੀ ਕੀਤਾ ਜਾਂਦਾ ਰਿਹਾ ਹੈ। ਸਮਾਂ ਪਾ ਕੇ ਸੱਥਾਂ ਵਿੱਚ ਇਮਾਰਤਾਂ ਬਣਾਈਆਂ ਜਾਣ ਲੱਗੀਆਂ। ਇੱਕ ਵੱਡਾ ਦਲਾਨ ਤੇ ਅੱਗੇ ਬਰਾਂਡਾ ਸੱਥ ਵਿੱਚ ਜ਼ਰੂਰ ਬਣਾਇਆ ਜਾਂਦਾ ਸੀ। ਸੱਥ ਦੇ ਚਾਰ ਚੁਫ਼ੇਰੇ ਦਰਵਾਜ਼ੇ ਰੱਖੇ ਜਾਂਦੇ ਸਨ। ਜੇਕਰ ਚਾਰ ਚੁਫ਼ੇਰੇ ਦਰਵਾਜ਼ੇ ਰੱਖਣ ਦੀ ਵਿਉਂਤ ਨਹੀਂ ਬਣਦੀ ਸੀ ਤਾਂ ਦੋ ਪਾਸੇ ਦਰਵਾਜ਼ੇ ਜ਼ਰੂਰ ਰੱਖੇ ਜਾਂਦੇ ਸਨ। ਸੱਥਾਂ ਦੀਆਂ ਆਲੀਸ਼ਾਨ ਇਮਾਰਤਾਂ ਪਿੰਡਾਂ ਵਿੱਚੋਂ ਉਗਰਾਹੀ ਕਰਕੇ ਬਣਾਈਆਂ ਜਾਂਦੀਆਂ ਸਨ;
ਕਿੱਕਰ ਵੇਚ ਕੇ ਕੁਝ ਨਾ ਬਣਾਇਆ
ਤੂਤ ਵੇਚ ਕੇ ਲਹਿੰਗਾ।
ਨੀਂ ਲਾ ਕੇ ਯਾਰੀਆਂ
ਸੱਥ ਵਿਚਾਲੇ ਬਹਿੰਦਾ।
ਇਹ ਲੋਕ ਗੀਤ ਆਮਦਨ ਦਾ ਕੁਝ ਹਿੱਸਾ ਸੱਥਾਂ ਉੱਪਰ ਲਾਉਣ ਵੱਲ ਇਸ਼ਾਰਾ ਕਰਦਾ ਹੈ। ਸੱਥਾਂ ਵਿੱਚ ਬਣੀਆਂ ਕਈ ਇਮਾਰਤਾਂ ਭਵਨ ਨਿਰਮਾਣ ਕਲਾ ਦੇ ਉੱਤਮ ਨਮੂਨੇ ਹਨ। ਇਨ੍ਹਾਂ ਇਮਾਰਤਾਂ ਨੂੰ ਵੀ ਦਰਵਾਜ਼ਿਆਂ ਤੇ ਹਵੇਲੀਆਂ ਵਿਚਲੀਆਂ ਇਮਾਰਤਾਂ ਵਾਂਗ ਸਜਾਇਆ ਜਾਂਦਾ ਸੀ। ਹਵੇਲੀਆਂ ਦੀ ਤਰ੍ਹਾਂ ਸੱਥਾਂ ਦੀਆਂ ਕੰਧਾਂ ਵੀ ਮੋਟੀਆਂ ਮੋਟੀਆਂ ਬਣਾਈਆਂ ਜਾਂਦੀਆਂ ਸਨ। ਸੱਥਾਂ ਦੇ ਦਰਵਾਜ਼ਿਆਂ ਅਤੇ ਖਿੜਕੀਆਂ ਨੂੰ ਛੱਜਿਆਂ ਨਾਲ ਸਜਾਇਆ ਜਾਂਦਾ ਸੀ। ਸੱਥਾਂ ਦੀਆਂ ਕੰਧਾਂ ਵਿੱਚ ਵੀ ਥਾਂ-ਥਾਂ ਆਲ਼ੇ ਤੇ ਝਰੋਖੇ ਛੱਡੇ ਜਾਂਦੇ ਸਨ। ਡਾਕਟਰ ਮਹਿੰਦਰ ਸਿੰਘ ਰੰਧਾਵਾ ਨੇ ਵੀ ਆਪਣੀ ਪੁਸਤਕ ‘ਹਰਿਆਣੇ ਦੇ ਲੋਕਗੀਤ’ ਵਿੱਚ ਸੱਥ ਜਾਂ ਪਰਸ ਦੀ ਸੁੰਦਰਤਾ ਵੱਲ ਇਸ਼ਾਰਾ ਕੀਤਾ ਹੈ। ਉਹ ਲਿਖਦੇ ਹਨ- ‘‘ਚੁਪਾਲ ਜਾਂ ਪਰਸ ਪਿੰਡ ਦੇ ਮੱਧ ਵਿੱਚ ਪੱਕੀਆਂ ਇੱਟਾਂ ਜਾਂ ਪੱਥਰਾਂ ਨਾਲ ਬਣੀ ਸੁੰਦਰ ਇਮਾਰਤ ਹੁੰਦੀ ਹੈ, ਜਿਸ ਦੇ ਲੱਕੜੀ ਦੇ ਭਿੱਤਾਂ (ਦਰਵਾਜ਼ਿਆਂ) ਉੱਤੇ ਸੋਹਣੀ ਗੁਲਕਾਰੀ ਕੀਤੀ ਹੁੰਦੀ ਹੈ।’’ ਹਰਿਆਣੇ ਦੇ ਜੀਂਦ ਜ਼ਿਲ੍ਹੇ ਦੇ ਪਿੰਡ ਉਝਾਨਾ ਅਤੇ ਛਾਤਰ ਦੀ ਪਰਸ ਤਾਂ ਆਪਣੀ ਸੁੰਦਰਤਾ ਅਤੇ ਮਜ਼ਬੂਤੀ ਕਾਰਨ ਦੂਰ ਦੂਰ ਤੱਕ ਪ੍ਰਸਿੱਧ ਹੈ।
ਸੱਥਾਂ ਦੀਆਂ ਕੰਧਾਂ ’ਤੇ ਵੇਲ-ਬੂਟਿਆਂ ਦੇ ਨਾਲ-ਨਾਲ ਖੇਤੀ ਦੇ ਸੰਦਾਂ, ਪਸ਼ੂ-ਪੰਛੀਆਂ ਤੇ ਦੇਵੀ ਦੇਵਤਿਆਂ ਦੇ ਚਿੱਤਰ ਵੀ ਵਾਹੇ ਜਾਂਦੇ ਰਹੇ ਹਨ। ਪੰਜਾਬ ਦੇ ਕੰਧ ਚਿੱਤਰਾਂ ਵਿੱਚ ਸੱਥਾਂ ਵਿਚਲੇ ਵੇਲ ਬੂਟਿਆਂ ਨਾਲ ਸਜੇ ਚਿੱਤਰ ਵੀ ਸ਼ਾਮਲ ਹਨ। ਸੱਥ ਦੇ ਆਲੇ ਦੁਆਲੇ ਰੁੱਖ ਲਾਉਣੇ ਤੇ ਇਨ੍ਹਾਂ ਰੁੱਖਾਂ ਦੀ ਸਾਂਭ-ਸੰਭਾਲ ਕਰਨੀ ਲੋਕ ਆਪਣਾ ਧਰਮ ਸਮਝਦੇ ਸਨ। ਸੱਥ ਵਿੱਚ ਪਾਣੀ ਦੇ ਘੜੇ ਭਰ ਕੇ ਰੱਖਣ ਤੇ ਸੱਥ ਵਿੱਚ ਝਾੜੂ ਲਾਉਣ ਨੂੰ ਵੱਡਾ ਪੁੰਨ ਸਮਝਿਆ ਜਾਂਦਾ ਸੀ। ਸਰਦੇ-ਪੁੱਜਦੇ ਘਰ ਸੱਥਾਂ ਕੋਲ ਖੂਹ ਵੀ ਬਣਵਾਉਂਦੇ ਰਹੇ ਹਨ। ਦਿਨ ਤਿਉਹਾਰ ’ਤੇ ਸੱਥ ਵਿੱਚ ਦੀਵਾ ਜਗਾਉਣਾ ਉੱਤਮ ਸਮਝਿਆ ਜਾਂਦਾ ਸੀ।
