ਲੋਪ ਹੋ ਰਹੀਆਂ ਲੋਕ ਕਲਾਵਾਂ
ਡਾ. ਦਵਿੰਦਰ ਕੌਰ ਖੁਸ਼ ਧਾਲੀਵਾਲ
ਲੋਕ ਕਲਾ ਨੂੰ ਪਰਿਭਾਸ਼ਿਤ ਕਰਨਾ, ਇਸ ਦਾ ਸਰੂਪ ਨਿਸ਼ਚਿਤ ਕਰਨਾ ਅਤੇ ਲੋਕ ਕਲਾ ਦੇ ਵੱਖ-ਵੱਖ ਰੂਪਾਂ ਨੂੰ ਕਿਸੇ ਨਿਸ਼ਚਿਤ ਸ਼੍ਰੇਣੀ ਵਿੱਚ ਵੰਡਣਾ ਬਹੁਤ ਹੀ ਕਠਿਨ ਕੰਮ ਹੈ। ਕਲਾ ਦਾ ਪਹਿਲਾ ਕੰਮ ਸੁਹਜ ਸੁਆਦ ਪੈਦਾ ਕਰਨਾ ਹੈ। ਲੋਕ ਕਲਾ ਦੇ ਖੇਤਰ ਵਿੱਚ ਲਲਿਤ ਤੇ ਉਪਯੋਗੀ ਕਲਾ ਦਾ ਨਿਖੇੜ ਨਹੀਂ ਕੀਤਾ ਜਾਂਦਾ, ਸਗੋਂ ਇਸ ਖੇਤਰ ਦੀ ਕਲਾ ਸੁਹਜ ਰਸ ਦੀ ਤ੍ਰਿਪਤੀ ਕਰਨ ਦੇ ਨਾਲ-ਨਾਲ ਉਪਯੋਗੀ ਵੀ ਹੁੰਦੀ ਹੈ ਅਤੇ ਜੀਵਨ ਵਿੱਚ ਸਹਿਜ ਰੂਪ ਵਿੱਚ ਰਚੀ ਹੁੰਦੀ ਹੈ। ਇਹ ਜੀਵਨ ਦੀਆਂ ਲੋੜਾਂ ਵਿੱਚੋਂ ਪੈਦਾ ਹੋਈ ਹੋਣ ਕਾਰਨ ਜੀਵਨ ਦਾ ਸਹਿਜ ਅੰਗ ਹੁੰਦੀ ਹੈ। ਲੋਕ ਕਲਾ ਘਰਾਂ ਦਾ ਸੁਹਜ-ਸ਼ਿੰਗਾਰ ਹੁੰਦੀ ਹੈ।
ਘਰਾਂ ਵਿੱਚ ਵਰਤੇ ਜਾਂਦੇ ਖੇਸ, ਦਰੀਆਂ, ਗਲੀਚੇ, ਫੁਲਕਾਰੀਆਂ, ਚਾਦਰਾਂ, ਸਿਰਹਾਣੇ ਖ਼ੂਬਸੂਰਤ ਤਰੀਕੇ ਨਾਲ ਕੱਢੇ ਜਾਂਦੇ ਹਨ। ਕੁੜੀ ਦੀ ਖ਼ੂਬਸੂਰਤੀ ਇਸ ਦੇ ਕਲਾਤਮਿਕ ਗੁਣਾਂ ’ਤੇ ਵੀ ਨਿਰਭਰ ਕਰਦੀ ਹੈ। ਪਿਛਲੇ ਸਮਿਆਂ ਵਿੱਚ ਜਿਹੜੀ ਕੁੜੀ ਨੂੰ ਕੱਢਣਾ, ਕੱਤਣਾ, ਸੀਣਾ-ਪਰੋਣਾ ਸਲੀਕੇ ਨਾਲ ਆਉਂਦਾ ਸੀ, ਉਸ ਨੂੰ ਸੁਹੁਨਰੀ ਹੋਣ ਦਾ ਨਾਮ ਦਿੱਤਾ ਜਾਂਦਾ ਸੀ, ਨਹੀਂ ਤਾਂ ਉਸ ਨੂੰ ਕੁੱਢਰ ਆਖਿਆ ਜਾਂਦਾ ਸੀ। ਕੁੱਢਰ ਔਰਤ ਸਮਾਜ ਵਿੱਚ ਨਿੰਦਿਆ ਦੀ ਪਾਤਰ ਬਣਦੀ ਹੈ। ਇਸ ਲਈ ਲੋਕ ਕਲਾ ਇਨਸਾਨੀ ਜ਼ਿੰਦਗੀ ਦਾ ਨਾ-ਜੁਦਾ ਹੋਣ ਵਾਲਾ ਅੰਗ ਹੈ। ਇਸ ਵਿੱਚ ਕੰਧ ਚਿੱਤਰ, ਤੀਲਾਂ ਜਾਂ ਕਾਗਜ਼ ਦੇ ਬੋਹਟੇ, ਬੋਹਟੀਆਂ, ਮੂਹੜੇ, ਗੋਹਲੇ, ਛਿੱਕੂ, ਖੇਸ, ਦਰੀਆਂ, ਕਸੀਦੇ, ਫੁਲਕਾਰੀਆਂ ਆਦਿ ਸ਼ਾਮਿਲ ਹਨ। ਮਿੱਟੀ ਦੇ ਚੁੱਲ੍ਹੇ, ਹਾਰੇ ਅਤੇ ਉਨ੍ਹਾਂ ਉੱਤੇ ਕੀਤੀ ਰੰਗਾਂ ਦੀ ਕਾਰੀਗਰੀ ਇਸ ਕਲਾ ਦੇ ਖੇਤਰ ਵਿੱਚ ਸ਼ਾਮਿਲ ਹਨ।
ਪੰਜਾਬ ਦੇ ਲੋਕ ਇਤਿਹਾਸ ਵਿੱਚ ਬਹੁਤ ਸਾਰੀਆਂ ਅਜਿਹੀਆਂ ਲੋਕ-ਕਲਾਵਾਂ ਹਨ ਜੋ ਕਿ ਹੱਥ ਦੇ ਕਮਾਲ ਨਾਲ ਸਬੰਧਿਤ ਹਨ। ਸਾਨੂੰ ਬਹੁਤ ਮਾਣ ਹੈ ਕਿ ਪੰਜਾਬ ਦੀਆਂ ਔਰਤਾਂ ਨੇ ਇਨ੍ਹਾਂ ਕਲਾਵਾਂ ਵਿੱਚ ਬਹੁਤ ਯੋਗਦਾਨ ਪਾਇਆ ਹੈ। ਇਸੇ ਕਰਕੇ ਭਾਈ ਕਾਨ੍ਹ ਸਿੰਘ ਨਾਭਾ ਨੇ ਪੰਜਾਬ ਦੀ ਇਸਤਰੀ ਨੂੰ ਬੱਤੀ ਸੁਲੱਖਣੀ, ਭਾਵ 32 ਗੁਣਾਂ ਵਾਲੀ ਸੁਲੱਖਣੀ ਔਰਤ ਦੱਸਿਆ ਹੈ, ਜੇਕਰ ਅਸੀਂ ਇਨ੍ਹਾਂ ਸਾਰੀਆਂ ਕਲਾਵਾਂ ਬਾਰੇ ਗੱਲ ਕਰੀਏ ਤਾਂ ਇਨ੍ਹਾਂ ਦੀ ਗਿਣਤੀ ਕਰਨੀ ਸੌਖੀ ਨਹੀਂ। ਇਨ੍ਹਾਂ ਵਿੱਚੋਂ ਕੁਝ ਵਿਸ਼ੇਸ਼ ਕਲਾਵਾਂ ਦਾ ਹੀ ਅਸੀਂ ਵਰਣਨ ਕਰਾਂਗੇ।
