ਵਿਹੜੇ ਤਾਂ ਸਾਡੇ ਹਰੀਓ ਫਲਾਹੀ...
ਡਾ. ਲਖਵੀਰ ਸਿੰਘ ਨਾਮਧਾਰੀ
ਫਲਾਹੀ ਦਾ ਰੁੱਖ ਮੁੱਖ ਤੌਰ ’ਤੇ ਪੰਜਾਬ ਦੇ ਮਾਲਵੇ ਇਲਾਕੇ ਵਿੱਚ ਹੋਣ ਵਾਲਾ ਵੱਡਾ, ਮਜ਼ਬੂਤ, ਮੋਟੇ ਪੋਰੇ ਵਾਲਾ, ਛਾਂਦਾਰ ਅਤੇ ਸਦਾਬਹਾਰ ਰੁੱਖ ਹੈ। ਇਹ ਰੁੱਖ ਭਾਰਤ ਦੇ ਖ਼ੁਸ਼ਕ ਰੇਤਲੇ ਇਲਾਕਿਆਂ, ਰਾਜਸਥਾਨ, ਗੁਜਰਾਤ, ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿੱਚ ਵੀ ਪਾਇਆ ਜਾਂਦਾ ਹੈ। ਕੰਢੀ ਅਤੇ ਨੀਮ ਪਹਾੜੀ ਇਲਾਕਿਆਂ ਵਿੱਚ ਵੀ ਫਲਾਹੀ ਦੇ ਟਾਵੇਂ-ਵਿਰਲੇ ਰੁੱਖ ਹੁੰਦੇ ਹਨ। ਫਲਾਹੀ ਦਾ ਰੁੱਖ ਤੇਜ਼ ਗਰਮੀ ਅਤੇ ਕੜਾਕੇ ਦੀ ਠੰਢ ਨੂੰ ਆਸਾਨੀ ਨਾਲ ਸਹਿਣ ਕਰਦਾ ਹੈ। ਤੇਜ਼ ਗਰਮੀਆਂ, ਵਗਦੀਆਂ ਤੱਤੀਆਂ ਲੂਆਂ, ਖੁਸ਼ਕ ਮੌਸਮ, ਸੋਕੇ ਜਾਂ ਕਾਲ ਪੈ ਜਾਣ ਵਾਲੇ ਸਮੇਂ ਵਿੱਚ ਵੀ ਇਹ ਰੁੱਖ ਹਰਾ ਕਚੂਰ ਰਹਿੰਦਾ ਹੈ ਅਤੇ ਠੰਢੀਆਂ ਮਿੱਠੀਆਂ ਛਾਵਾਂ ਤੇ ਹਵਾਵਾਂ ਦਿੰਦਾ ਹੈ। ਫਲਾਹੀ ਦਾ ਵਿਗਿਆਨਕ ਨਾਮ ਅਕੇਸ਼ੀਆ ਮੋਡੈਸ਼ਟਾ ਹੈ।
ਫਲਾਹੀ ਦੇ ਰੁੱਖ ਦਰਮਿਆਨੇ ਕੱਦ ਵਾਲੇ, 25-30 ਫੁੱਟ ਤੱਕ ਉੱਚੇ, ਚੁਫ਼ੇਰੇ ਫੈਲਾਅ ਵਾਲੇ ਕਿੱਕਰ ਦੀ ਜਾਤੀ ਦੇ ਛਾਂਦਾਰ ਰੁੱਖ ਹਨ। ਬਸੰਤ ਰੁੱਤ ਦੇ ਆਉਂਦਿਆਂ ਹੀ ਫਲਾਹੀ ਦੀਆਂ ਟਾਹਣੀਆਂ ’ਤੇ ਹਰਾ ਹਰਾ ਖ਼ੂਬਸੂਰਤ ਪੱਤਿਆਂ ਦਾ ਫੁਟਾਂਦਰਾ ਸ਼ੁਰੂ ਹੋ ਜਾਂਦਾ ਹੈ। ਇਸ ਦੇ ਪੱਤੇ ਛੋਟੇ ਛੋਟੇ ਕਿੱਕਰ ਦੇ ਪੱਤਿਆਂ ਵਰਗੇ ਹੁੰਦੇ ਹਨ ਜਿਨ੍ਹਾਂ ਨੂੰ ਫਲਾਹੀ ਦੀ ਲੁੰਗ ਵੀ ਆਖਿਆ ਜਾਂਦਾ ਹੈ। ਅਪਰੈਲ-ਮਈ ਦੇ ਮਹੀਨੇ ਇਸ ਰੁੱਖ ਦੀਆਂ ਟਾਹਣੀਆਂ ’ਤੇ ਚਿੱਟੇ ਕਰੀਮ ਰੰਗ ਦੇ ਫੁੱਲ ਖਿੜਦੇ ਹਨ ਜੋ ਕਿੱਕਰ ਦੇ ਪੀਲੇ ਫੁੱਲਾਂ ਵਰਗੇ ਹੁੰਦੇ ਹਨ। ਫ਼ਲ ਦੇ ਰੂਪ ਵਿੱਚ ਫਲਾਹੀ ਨੂੰ ਚਪਟੀਆਂ ਫ਼ਲੀਆਂ ਲੱਗਦੀਆਂ ਹਨ। ਫਲਾਹੀ ਦੀਆਂ ਟਾਹਣੀਆਂ ’ਤੇ ਅੱਧਾ ਪੌਣਾ ਇੰਚ ਲੰਬਾਈ ਵਾਲੇ ਮਜ਼ਬੂਤ ਤਿੱਖੇ ਕੰਡੇ ਹੁੰਦੇ ਹਨ। ਗਰਮੀ ਦੇ ਤਿੱਖੜ ਦੁਪਹਿਰੇ ਵਿੱਚ ਫਲਾਹੀ ਦਾ ਰੁੱਖ ਜਿੱਥੇ ਮਿੱਠੀਆਂ ਮਿੱਠੀਆਂ ਮਹਿਕਾਂ ਵੰਡ ਕੇ ਵਾਤਾਵਰਨ ਨੂੰ ਸ਼ੁੱਧ ਕਰਦਾ ਹੈ, ਆਕਸੀਜਨ ਵੰਡਦਾ ਹੈ, ਉੱਥੇ ਚਿੱਟੀ ਭਾਅ ਮਾਰਦੇ ਫੁੱਲਾਂ ਨਾਲ ਬਹੁਤ ਹੀ ਖ਼ੂਬਸੂਰਤ ਦ੍ਰਿਸ਼ ਪੇਸ਼ ਕਰਦਾ ਹੈ ਜਿਸ ਨੂੰ ਸਾਡੇ ਅਮੀਰ ਸੱਭਿਆਚਾਰ ਨੇ ਇਨ੍ਹਾਂ ਸ਼ਬਦਾਂ ਰਾਹੀਂ ਬਿਆਨ ਕੀਤਾ ਹੈ;
ਥੜਿ੍ਹਆਂ ਬਾਝ ਨਾ ਸੋਂਹਦੇ ਪਿੱਪਲ
ਫੁੱਲਾਂ ਬਾਝ ਫਲਾਈਆਂ
ਤੇਜ਼ ਗਰਮੀ ਅਤੇ ਸਰਦੀ ਤੋਂ ਇਲਾਵਾ ਹਰ ਮੌਸਮ ਵਿੱਚ ਫਲਾਹੀ ਦਾ ਰੁੱਖ ਅਨੇਕਾਂ ਪੰਛੀਆਂ ਦਾ ਰੈਣ ਬਸੇਰਾ ਹੁੰਦਾ ਹੈ। ਅਨੇਕਾਂ ਪੰਛੀ ਇਸ ਸੰਘਣੀ ਛਾਂ ਵਾਲੇ ਫਲਾਹੀ ਦੇ ਰੁੱਖ ’ਤੇ ਆਲ੍ਹਣੇ ਪਾਉਂਦੇ ਹਨ ਅਤੇ ਤਰ੍ਹਾਂ ਤਰ੍ਹਾਂ ਦੀਆਂ ਆਪਣੀਆਂ ਸੁੰਦਰ ਆਵਾਜ਼ਾਂ ਵਿੱਚ ਆਪੋ ਆਪਣੇ ਰਾਗ ਅਲਾਪਦੇ ਹਨ। ਇਸ ਦੀ ਲੁੰਗ, ਪੱਤੀਆਂ ਅਤੇ ਕੱਚੀਆਂ ਟਾਹਣੀਆਂ ਨੂੰ ਊਠ ਅਤੇ ਬੱਕਰੀਆਂ ਚਾਰੇ ਦੇ ਤੌਰ ’ਤੇ ਖਾਂਦੇ ਹਨ। ਪੁਰਾਤਨ ਸਮੇਂ ਵਿੱਚ ਸਾਰੇ ਲੋਕੀਂ ਦੰਦਾਂ ਨੂੰ ਸਾਫ਼ ਅਤੇ ਮਜ਼ਬੂਤ ਰੱਖਣ ਲਈ ਇਸ ਰੁੱਖ ਦੀ ਦਾਤਣ ਕਰਦੇ ਸਨ। ਫਲਾਹੀ ਦੀ ਦਾਤਣ ਨੂੰ ਹੋਰਾਂ ਰੁੱਖਾਂ ਦੀਆਂ ਦਾਤਣਾਂ ਦੇ ਮੁਕਾਬਲੇ ਸਿਰ ਕੱਢ ਮੰਨਿਆ ਜਾਂਦਾ ਹੈ। ਫਲਾਹੀ ਦੀ ਦਾਤਣ ਜਿੱਥੇ ਦੰਦਾਂ ਨੂੰ ਪੱਥਰ ਵਰਗੇ ਮਜ਼ਬੂਤ ਬਣਾਉਂਦੀ ਹੈ, ਉੱਥੇ ਮੂੰਹ, ਗਲੇ ਵਿੱਚੋਂ ਪਾਣੀ ਕੱਢ ਕੇ ਮੂੰਹ ਨੂੰ ਸਵਾਦਲਾ ਬਣਾ ਦਿੰਦੀ ਹੈ। ਫਲਾਹੀ ਦੀ ਦਾਤਣ ਪਹਾੜਾਂ ’ਤੇ ਉੱਗਣ ਵਾਲੀ ਤਿੰਬਰ ਦੀ ਦਾਤਣ ਵਾਂਗ ਮੂੰਹ ਵਿੱਚ ਅਤੇ ਜੀਭ ’ਤੇ ਝਰਨਾਹਟ ਪੈਦਾ ਕਰ ਦਿੰਦੀ ਹੈ, ਜਿਸ ਨਾਲ ਮੂੰਹ ਸਵਾਦਲਾ ਅਤੇ ਤਰੋਤਾਜ਼ਾ ਮਹਿਸੂਸ ਹੁੰਦਾ ਹੈ। ਫਲਾਹੀ ਦੀ ਦਾਤਣ ਕਰਨ ਨਾਲ ਫੇਫੜਿਆਂ, ਗਲੇ ਅਤੇ ਖਾਂਸੀ ਦੇ ਰੋਗਾਂ ਤੋਂ ਵੀ ਰਾਹਤ ਮਿਲਦੀ ਹੈ। ਫਲਾਹੀ ਦੀ ਦਾਤਣ ਸਾਡੀਆਂ ਸੱਭਿਆਚਾਰਕ ਵੰਨਗੀਆਂ ਦੇ ਰਗ ਰਗ ਵਿੱਚ ਇੰਝ ਪਰੋਈ ਹੋਈ ਹੈ;
ਵਿਹੜੇ ਤਾਂ ਸਾਡੇ ਹਰੀਓ ਫਲਾਹੀ।
ਵੇ ਬੀਬਾ ਮੋੜ ਘੋੜਾ ਦਾਤਣ ਕਰ ਜਾਣਾ ਜੀ।
ਦਾਤਣ ਵੀ ਕਰ ਗਿਆ, ਗੱਲਾਂ ਵੀ ਕਰ ਗਿਆ।
ਇਹ ਜੋਗੀ ਨੀਂ ਸਹੀਓ
