ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਘਟ ਰਿਹਾ ਪਾਣੀ ਅਤੇ ਵਧ ਰਹੀ ਆਬਾਦੀ

10:26 PM Jun 29, 2023 IST

ਡਾ. ਰਣਜੀਤ ਸਿੰਘ

Advertisement

ਭਾਰਤ ਸੰਸਾਰ ਦਾ ਸਭ ਤੋਂ ਵਧ ਆਬਾਦੀ ਵਾਲਾ ਦੇਸ਼ ਬਣ ਗਿਆ ਹੈ। ਹੁਣ ਇਸ ਦੀ ਵਸੋਂ 140 ਕਰੋੜ ਨੂੰ ਪਾਰ ਕਰ ਗਈ ਹੈ। ਜਦੋਂ ਦੇਸ਼ ਆਜ਼ਾਦ ਹੋਇਆ, ਉਦੋਂ ਆਬਾਦੀ ਕੇਵਲ 33 ਕਰੋੜ ਸੀ। ਤੇਜ਼ੀ ਨਾਲ ਹੋਏ ਆਬਾਦੀ ਦੇ ਇਸ ਵਾਧੇ ਦੀਆਂ ਤਿੰਨ ਮੁਢਲੀਆਂ ਲੋੜਾਂ- ਰੋਟੀ, ਕੱਪੜਾ ਤੇ ਮਕਾਨ, ਦੀ ਪੂਰਤੀ ਲਈ ਦੇਸ਼ ਦੇ ਕੁਦਰਤੀ ਵਸੀਲਿਆਂ ਦੀ ਵੀ ਤੇਜ਼ੀ ਨਾਲ ਵਰਤੋਂ ਕੀਤੀ ਜਾ ਰਹੀ ਹੈ। ਲੋਕਾਂ ਲਈ ਮਕਾਨ ਬਣਾਉਣ ਵਾਸਤੇ ਲੱਖਾਂ ਪਿੰਡ ਉਜਾੜਨੇ ਪਏ ਹਨ। ਇੰਝ ਵਾਹੀ ਹੇਠ ਧਰਤੀ ਘਟ ਰਹੀ ਹੈ ਅਤੇ ਭੋਜਨ ਦੀਆਂ ਲੋੜਾਂ ਵਧ ਰਹੀਆਂ ਹਨ। ਜਦੋਂ ਵਸੋਂ ਕੇਵਲ 33 ਕਰੋੜ ਸੀ, ਉਦੋਂ ਲੋਕੀਂ ਪਾਣੀ ਦੀ ਸੰਕੋਚਵੀਂ ਵਰਤੋਂ ਕਰਦੇ ਸਨ ਕਿਉਂਕਿ ਪਾਣੀ ਬਿਨਾ ਧਰਤੀ ਉਤੇ ਜੀਵਨ ਸੰਭਵ ਨਹੀਂ ਹੈ। ਹੁਣ ਜਦੋਂ ਆਬਾਦੀ ਇਤਨੀ ਵਧ ਗਈ ਹੈ ਤਾਂ ਪਾਣੀ ਦੀਆਂ ਲੋੜਾਂ ਵੀ ਉਸੇ ਅਨੁਪਾਤ ਵਿਚ ਵਧੀਆਂ ਹਨ। ਇਸ ਦੇ ਨਾਲ ਹੀ ਲੋਕਾਂ ਵਿਚ ਪਾਣੀ ਦੀ ਸੰਕੋਚਵੀਂ ਵਰਤੋਂ ਕਰਨ ਅਤੇ ਪਾਣੀ ਨੂੰ ਦੇਵਤਾ ਸਮਝਣ ਵਾਲਾ ਸਤਿਕਾਰ ਖਤਮ ਹੋ ਗਿਆ ਹੈ। ਉਹ ਪਾਣੀ ਦੀ ਖੁੱਲ੍ਹ ਕੇ ਵਰਤੋਂ ਕਰਦੇ ਹਨ। ਸਾਰੇ ਲੋਕਾਂ ਦੀਆਂ ਮੁਢਲੀਆਂ ਲੋੜਾਂ ਦੀ ਪੂਰਤੀ ਲਈ ਵੀ ਪਾਣੀ ਦੀ ਅਹਿਮ ਭੂਮਿਕਾ ਹੈ। ਪਾਣੀ ਬਿਨਾ ਫ਼ਸਲਾਂ, ਪਸ਼ੂ ਪੰਛੀ, ਰੁੱਖ, ਬੂਟੇ ਕੋਈ ਵੀ ਜੀਵਤ ਨਹੀਂ ਰਹਿ ਸਕਦਾ। ਇੰਝ ਦੇਸ਼ ਵਿਚ ਪਾਣੀ ਦੀ ਵਰਤੋਂ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ। ਅਸੀਂ ਆਪਣੇ ਦਰਿਆਵਾਂ ਅਤੇ ਧਰਤੀ ਹੇਠਲੇ ਪਾਣੀ ਦੀ ਬੜੀ ਬੇਦਰਦੀ ਨਾਲ ਵਰਤੋਂ ਕਰ ਰਹੇ ਹਾਂ। ਇਸ ਨਾਲ ਧਰਤੀ ਹੇਠਲਾ ਪਾਣੀ ਮੁੱਕਣ ਨੇੜੇ ਹੈ ਅਤੇ ਦਰਿਆ ਸੁਕਣ ਵਾਲੇ ਹਨ। ਮੀਂਹ ਦੇ ਪਾਣੀ ਦੀ ਸੰਭਾਲ ਅਤੇ ਧਰਤੀ ਹੇਠ ਇਸ ਦੀ ਭਰਪਾਈ ਵੱਲ ਕਿਸੇ ਵੀ ਧਿਆਨ ਨਹੀਂ ਦਿੱਤਾ। ਸਾਰੀਆਂ ਗਲੀਆਂ, ਸੜਕਾਂ ਪੱਕੀਆਂ ਹੋ ਗਈਆਂ ਹਨ। ਛੱਪੜ ਅਤੇ ਤਲਾਬ ਪੂਰ ਦਿੱਤੇ ਗਏ ਹਨ। ਦਰਿਆ, ਨਦੀਆਂ ਅਤੇ ਨਾਲਿਆਂ ਦੇ ਵਹਿਣ ਮੋੜ ਦਿੱਤੇ ਗਏ ਹਨ। ਇੰਝ ਧਰਤੀ ਹੇਠ ਬਹੁਤ ਘਟ ਪਾਣੀ ਜਾ ਰਿਹਾ ਹੈ।

