ਸੰਵਿਧਾਨਕ ਤਰੀਕਿਆਂ ਨਾਲ ਹੋ ਸਕਦੈ ਹਰ ਸਮੱਸਿਆ ਦਾ ਹੱਲ: ਜਸਟਿਸ ਗਵਈ
ਇੰਫਾਲ, 23 ਮਾਰਚ
ਸੁਪਰੀਮ ਕੋਰਟ ਦੇ ਜੱਜ ਜਸਟਿਸ ਬੀਆਰ ਗਵਈ ਨੇ ਅੱਜ ਕਿਹਾ ਕਿ ਸਾਰੀਆਂ ਸਮੱਸਿਆਵਾਂ ਦਾ ਹੱਲ ਸੰਵਿਧਾਨਕ ਢੰਗ-ਤਰੀਕਿਆਂ ਰਾਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਜਦੋਂ ਗੱਲਬਾਤ ਹੁੰਦੀ ਹੈ ਤਾਂ ਹੱਲ ਆਸਾਨੀ ਨਾਲ ਮਿਲ ਜਾਂਦਾ ਹੈ। ਸੁਪਰੀਮ ਕੋਰਟ ਦੇ ਜੱਜਾਂ ਦਾ ਪੰਜ ਮੈਂਬਰੀ ਵਫ਼ਦ ਸ਼ਨਿੱਚਰਵਾਰ ਤੋਂ ਮਨੀਪੁਰ ਦੇ ਦੋ ਰੋਜ਼ਾ ਦੌਰੇ ’ਤੇ ਹੈ। ਜਸਟਿਸ ਗਵਈ ਇਸ ਵਫ਼ਦ ਦੀ ਅਗਵਾਈ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਵਫ਼ਦ ਨੂੰ ਪਤਾ ਲੱਗਾ ਹੈ ਕਿ ਨਸਲੀ ਹਿੰਸਾ ਪ੍ਰਭਾਵਿਤ ਇਸ ਸੂਬੇ ਵਿੱਚ ਹਰ ਕੋਈ ਸ਼ਾਂਤੀ ਬਹਾਲੀ ਚਾਹੁੰਦਾ ਹੈ ਅਤੇ ਕਿਸੇ ਦੀ ਵੀ ਮੌਜੂਦਾ ਸਥਿਤੀ ਨੂੰ ਬਰਕਰਾਰ ਰੱਖਣ ਵਿੱਚ ਦਿਲਚਸਪੀ ਨਹੀਂ ਹੈ। ਮਨੀਪੁਰ ਹਾਈ ਕੋਰਟ ਸਥਾਪਨਾ ਦੀ 12ਵੀਂ ਵਰ੍ਹੇਗੰਢ ਮੌਕੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਜਸਟਿਸ ਗਵਈ ਨੇ ਕਿਹਾ, ‘‘ਸਭ ਕੁੱਝ ਸੰਵਿਧਾਨਿਕ ਤਰੀਕਿਆਂ ਨਾਲ ਹੱਲ ਹੋ ਸਕਦਾ ਹੈ। ਜੇਕਰ ਗੱਲਬਾਤ ਹੁੰਦੀ ਹੈ ਤਾਂ ਹੱਲ ਵੀ ਦੂਰ ਨਹੀਂ। ਰਾਹਤ ਕੈਂਪਾਂ ਵਿੱਚ ਰਹਿ ਰਹੇ ਲੋਕ ਆਪਣੇ ਘਰਾਂ ਨੂੰ ਪਰਤਣਾ ਚਾਹੁੰਦੇ ਹਨ। ਮੈਨੂੰ ਯਕੀਨ ਹੈ ਕਿ ਰਾਜਪਾਲ ਦੇ ਯਤਨਾਂ ਨਾਲ ਮਨੀਪੁਰ ਵਿੱਚ ਸ਼ਾਂਤੀ ਅਤੇ ਆਮ ਸਥਿਤੀ ਬਹਾਲ ਹੋ ਜਾਵੇਗੀ।’’ -ਪੀਟੀਆਈ