ਇਹ ਜੋਗੀ ਸਾਨੂੰ ਛੱਲ ਨੀਂ ਗਿਆ।
ਫਲਾਹੀ ਦੀ ਲੱਕੜ ਬਹੁਤ ਮਜ਼ਬੂਤ ਤੇ ਹੰਡਣਸਾਰ ਹੁੰਦੀ ਹੈ। ਇਸ ਦੀ ਲੱਕੜ ਨੂੰ ਖੇਤੀ ਦੇ ਸੰਦਾਂ ਲਈ ਵਰਤਿਆ ਜਾਂਦਾ ਰਿਹਾ ਹੈ। ਫਲਾਹੀ ਦੀ ਪੱਕੀ ਲੱਕੜ ਉੱਪਰੋਂ ਇੱਕ ਇੰਚ ਬੱਗੋਂ ਛੱਡ ਕੇ ਵਿੱਚੋਂ ਲਾਲ ਕਾਲੀ ਸ਼ਾਹ ਹੁੰਦੀ ਹੈ। ਇਹ ਲੱਕੜ ਟਾਹਲੀ ਦੀ ਲੱਕੜ ਨਾਲੋਂ ਵੀ ਮਜ਼ਬੂਤ ਗਿਣੀ ਜਾਂਦੀ ਹੈ। ਲੱਕੜ ਬਹੁਤ ਸਖ਼ਤ ਹੋਣ ਕਰਕੇ ਆਰੇ ਵਾਲੇ ਮਿਸਤਰੀ ਵੀ ਇਸ ਲੱਕੜ ਨੂੰ ਚੀਰਨ ਤੋਂ ਕੰਨੀ ਕਤਰਾਉਂਦੇ ਹਨ। ਫਲਾਹੀ ਦੀ ਲੱਕੜ ਲਟੈਣ, ਸ਼ਤੀਰ ਅਤੇ ਚੁਗਾਠਾਂ ਲਈ ਵਰਤੀ ਜਾਂਦੀ ਸੀ। ਲੱਕੜ ਭਾਰੀ ਹੋਣ ਕਰਕੇ ਜੁਲਾਹੇ ਤਾਣੀ ਵਾਲੇ ਸੰਦ ਫਲਾਹੀ ਦੇ ਬਣਾਉਂਦੇ ਸਨ। ਇਹ ਲੱਕੜ ਇੰਨੀ ਮਜ਼ਬੂਤ ਤੇ ਠੋਸ ਹੁੰਦੀ ਹੈ ਕਿ ਰਮਦਾਸੀਆਂ ਦਾ ਜੋੜੇ ਕੁੱਟਣ ਵਾਲਾ ‘ਮੋਗਰਾ’ ਵੀ ਫਲਾਹੀ ਦਾ ਬਣਦਾ ਹੈ ਜੋ ਮੇਖਾਂ ਵੀ ਮੋੜ ਦਿੰਦਾ ਹੈ। ਗੱਡਾ ਬਣਾਉਣ ਲਈ ਫ਼ਲ੍ਹੇ, ਸੁਹਾਗੇ ਅਤੇ ਕੋਹਲੂ ਲਗਾਉਣ ਲਈ ਵੀ ਫਲਾਹੀ ਦੀ ਲੱਕੜ ਵਰਤੀ ਜਾਂਦੀ ਰਹੀ ਹੈ। ਇਸ ਦੀ ਲੱਕੜ ਮਜ਼ਬੂਤ ਹੋਣ ਕਰਕੇ ਘਸਦੀ ਵੀ ਘੱਟ ਸੀ। ਖੂਹ ਲਾਉਣ ਵੇਲੇ ਖੂਹ ਦੇ ਹੇਠਾਂ ਪਾਉਣ ਵਾਲਾ ਚੱਕ ਵੀ ਫਲਾਹੀ ਦਾ ਪਾਉਂਦੇ ਸਨ ਜੋ ਗਲਦਾ ਨਹੀਂ ਸੀ। ਮਾਲਵੇ ਦੀਆਂ ਫ਼ਸਲਾਂ, ਰੁੱਖ ਅਤੇ ਸਾਡੇ ਪਰਿਵਾਰਕ ਰਿਸ਼ਤਿਆਂ ਦੀ ਸਾਂਝ ਨੂੰ ਸਾਡੀਆਂ ਸੱਭਿਆਚਾਰ ਵੰਨਗੀਆਂ ਵਿੱਚ ਇਸ ਤਰ੍ਹਾਂ ਪਰੋਇਆ ਹੋਇਆ ਹੈ;
