Manoj Kumar funeral: ਉੱਘੇ ਅਦਾਕਾਰ ਮਨੋਜ ਕੁਮਾਰ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ
ਮੁੰਬਈ, 5 ਅਪ੍ਰੈਲ
Manoj Kumar funeral: ‘ਉਪਕਾਰ’ ਅਤੇ ‘ਕ੍ਰਾਂਤੀ’ ਵਰਗੀਆਂ ਫਿਲਮਾਂ ਵਿਚ ਦੇਸ਼ ਭਗਤੀ ਦੇ ਨਾਇਕਾਂ ਦੀ ਭੂਮਿਕਾ ਨਿਭਾਉਣ ਲਈ ‘ਭਾਰਤ ਕੁਮਾਰ’ ਵਜੋਂ ਜਾਣੇ ਜਾਂਦੇ ਮਨੋਜ ਕੁਮਾਰ ਦਾ ਸ਼ਨਿੱਚਰਵਾਰ ਨੂੰ ਸਰਕਾਰੀ ਸਨਮਾਨਾਂ ਅਤੇ ਤਿੰਨ ਤੋਪਾਂ ਦੀ ਸਲਾਮੀ ਨਾਲ ਅੰਤਿਮ ਸਸਕਾਰ ਕੀਤਾ ਗਿਆ। ਜੁਹੂ ਦੇ ਪਵਨ ਹੰਸ ਸ਼ਮਸ਼ਾਨਘਾਟ ਵਿੱਚ ਮੌਜੂਦ ਮਨੋਰੰਜਨ ਉਦਯੋਗ ਦੀਆਂ ਪ੍ਰਮੁੱਖ ਸ਼ਖਸੀਅਤਾਂ ਵਿਚ ਮੈਗਾਸਟਾਰ ਅਮਿਤਾਭ ਬੱਚਨ ਅਤੇ ਸੀਨੀਅਰ ਪਟਕਥਾ ਲੇਖਕ ਸਲੀਮ ਖਾਨ ਸ਼ਾਮਲ ਸਨ। ਅੰਤਿਮ ਸਸਕਾਰ ਮੌਕੇ ਕੁਮਾਰ ਦੇ ਦੋ ਪੁੱਤਰਾਂ ਵਿਸ਼ਾਲ ਅਤੇ ਕੁਨਾਲ ਨੇ ਅਦਾਕਾਰ-ਫਿਲਮ ਨਿਰਮਾਤਾ ਦੀ ਚਿਖਾ ਨੂੰ ਅਗਨੀ ਦਿੱਤੀ
ਇਸ ਦੌਰਾਨ ਰਾਜ ਬੱਬਰ, ਅਭਿਸ਼ੇਕ ਬੱਚਨ, ਜਿੰਮੀ ਸ਼ੇਰਗਿੱਲ, ਅਰਬਾਜ਼ ਖਾਨ, ਸੁਭਾਸ਼ ਘਈ, ਅਨੁ ਮਲਿਕ, ਜ਼ਾਇਦ ਖਾਨ, ਪ੍ਰੇਮ ਚੋਪੜਾ, ਰਾਜਪਾਲ ਯਾਦਵ, ਰਣਜੀਤ ਅਤੇ ਸੁਨੀਲ ਦਰਸ਼ਨ ਨੇ ਵੀ ਅੰਤਿਮ ਸੰਸਕਾਰ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਅਮਿਤਾਬ ਬੱਚਨ ਨੇ ਕਿਹਾ, ‘‘ਕੁਮਾਰ ਉਨ੍ਹਾਂ ਦੇ ਸਭ ਤੋਂ ਚੰਗੇ ਦੋਸਤਾਂ ਵਿੱਚੋਂ ਇੱਕ ਸੀ, ਅਸੀਂ ਸ਼ੁਰੂ ਤੋਂ ਹੀ ਇਕੱਠੇ ਹਾਂ ਅਤੇ ਇਹ ਇੱਕ ਵਧੀਆ ਸਫ਼ਰ ਰਿਹਾ ਹੈ। ਉਨ੍ਹਾਂ ਦਿਨਾਂ ਵਿੱਚ, ਅਸੀਂ ਬਹੁਤ ਜਨੂੰਨ ਨਾਲ ਫਿਲਮਾਂ ਬਣਾਉਂਦੇ ਸੀ।’’ -ਪੀਟੀਆਈ