ਟੋਕਰੀਆਂ, ਛਿੱਕੂ ਬਣਾਉਣੇ: ਟੋਕਰੀਆਂ ਤੇ ਛਿੱਕੂ ਬਣਾਉਣ ਦਾ ਮਕਸਦ ਔਰਤਾਂ ਦੀ ਹਰ ਰੋਜ਼ ਦੀ ਜ਼ਿੰਦਗੀ ਵਿੱਚ ਸੁਖਾਲ ਲਿਆਉਣਾ ਸੀ। ਇਨ੍ਹਾਂ ਦੀ ਸਹਾਇਤਾ ਨਾਲ ਕਈ ਤਰ੍ਹਾਂ ਦੀਆਂ ਚੀਜ਼ਾਂ ਬਾਹਰ ਤੋਂ ਲਿਆਉਣ ਤੇ ਘਰ ਵਿੱਚ ਸਾਂਭਣ ਦਾ ਕੰਮ ਲਿਆ ਜਾਂਦਾ ਸੀ। ਹੌਲੀ ਹੌਲੀ ਇਨ੍ਹਾਂ ਦੀ ਬਣਾਵਟ ਤੇ ਸਜਾਵਟ ਵੱਲ ਵੀ ਧਿਆਨ ਦਿੱਤਾ ਜਾਣ ਲੱਗਾ।
ਖੇਸ ਬੁਣਨਾ: ਪੁਰਾਣੇ ਸਮਿਆਂ ਵਿੱਚ ਔਰਤਾਂ ਆਪਣਾ ਵਿਹਲਾ ਸਮਾਂ ਸੂਤ ਕੱਤ ਕੇ ਬਤੀਤ ਕਰਦੀਆਂ ਸਨ। ਉਹ ਆਪਣਾ ਸਾਰਾ ਦਾਜ ਕੱਤ ਕੇ ਤਿਆਰ ਕਰਦੀਆਂ ਸਨ। ਕੱਤਣ ਤੋਂ ਬਾਅਦ ਸੂਤ ਨੂੰ ਰੰਗ ਕੇ ਅਲੱਗ ਅਲੱਗ ਨਮੂਨਿਆਂ ਦੀਆਂ ਦਰੀਆਂ ਤੇ ਖੇਸ ਅੱਡਿਆਂ ’ਤੇ ਬੁਣੇ ਜਾਂਦੇ ਸਨ।
ਕਢਾਈ ਕਸੀਦਾ ਕੱਢਣਾ: ਪੰਜਾਬ ਦੀਆਂ ਸੁਆਣੀਆਂ ਨੇ ਕਸੀਦਾ ਕਾਰੀ ਵਿੱਚ ਵੀ ਆਪਣੇ ਜੌਹਰ ਦਿਖਾਏ ਹਨ। ਇੱਥੋਂ ਦੀ ਫੁਲਕਾਰੀ ਦੀ ਕਢਾਈ ਪੂਰੇ ਸੰਸਾਰ ਵਿੱਚ ਪ੍ਰਸਿੱਧ ਹੈ। ਇਸ ਤੋਂ ਬਿਨਾਂ ਚਾਦਰਾਂ ਦੀ ਕਢਾਈ, ਮੇਜ਼ਪੋਸ ਦੀ ਕਢਾਈ, ਰੁਮਾਲਾਂ ਦੀ ਕਢਾਈ ਆਦਿ ਵੀ ਕੀਤੀ ਜਾਂਦੀ ਸੀ। ਇਨ੍ਹਾਂ ਕਢਾਈਆਂ ਦੀਆਂ ਕਿਸਮਾਂ ਵੀ ਅਲੱਗ-ਅਲੱਗ ਹੁੰਦੀਆਂ ਸਨ। ਇਨ੍ਹਾਂ ਨੂੰ ਔਰਤਾਂ ਰੰਗ-ਬਿਰੰਗੇ ਰੇਸ਼ਮੀ ਧਾਗਿਆਂ ਨਾਲ ਬੁਣਦੀਆਂ ਸਨ। ਰੰਗ ਬਿਰੰਗੇ ਨਾਲੇ ਵੀ ਘਰ ਵਿੱਚ ਬੁਣੇ ਜਾਂਦੇ ਸਨ।
ਪੀੜ੍ਹੀਆਂ, ਮੰਜੇ ਬੁਣਨੇ: ਸੂਤ ਨੂੰ ਰੰਗ ਕੇ ਤੇ ਵੱਟ ਕੇ ਬਣਾਏ ਗਏ ਬਾਣ ਨਾਲ ਅਲੱਗ-ਅਲੱਗ ਡਿਜ਼ਾਇਨਾਂ ਨਾਲ ਪੀੜ੍ਹੀਆਂ ਬੁਣੀਆਂ ਜਾਂਦੀਆਂ ਹਨ। ਇਸੇ ਤਰ੍ਹਾਂ ਸੂਤ ਨਾਲ ਜਾਂ ਨਾਰੀਅਲ ਦੇ ਬਾਣ ਨਾਲ ਮੰਜੇ ਵੀ ਬੁਣੇ ਜਾਂਦੇ ਹਨ।
ਕੰਧ ਚਿੱਤਰਕਾਰੀ: ਪੰਜਾਬ ਦੀਆਂ ਔਰਤਾਂ ਕੰਧ ਚਿੱਤਰਕਾਰੀ ਲਈ ਖ਼ਾਸ ਤੌਰ ’ਤੇ ਜਾਣੀਆਂ ਜਾਂਦੀਆਂ ਹਨ। ਇਨ੍ਹਾਂ ਚਿੱਤਰਾਂ ਨੂੰ ਕੰਧ ਲਿਪ ਕੇ ਉਸ ਉੱਪਰ ਰੰਗਾਂ ਨਾਲ ਬਣਾਇਆ ਜਾਂਦਾ ਸੀ। ਇਨ੍ਹਾਂ ਚਿੱਤਰਾਂ ਵਿੱਚ ਕੁਦਰਤ ਅਤੇ ਪਰਮਾਤਮਾ ਨੂੰ ਹੀ ਚਿਤਰਿਆ ਜਾਂਦਾ ਸੀ। ਇਨ੍ਹਾਂ ਚਿੱਤਰਾਂ ਵਿੱਚ ਤੋਤੇ, ਮੋਰ, ਕਬੂਤਰ, ਫੁੱਲ ਅਤੇ ਦੇਵੀ ਦੇਵਤਿਆਂ ਦੇ ਚਿੱਤਰ ਚਿਤਰੇ ਜਾਂਦੇ ਸਨ। ਅਸਲ ਵਿੱਚ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਉਲੀਕਣ ਦਾ ਮਕਸਦ ਬੁਰਾਈਆਂ ਨੂੰ ਆਪਣੇ ਘਰ ਤੋਂ ਦੂਰ ਰੱਖਣ ਦਾ ਤਰੀਕਾ ਸੀ। ਇਨ੍ਹਾਂ ਉਪਰੋਕਤ ਕਲਾਵਾਂ ਤੋਂ ਬਿਨਾਂ ਹੋਰ ਵੀ ਬਹੁਤ ਸਾਰੀਆਂ ਹੱਥ-ਕਲਾਵਾਂ ਪੰਜਾਬੀ ਔਰਤਾਂ ਦੇ ਹਿੱਸੇ ਆਉਂਦੀਆਂ ਹਨ, ਜਿਵੇਂ ਕਿ ਪਰਾਂਦਾ ਬਣਾਉਣਾ, ਚਿੱਤਰ ਬਣਾਉਣੇ, ਨਾਲੇ ਬੁਣਨਾ, ਮਿੱਟੀ ਦੇ ਚੁੱਲ੍ਹੇ, ਹਾਰੇ ਬਣਾਉਣੇ ਆਦਿ।