ਲਾੜਿਆ ਵੇ ਤੇਰੀ ਭੈਣ ਕੁਪੱਤੀ
ਵੇ ਉਹ ਖਾਵੇ ਬਾਜਰਾ ਤੇ ਦੱਸਦੀ ਹੈ ਮੱਕੀ।
ਵੇ ਉਹ ਚੜ੍ਹਦੀ ਫਲਾਹੀ ਤੇ ਦੱਸਦੀ ਹੈ ਢੱਕੀ।
ਵੈਦਗੀ ਦੇ ਗਰੰਥਾਂ ਨੂੰ ਪੜ੍ਹ ਕੇ ਪਤਾ ਲੱਗਦਾ ਹੈ ਕਿ ਫਲਾਹੀ ਦੇ ਰੁੱਖਾਂ ਦੀ ਗੂੰਦ ਅਨੇਕਾਂ ਜੜ ਬਿਮਾਰੀਆਂ ਦਾ ਇਲਾਜ ਕਰਨ ਦੀ ਸਮਰੱਥਾ ਰੱਖਦੀ ਹੈ। ਦਵਾਈ ਬਣਾਉਣ ਦੇ ਵੱਖ ਵੱਖ ਢੰਗ ਤਰੀਕਿਆਂ ਮੁਤਾਬਕ ਫਲਾਹੀ ਦੇ ਵੱਖ-ਵੱਖ ਹਿੱਸਿਆਂ ਨੂੰ ਪਿੱਠ ਦਰਦ, ਰੀੜ੍ਹ ਦੀ ਹੱਡੀ, ਅੰਤੜੀਆਂ ਦੇ ਰੋਗ, ਔਰਤਾਂ ਦੇ ਜਣੇਪੇ, ਮਰਦਾਨਾ ਤਾਕਤ, ਸਰੀਰ ਦੀ ਮਜ਼ਬੂਤੀ, ਗਲਾ ਅਤੇ ਦੰਦਾਂ ਦੇ ਰੋਗਾਂ ਲਈ ਵਰਤਿਆ ਜਾਂਦਾ ਹੈ। ਰੁੱਖ ਸਾਨੂੰ ਇਕੱਲੀਆਂ ਛਾਵਾਂ, ਹਵਾਵਾਂ, ਫੁੱਲ ਅਤੇ ਫ਼ਲ ਹੀ ਨਹੀਂ ਦਿੰਦੇ ਸਗੋਂ ਰੁੱਖ ਸਾਡੇ ਜਨ ਜੀਵਨ ਦਾ ਆਧਾਰ ਹਨ। ਫਲਾਹੀ ’ਤੇ ਬੈਠੇ ਪੰਛੀਆਂ ਦੀ ਚਰਚਰਾਹਟ ਅਤੇ ਵਿਹੜੇ ਵਿੱਚ ਖੜ੍ਹੇ ਫਲਾਹੀ ਦੇ ਰੁੱਖ ਨੂੰ ਸਾਡੀਆਂ ਸੱਭਿਆਚਾਰਕ ਬੋਲੀਆਂ ਵਿੱਚ ਇੰਝ ਪਰੋਇਆ ਹੋਇਆ ਹੈ;
ਹਰੀ ਫਲਾਹੀ ਬੈਠਿਆ ਤੋਤਿਆ ਮੈਨਾਂ ਬੈਠੀ ਹੇਠ।
ਕੋਠੇ ਚੜ੍ਹਦੀ ਨਾ ਚੜ੍ਹਾਂ ਉੱਤੇ ਬੈਠਾ ਜੇਠ।