ਪਿੰਡ ਵਿੱਚ ਸੱਥ ਦੀ ਵਿਉਂਤ ਇਸ ਤਰ੍ਹਾਂ ਹੁੰਦੀ ਸੀ ਕਿ ਸੱਥ ਵਿੱਚ ਬੈਠਾ ਬੰਦਾ ਥੋੜ੍ਹਾ ਅੱਗੇ ਪਿੱਛੇ ਹੋ ਕੇ ਕਿਸੇ ਵੀ ਗਲ਼ੀ ਦੇ ਸਿਰੇ ਤੱਕ ਨਿਗ੍ਹਾ ਮਾਰ ਸਕਦਾ ਸੀ। ਪਿੰਡ ਵਿੱਚ ਕਿਸੇ ਵੀ ਪਾਸਿਓਂ ਪ੍ਰਵੇਸ਼ ਕਰਨ ਵਾਲੇ ਬੰਦੇ ਨੂੰ ਸੱਥ ਵੇਖ ਲੈਂਦੀ ਸੀ। ਮੰਗਤੇ, ਛਾਬੜੀ ਵਾਲੇ, ਗਜਾ ਕਰਨ ਵਾਲੇ ਨੂੰ ਸੱਥ ਕੋਲੋਂ ਲਾਜ਼ਮੀ ਲੰਘਣਾ ਪੈਂਦਾ ਸੀ। ਪਿੰਡ ਵਿੱਚ ਸ਼ੱਕੀ ਤੇ ਗ਼ਲਤ ਨੀਅਤ ਨਾਲ ਆਉਣ ਵਾਲਿਆਂ ਦੀ ਅੱਖ ਸੱਥ ਪਛਾਣ ਲੈਂਦੀ ਸੀ। ਪਿੰਡਾਂ ਵਿੱਚ ਆਉਣ ਵਾਲੇ ਅਫ਼ਸਰ ਤੇ ਮੰਤਰੀ-ਸੰਤਰੀ ਸੱਥਾਂ ਵਿੱਚ ਪੜਾਅ ਕਰਦੇ ਸਨ। ਬਰਾਤਾਂ ਦਾ ਠਹਿਰਾਅ ਵੀ ਸੱਥਾਂ ਵਿੱਚ ਹੀ ਹੁੰਦਾ ਸੀ। ਵਿਆਹ ਸਮੇਂ ਜਾਗੋ ਲੈ ਕੇ ਸੱਥ ਵਿੱਚ ਗੇੜਾ ਮਾਰਨਾ ਸ਼ੁਭ ਸਮਝਿਆ ਜਾਂਦਾ ਸੀ। ਨਾਨਕਾ ਮੇਲ ਵੀ ਸਾਰੇ ਪਿੰਡ ਨੂੰ ਖ਼ਬਰ ਕਰਨ ਦੇ ਇਰਾਦੇ ਨਾਲ ਢੋਲ ਵਜਾਉਂਦਾ ਹੋਇਆ ਸੱਥ ਵਿੱਚੋਂ ਲੰਘਦਾ ਸੀ। ਲੋਹੜੀ ਵਰਗੇ ਤਿਓਹਾਰ ਤਾਂ ਮਨਾਏ ਹੀ ਸੱਥ ਵਿੱਚ ਜਾਂਦੇ ਸਨ। ਲੋਕ ਬੋਲੀ ਹੈ;
ਧੂਣੀ ਸੱਥ ਦੇ ਵਿਚਾਲੇ ਪਾਈ
ਪੋਤੇ ਦੀ ਦਾਦੀ ਵੰਡੇ ਰਿਓੜੀਆਂ।
ਸੱਭਿਆਚਾਰਕ ਮਹੱਤਵ ਦੇ ਨਾਲ ਸੱਥਾਂ ਦਾ ਇਤਿਹਾਸਕ ਮਹੱਤਵ ਵੀ ਹੈ। 1857 ਦੇ ਗ਼ਦਰ ਵੇਲੇ ਲੋਕ ਸੱਥਾਂ ਵਿੱਚ ਇਕੱਠੇ ਹੋ ਕੇ ਰਣਨੀਤੀਆਂ ਬਣਾਉਂਦੇ ਰਹੇ ਹਨ। ਵੰਡ ਵੇਲੇ ਵੀ ਸੱਥਾਂ ਇੱਕ ਪਾਸੇ ਲੋਕਾਂ ਨੂੰ ਪਨਾਹ ਦਿੰਦੀਆਂ ਰਹੀਆਂ ਹਨ ਤੇ ਦੂਸਰੇ ਪਾਸੇ ਸਦਭਾਵਨਾ ਬਣਾਈ ਰੱਖਣ ਦਾ ਸੁਨੇਹਾ ਦਿੰਦੀਆਂ ਰਹੀਆਂ ਹਨ।
ਪੰਜਾਬੀ ਸੱਭਿਆਚਾਰ ਵਿੱਚ ਸੱਥ ਦੀ ਸਿਰਮੌਰਤਾ ਤੇ ਮਕਬੂਲੀਅਤ ਦਾ ਅੰਦਾਜ਼ਾ ਇੱਥੋਂ ਵੀ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਵਿਚਲੀਆਂ ਅਨੇਕਾਂ ਸਾਹਿਤ ਸਭਾਵਾਂ ਦੇ ਨਾਂਵਾਂ ਨਾਲ ਸ਼ਬਦ ‘ਸੱਥ’ ਜੁੜਿਆ ਹੋਇਆ ਹੈ। ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਵੀ ਸੱਥ ਨੂੰ ਭੁੱਲੇ ਨਹੀਂ ਹਨ। ਵਿਦੇਸ਼ਾਂ ਵਿੱਚ ਬਣੀਆਂ ਸਾਹਿਤ ਸਭਾਵਾਂ ਨਾਲ ਸੱਥ ਜੁੜੀ ਹੋਈ ਹੈ। ਜਿਵੇਂ ਪੰਜਾਬੀ ਸੱਥ ਪਰਥ, ਪੰਜਾਬੀ ਸੱਥ ਮੈਲਬਰਨ। ਅੱਜ ਬਹੁਤੀਆਂ ਸੱਥਾਂ ਦੀ ਆਪਣੀ ਹੋਂਦ ਸੰਕਟ ਵਿੱਚ ਹੈ। ਹੁਣ ਸੱਥਾਂ ਵਿੱਚ ਪਹਿਲਾਂ ਵਾਂਗ ਲੋਕ ਨਹੀਂ ਜੁੜਦੇ। ਸੱਥਾਂ ਦੀ ਰੌਣਕ ਨੂੰ ਮੋਬਾਈਲ ਤੇ ਸੋਸ਼ਲ ਮੀਡੀਆ ਨਿਗਲ ਗਿਆ ਹੈ। ਅੱਜ ਸੱਥਾਂ ਵਿੱਚ ਕੋਈ ਵਿਰਲਾ ਟਾਵਾਂ ਹੀ ਬਹਿੰਦਾ ਹੈ। ਸੱਥਾਂ ਤਾਸ਼ ਖੇਡਣ ਵਾਲਿਆਂ ਤੇ ਨਸ਼ੇੜੀਆਂ ਦੇ ਅੱਡੇ ਬਣ ਕੇ ਰਹਿ ਗਈਆਂ ਹਨ। ਸੱਥਾਂ ਦੀ ਸਾਂਭ ਸੰਭਾਲ ਵੀ ਪਹਿਲਾਂ ਵਾਲੀ ਨਹੀਂ ਰਹੀ। ਇਹ ਖੰਡਰ ਬਣਦੀਆਂ ਜਾ ਰਹੀਆਂ ਹਨ।
ਸੰਪਰਕ: 94165-92149