ਲੋਕ ਕਲਾ ਦੇ ਖੇਤਰ ਵਿੱਚ ਮਿੱਟੀ, ਲੱਕੜੀ, ਧਾਤ ਦੀਆਂ ਮੂਰਤੀਆਂ ਤੋਂ ਲੈ ਕੇ ਕਾਗਜ਼ੀ ਫੁੱਲਾਂ ਤੱਕ ਅਨੇਕ ਕਲਾਵਾਂ ਸ਼ਾਮਿਲ ਹਨ। ਇਸ ਵਿੱਚ ਕੰਧ-ਚਿੱਤਰ, ਸੋਨੇ ਦੇ ਗਹਿਣਿਆਂ, ਮਿੱਟੀ ਦੇ ਬਰਤਨਾਂ ਉੱਤੇ ਕੀਤੀ ਗਈ ਮੀਨਾਕਾਰੀ ਵੀ ਸ਼ਾਮਿਲ ਹੈ। ਡਾ. ਕਰਨੈਲ ਸਿੰਘ ਥਿੰਦ ਨੇ ਹੱਥ ਸ਼ਿਲਪ ਦੇ ਹੋਰ ਬਹੁਤ ਸਾਰੇ ਹੁਨਰਾਂ ਨੂੰ ਲੋਕ ਧੰਦਿਆਂ ਦੀ ਸ਼੍ਰੇਣੀ ਵਿੱਚ ਰੱਖਣ ਦਾ ਸੁਝਾਅ ਦਿੱਤਾ ਹੈ, ਪਰ ਇਹ ਵੀ ਸੱਚ ਹੈ ਕਿ ਲੋਕ-ਧੰਦਿਆਂ ਰਾਹੀਂ ਵੀ ਲੋਕ ਕਲਾ ਦਾ ਹੀ ਪ੍ਰਦਰਸ਼ਨ ਹੁੰਦਾ ਹੈ।
ਪੰਜਾਬ ਦੀ ਲੋਕ ਕਲਾ ਕਈ ਰਵਾਇਤਾਂ ਤੇ ਮਨੌਤਾਂ ਦੇ ਸੁਮੇਲ ਵਿੱਚੋਂ ਨਿੱਖਰੀ ਹੈ। ਬਾਹਰ ਤੋਂ ਜਿੰਨੀਆਂ ਵੀ ਵੱਖ-ਵੱਖ ਸੱਭਿਅਤਾਵਾਂ ਦੇ ਧਾੜਵੀ ਪੰਜਾਬ ਵਿੱਚ ਆਏ ਉਨ੍ਹਾਂ ਨੇ ਵੀ ਇੱਥੋਂ ਦੀ ਮੂਲ ਵੰਨਗੀ ’ਤੇ ਆਪਣਾ ਅਸਰ ਜ਼ਰੂਰ ਪਾਇਆ ਹੈ। ਲੋਕ ਕਲਾ ਨੂੰ ਸੰਵਾਰਨ, ਨਿਖਾਰਨ ਤੇ ਪ੍ਰਸਾਰਨ ਵਿੱਚ ਭਾਵੇਂ ਮਰਦਾਂ ਦਾ ਵੀ ਯੋਗਦਾਨ ਰਿਹਾ ਹੈ, ਪਰ ਪੰਜਾਬ ਦੀਆਂ ਘਰੇਲੂ ਸੁਆਣੀਆਂ ਨੇ ਤਾਂ ਲੋਕ ਕਲਾ ਨੂੰ ਆਪਣੇ ਬੱਚਿਆਂ ਵਾਂਗ ਪਾਲਿਆ। ਜੇ ਪੰਜਾਬ ਦੀਆਂ ਹੋਰ ਲੋਕ ਕਲਾਵਾਂ ਦੀ ਗੱਲ ਨਾ ਵੀ ਕਰੀਏ ਤਾਂ ਫੁਲਕਾਰੀ ਹੀ ਇਸ ਦਾ ਬੇਜੋੜ ਨਮੂਨਾ ਹੈ।
ਲੋਕ ਕਲਾ ਵੀ ਸਮਾਜਿਕ ਆਰਥਿਕ ਹਾਲਤਾਂ ਨਾਲ ਬਦਲਦੀ ਰਹਿੰਦੀ ਹੈ। ਮੁਗ਼ਲਾਂ ਦੇ ਆਉਣ ਤੋਂ ਪਹਿਲਾਂ ਗਹਿਣਿਆਂ ’ਤੇ ਸੂਰਜ, ਚੰਦ ਤੇ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਹੁੰਦੀਆਂ ਸਨ, ਪਰ ਮੁਗ਼ਲ ਰਾਜ ਤੋਂ ਬਾਅਦ ਇਨ੍ਹਾਂ ਦੀ ਥਾਂ ਫੁੱਲਾਂ ਤੇ ਵੇਲਾਂ ਨੇ ਲੈ ਲਈ, ਪਰ ਅੱਜਕੱਲ੍ਹ ਇਹ ਸਾਰਾ ਕੁਝ ਲਗਾਤਾਰ ਲੋਪ ਹੋ ਰਿਹਾ ਹੈ।
ਸੱਭਿਆਚਾਰ ਲਗਾਤਾਰ ਬਦਲਦਾ ਰਹਿੰਦਾ ਹੈ। ਲੋਕ ਕਲਾਵਾਂ ਵੀ ਸੱਭਿਆਚਾਰ ਦਾ ਹੀ ਇੱਕ ਅੰਗ ਹਨ, ਸੋ ਬਦਲਦੇ ਸੱਭਿਆਚਾਰ ਦਾ ਅਸਰ ਲੋਕ ਕਲਾਵਾਂ ’ਤੇ ਵੀ ਹੋਇਆ ਹੈ। ਸਮਾਜ ਵਿਗਿਆਨੀ ਅਤੇ ਮਾਨਵ ਵਿਗਿਆਨੀ ਸੱਭਿਆਚਾਰਕ ਪਰਿਵਰਤਨ ਦੇ ਕਾਰਨਾਂ ਨੂੰ ਤਿੰਨ ਮੁੱਖ ਹਿੱਸਿਆਂ ਵਿੱਚ ਵੰਡਦੇ ਹਨ: ਪ੍ਰਕਿਰਤਕ ਮਾਹੌਲ ਵਿੱਚ ਆਏ ਪਰਿਵਰਤਨ, ਸਮਾਜ ਦੇ ਅੰਦਰੋਂ ਪੈਦਾ ਹੋਏ ਕਾਰਨ ਅਤੇ ਸਮਾਜ ਤੋਂ ਬਾਹਰੋਂ ਆਏ ਕਾਰਨ।
ਪਿਛਲੇ ਕੁਝ ਸਮੇਂ ਵਿੱਚ ਸ਼ਬਦ ਵਿਸ਼ਵੀਕਰਨ ਵਿਸ਼ੇਸ਼ ਚਰਚਾ ਦਾ ਵਿਸ਼ਾ ਹੈ, ਕੰਪਿਊਟਰ, ਸੈਟੇਲਾਈਟ ਤੇ ਹੋਰ ਵਿਗਿਆਨਕ ਵਿਕਾਸ ਨੇ ਵਿਸ਼ਵ ਨੂੰ ਜੋੜ ਦਿੱਤਾ ਹੈ। ਇੰਟਰਨੈੱਟ ਦੀ ਵਰਤੋਂ ਨਾਲ ਕਿਸੇ ਵੀ ਜਾਣਕਾਰੀ ਤੱਕ ਪਹੁੰਚ ਕੀਤੀ ਜਾ ਸਕਦੀ ਹੈ। ਨਵੀਂ ਟੈਕਨਾਲੋਜੀ ਦੇ ਵਿਕਾਸ ਨਾਲ ਸੋਸ਼ਲ ਮੀਡੀਆ ਨੇ ਸਾਡੇ ਜ਼ਿੰਦਗੀ ਦੇ ਹਰ ਇੱਕ ਪੱਖ ’ਤੇ ਪ੍ਰਭਾਵ ਪਾਇਆ ਹੈ। ਜੇਕਰ ਅਸੀਂ ਇੱਥੇ ਲੋਕ ਕਲਾਵਾਂ ਦੀ ਗੱਲ ਕਰੀਏ ਤਾਂ ਮੀਡੀਆ ਨੇ ਇਸ ’ਤੇ ਵੀ ਆਪਣਾ ਪ੍ਰਭਾਵ ਪਾਇਆ ਹੈ। ਇਸ ਪ੍ਰਭਾਵ ਨੂੰ ਅਸੀਂ ਦੋਵੇਂ ਪੱਖਾਂ ਤੋਂ ਦੇਖ ਸਕਦੇ ਹਾਂ-ਹਾਂ ਪੱਖੀ ਤੇ ਨਾਂਹ ਪੱਖੀ। ਇਸ ਵਿੱਚ ਜ਼ਿਆਦਾ ਨਾਂਹ ਪੱਖੀ ਪ੍ਰਭਾਵ ਬਲਵਾਨ ਹੈ। ਮੀਡੀਆ ਦੁਆਰਾ ਅੱਜਕੱਲ੍ਹ ਮਸ਼ੀਨੀ ਵਸਤੂਆਂ ਦੀ ਜ਼ਿਆਦਾ ਮਸ਼ਹੂਰੀ ਕੀਤੀ ਜਾਂਦੀ ਹੈ ਜਿਸ ਕਰਕੇ ਹੱਥੀਂ ਤਿਆਰ ਕੀਤੀਆਂ ਵਸਤੂਆਂ ਦੀ ਹਰਮਨ ਪਿਆਰਤਾ ਕਾਫ਼ੀ ਘਟ ਗਈ ਹੈ। ਮੀਡੀਆ ਦੀ ਚਕਾਚੌਂਧ ਵਿੱਚ ਲੋਕ ਕਲਾਵਾਂ ਦੱਬ ਕੇ ਰਹਿ ਗਈਆਂ ਹਨ। ਪੁਰਾਣੇ ਲੋਕ-ਨਾਚ, ਲੋਕ ਸੰਗੀਤ ਨੂੰ ਨਵੇਂ ਜ਼ਮਾਨੇ ਦੇ ਅਨੁਸਾਰ ਮੀਡੀਆ ਦੁਆਰਾ ਤੋੜ-ਮਰੋੜ ਕੇ ਪੇਸ਼ ਕੀਤਾ ਜਾਂਦਾ ਹੈ। ਲੋਕ ਇਨ੍ਹਾਂ ਵੱਲ ਜ਼ਿਆਦਾ ਆਕਰਸ਼ਿਤ ਹੁੰਦੇ ਹਨ। ਅਖ਼ਬਾਰਾਂ, ਟੈਲੀਵਿਜ਼ਨ ਅਤੇ ਇੰਟਰਨੈੱਟ ਉਤੇ ਲੋਕਾਂ ਨੂੰ ਮਸ਼ੀਨੀ ਵਸਤੂਆਂ ਦੀ ਹੋਂਦ ਬਾਰੇ ਜਾਣੂ ਕਰਵਾ ਕੇ ਵਿਦੇਸ਼ੀ ਕੰਪਨੀਆਂ ਵੱਲੋਂ ਭਾਰਤੀ ਲੋਕਾਂ ਦੀ ਲੁੱਟ ਹੋ ਰਹੀ ਹੈ। ਜਿੱਥੇ ਮੀਡੀਆ ਨੇ ਲੋਕ-ਕਲਾਵਾਂ ਨੂੰ ਢਾਹ ਲਾਈ ਹੈ, ਉੱਥੇ ਇਸ ਦੇ ਕੁਝ ਹਾਂ-ਪੱਖੀ ਪੱਖ ਵੀ ਹਨ। ਕੁਝ ਚੰਗੀਆਂ ਨੀਤੀਆਂ ਅਧੀਨ ਕੁਝ ਅਖ਼ਬਾਰਾਂ, ਟੈਲੀਵਿਜ਼ਨ ਤੇ ਇੰਟਰਨੈੱਟ ’ਤੇ ਫਿਰ ਤੋਂ ਪੰਜਾਬੀ ਲੋਕ ਕਲਾਵਾਂ ਨੂੰ ਮਕਬੂਲ ਕਰਨ ਦੇ ਉਪਰਾਲੇ ਕੀਤੇ ਗਏ ਹਨ। ਨਵੀਂ ਪੀੜ੍ਹੀ ਜੋ ਕਿ ਪੁਰਾਣੀਆਂ ਲੋਕ-ਕਲਾਵਾਂ ਤੋਂ ਅਣਜਾਣ ਹੈ, ਉਨ੍ਹਾਂ ਲਈ ਕਈ ਇਸ ਤਰ੍ਹਾਂ ਦੇ ਪ੍ਰੋਗਰਾਮ ਤਿਆਰ ਕੀਤੇ ਗਏ ਹਨ, ਜਿਸ ਦੀ ਮਦਦ ਨਾਲ ਉਨ੍ਹਾਂ ਨੂੰ ਸਾਡੀਆਂ ਗੌਰਵਸ਼ਾਲੀ ਲੋਕ-ਕਲਾਵਾਂ ਤੋਂ ਜਾਣੂ ਕਰਵਾਇਆ ਜਾਂਦਾ ਹੈ। ਭਾਰਤ ਸਰਕਾਰ ਤੇ ਰਾਜ ਸਰਕਾਰ ਦੁਆਰਾ ਚਲਾਏ ਜਾ ਰਹੇ ਟੀ.ਵੀ. ਚੈਨਲ ਜਿਵੇਂ ਕਿ ਡੀ.ਡੀ. ਪੰਜਾਬੀ ਅਤੇ ਡੀ.ਡੀ. ਨੈਸ਼ਨਲ ਕੁਝ ਅਜਿਹੇ ਹੀ ਉਪਰਾਲੇ ਹਨ।
ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਲੋਕ ਕਲਾਵਾਂ ਪੰਜਾਬੀ ਸੱਭਿਆਚਾਰ ਵਿੱਚੋਂ ਲਗਭਗ ਲੋਪ ਹੋ ਚੁੱਕੀਆਂ ਹਨ। ਜੋ ਥੋੜ੍ਹਾ ਬਹੁਤ ਬਾਕੀ ਹੈ, ਉਹ ਕਿੱਤਿਆਂ ਦੇ ਤੌਰ ’ਤੇ ਹੀ ਜੀਵਤ ਹਨ। ਦੂਜੇ ਪਾਸੇ ਕੁਝ ਪੰਜਾਬੀ ਕਲਾਵਾਂ ਅਜਿਹੀਆਂ ਹਨ ਜੋ ਪੂਰੇ ਸੰਸਾਰ ਵਿੱਚ ਅਮਰ ਹੋ ਗਈਆਂ ਹਨ, ਜਿਵੇਂ ਕਿ ਫੁਲਕਾਰੀ, ਪਰ ਇਹ ਵੀ ਪੈਸੇ ਕਮਾਉਣ ਦਾ ਸਾਧਨ ਹੀ ਬਣ ਕੇ ਰਹਿ ਗਈ ਹੈ।
ਸੰਪਰਕ: 88472-27740