ਫਲਾਹੀ ਦੀ ਦਾਤਣ ਦਾ ਮਾਣ ਕਰਨ ਵਾਲਾ ਵੱਡਾ ਇਤਿਹਾਸ ਹੈ। ਬਟਾਲੇ ਤੋਂ ਪੰਜ ਕਿਲੋਮੀਟਰ ਦੂਰ ਗੁਰਦੁਆਰਾ ਫਲਾਹੀ ਸਾਹਿਬ ਹੈ। ਇਸ ਸਥਾਨ ’ਤੇ ਗੁਰੂ ਨਾਨਕ ਦੇਵ ਜੀ ਆ ਕੇ ਰਹੇ ਸਨ। ਜਿੱਥੇ ਗੁਰੂ ਸਾਹਿਬ ਨੇ ਫਲਾਹੀ ਦੀ ਦਾਤਣ ਕੀਤੀ ਸੀ ਅਤੇ ਦਾਤਣ ਕਰਨ ਤੋਂ ਬਾਅਦ ਦਾਤਣ ਧਰਤੀ ਵਿੱਚ ਗੱਡ ਦਿੱਤੀ ਸੀ। ਇਹ ਦਾਤਣ ਹਰੀ ਹੋ ਗਈ ਅਤੇ ਫਲਾਹੀ ਦੇ ਰੁੱਖ ਦਾ ਰੂਪ ਧਾਰਨ ਕਰ ਗਈ। ਇਸ ਸਥਾਨ ’ਤੇ ਉਹ ਫਲਾਹੀ ਦਾ ਰੁੱਖ ਅੱਜ ਵੀ ਮੌਜੂਦ ਹੈ। ਇਸ ਸਥਾਨ ’ਤੇ ਇਤਿਹਾਸਕ ਗੁਰਦੁਆਰਾ ਫਲਾਹੀ ਸਾਹਿਬ ਸੁਸ਼ੋਭਿਤ ਹੈ। ਜ਼ਿਲ੍ਹਾ ਲੁਧਿਆਣਾ ਦੇ ਪਿੰਡ ਦਲੇਅ ਵਿਖੇ ਵੀ ਗੁਰਦੁਆਰਾ ਫਲਾਹੀ ਸਾਹਿਬ ਸਥਿਤ ਹੈ ਜੋ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਹੈ। ਇਸ ਸਥਾਨ ’ਤੇ ਗੁਰੂ ਗੋਬਿੰਦ ਸਿੰਘ ਜੀ ਨੇ ਫਲਾਹੀ ਦੀ ਦਾਤਣ ਕੀਤੀ ਸੀ। ਜ਼ਿਲ੍ਹਾ ਬਠਿੰਡਾ ਵਿੱਚ ਵੀ ਗੁਰਦੁਆਰਾ ਲੱਖੀ ਜੰਗਲ ਵਿੱਚ ਵੀ ਇਤਿਹਾਸਕ ਫਲਾਹੀ ਦੇ ਰੁੱਖ ਹਨ। ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਸਬੰਧਿਤ ਗੁਰਦੁਆਰਾ ਮਾੜੀ ਸਾਹਿਬ, ਰਾਮਪੁਰਾ ਫੂਲ ਵਿਖੇ ਵੀ ਪੁਰਾਤਨ ਜੰਗਲ ਨੁਮਾ ਕਰੀਰ, ਜੰਡ, ਵਣਾਂ ਦੇ ਰੁੱਖਾਂ ਨਾਲ ਘਿਰਿਆ ਸਥਾਨ ਹੈ। ਇਸ ਸਥਾਨ ’ਤੇ ਛੱਪੜ ਦੇ ਕਿਨਾਰੇ ਦੋ ਫਲਾਹੀ ਦੇ ਵੱਡੇ ਰੁੱਖ ਹਨ। ਪੁਰਾਤਨ ਬਜ਼ੁਰਗ ਦੱਸਦੇ ਹਨ ਕਿ ਨਿਰਮਲ ਪੁਰਸ਼ਾਂ ਦੇ ਡੇਰੇ ਮੰਡੀ ਕਲਾਂ ਵਿੱਚ ਵੀ ਫਲਾਹੀ ਦੇ ਝੁੰਡ ਹੁੰਦੇ ਸਨ ਜਿਨ੍ਹਾਂ ਵਿਚਕਾਰ ਇੱਕ ਠੰਢੇ ਪਾਣੀ ਦੀ ਛੱਪੜੀ ਹੁੰਦੀ ਸੀ। ਜ਼ਿਲ੍ਹਾ ਮੋਗਾ ਦੇ ਪਿੰਡ ਇੰਦਰਗੜ੍ਹ ਵਿਖੇ ਵੀ ਫਲਾਹੀਆਂ ਦੇ ਝੁੰਡ ਸਨ। ਪੁਰਾਤਨ ਸਮੇਂ ਵਿੱਚ ਪਿੰਡਾਂ ਵਿੱਚ ਘਰਾਂ, ਧਰਮਸ਼ਾਲਾਵਾਂ ਅਤੇ ਗੁਰਦੁਆਰਿਆਂ ਵਿੱਚ ਫਲਾਹੀਆਂ ਦੇ ਰੁੱਖ ਆਮ ਸਨ, ਪਰ ਅੱਜ ਇਹ ਰੁੱਖ ਟਾਂਵਾਂ ਵਿਰਲਾ ਹੀ ਦਿਖਾਈ ਦਿੰਦਾ ਹੈ। ਪੁਰਾਤਨ ਸਮੇਂ ਵਿੱਚ ਆਪ ਮੁਹਾਰੇ ਮੂੰਹਾਂ ’ਤੇ ਚੜ੍ਹੀਆਂ ਬੋਲੀਆਂ ਸਾਨੂੰ ਫਲਾਹੀ ਦੇ ਰੁੱਖ ਅਤੇ ਭੈਣ-ਭਰਾ ਦੇ ਨਿੱਘੇ ਰਿਸ਼ਤਿਆਂ ਦੀ ਯਾਦ ਦਿਵਾਉਂਦੀਆਂ ਹਨ;
ਜੇ ਵੀਰ ਆਇਆ ਨੀਂ ਮਾਏ ਲੰਮੇਂ ਰਾਹੀਂ।
ਘੋੜਾ ਤਾਂ ਬੱਧਾ ਵੀਰ ਨੇ ਹੇਠ ਫਲਾਹੀ।
ਕੁਦਰਤ ਦੇ ਬਖ਼ਸ਼ੇ ਫਲਾਹੀ ਵਰਗੇ ਪੁਰਾਤਨ ਮੁੱਢ ਕਦੀਮੀ ਰੁੱਖ ਸਾਡੀ ਧਰਤੀ, ਵਿਰਾਸਤ, ਸੱਭਿਆਚਾਰ, ਜਨ ਜੀਵਨ ਅਤੇ ਸਾਡੀ ਸਿਹਤ ਲਈ ਵੀ ਵੱਡਾ ਸਰਮਾਇਆ ਹਨ, ਪਰ ਦੁੱਖ ਅਤੇ ਅਫ਼ਸੋਸ ਇਸ ਗੱਲ ਦਾ ਹੈ ਕਿ ਅੱਜ ਸੰਸਾਰੀਕਰਨ ਦੀ ਦੌੜ ਨੇ ਸਾਨੂੰ ਸਾਡੀਆਂ ਜੜਾਂ ਨਾਲੋਂ ਤੋੜ ਦਿੱਤਾ ਹੈ। ਜਿੱਥੇ ਪੁਰਾਤਨ ਸਮੇਂ ਵਿੱਚ ਪਿੰਡਾਂ ਵਿੱਚ ਫਲਾਹੀਆਂ ਦੇ ਝੁੰਡ ਸਨ ਅਤੇ ਘਰਾਂ ਵਿੱਚ ਵੀ ਫਲਾਹੀਆਂ ਦੇ ਰੁੱਖ ਸੋਭਦੇ ਸਨ, ਉੱਥੇ ਅੱਜ ਫਲਾਹੀਆਂ ਦੇ ਰੁੱਖ ਭਾਲਿਆਂ ਵੀ ਨਹੀਂ ਥਿਆਉਂਦੇ। ਨਵੀਂ ਪੀੜ੍ਹੀ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਫਲਾਹੀ ਦੇ ਨਾਂ ਦਾ ਵੀ ਕੋਈ ਰੁੱਖ ਹੁੰਦਾ ਹੈ। ਨਰਸਰੀਆਂ ਵਾਲਿਆਂ ਨੂੰ ਵੀ ਫਲਾਹੀ ਦੇ ਰੁੱਖ ਬਾਰੇ ਕੋਈ ਜਾਣਕਾਰੀ ਨਹੀਂ। ਜੇ ਅਸੀਂ ਅੱਜ ਵੀ ਚਾਹੀਏ ਤਾਂ ਫਲਾਹੀ ਦੇ ਰੁੱਖਾਂ ਦੇ ਬੀਜਾਂ ਤੋਂ ਨਵੇਂ ਰੁੱਖ ਉਗਾਏ ਜਾ ਸਕਦੇ ਹਨ ਜਿਸ ਵਿੱਚ ਪਿੰਡਾਂ ਵਿੱਚ ਰਹਿੰਦੇ ਸਾਡੇ ਬਜ਼ੁਰਗ ਜਾਂ ਖੇਤੀਬਾੜੀ ਦੇ ਮਾਹਰ ਡਾਕਟਰ ਵੀ ਸਾਡੀ ਸਹਾਇਤਾ ਕਰ ਸਕਦੇ ਹਨ। ਅੱਜ ਆਲਮੀ ਤਪਿਸ਼ ਦੇ ਭਿਆਨਕ ਸਮੇਂ ਵਿੱਚ ਸਾਨੂੰ ਸਾਡੇ ਪੁਰਾਤਨ ਰੁੱਖਾਂ ਨੂੰ ਉਗਾਉਣਾ ਚਾਹੀਦਾ ਹੈ, ਰੁੱਖਾਂ ਨੂੰ ਪਾਲਣਾ ਚਾਹੀਦਾ ਹੈ। ਰੁੱਖਾਂ ਨਾਲ, ਕੁਦਰਤ ਨਾਲ ਮਿਲ ਕੇ ‘ਰੁੱਖਾਂ ਦੀ ਜੀਰਾਂਦ’ ਵਰਗੀ ਸਹਿਜ ਜ਼ਿੰਦਗੀ ਨੂੰ ਜਿਊਣਾ ਸਮੇਂ ਦੀ ਮੁੱਖ ਲੋੜ ਹੈ। ਜਿਸ ਨਾਲ ਜਿੱਥੇ ਅਸੀਂ ਆਪਣੇ ਪੁਰਾਤਨ ਸੱਭਿਆਚਾਰ ਨੂੰ ਸਮਝ ਸਕਾਂਗੇ, ਉੱਥੇ ਫਲਾਹੀ ਸਬੰਧੀ ਸਾਡੇ ਸੱਭਿਆਚਾਰ ਦੀਆਂ ਆਪ ਮੁਹਾਰੇ ਲੋਕ ਮਨਾਂ ’ਚ ਪੈਦਾ ਹੋਈਆਂ ਅਜਿਹੀਆਂ ਲੋਕ ਬੋਲੀਆਂ ਦਾ ਭਾਵ ਅਰਥ ਵੀ ਸਾਨੂੰ ਸਮਝ ਆ ਜਾਵੇਗਾ;
ਫੁੱਲਾਂ ਦੀ ਫਲਾਹੀ ਮਾਹੀਆ।
ਇੱਕ ਤੇਰੀ ਜਿੰਦ ਬਦਲੇ
ਜਿੰਦ ਕੰਡਿਆਂ ’ਤੇ ਪਾਈ ਮਾਹੀਆ।
ਸੰਪਰਕ: 98768-50680