ਪੰਜਾਬ ਜਿਸ ਦਾ ਨਾਮ ਹੀ ਪਾਣੀਆਂ ਦੀ ਹੋਂਦ ਕਰ ਕੇ ਪਿਆ ਸੀ, ਉਸ ਦਾ ਵੀ ਧਰਤੀ ਹੇਠਲਾ ਪਾਣੀ ਮੁੱਕਣ ਕਿਨਾਰੇ ਹੈ ਕਿਉੁਂਕਿ ਘਰਾਂ ਅਤੇ ਖੇਤਾਂ ਦੀਆਂ ਪਾਣੀ ਲੋੜਾਂ ਧਰਤੀ ਹੇਠਲੇ ਪਾਣੀ ਨਾਲ ਹੀ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਨਹਿਰੀ ਪਾਣੀ ਨਾਲ ਤਾਂ ਸਿੰਜਾਈ ਮਸਾਂ ਇਕ ਤਿਹਾਈ ਹਿੱਸੇ ਦੀ ਹੀ ਹੁੰਦੀ ਹੈ। ਕੁਝ ਦਿਨ ਪਹਿਲਾਂ ਮੈਨੂੰ ਫਰੈਡ ਪੀਆਰਸ ਦੀ ਕਿਤਾਬ ‘ਜਦੋਂ ਦਰਿਆ ਸੁਕਦੇ ਹਨ’ ਪੜ੍ਹਨ ਦਾ ਮੌਕਾ ਮਿਲਿਆ ਹੈ। ਲੇਖਕ ਨੇ ਭਾਰਤ ਵਿਚ ਹੀ ਨਹੀਂ, ਸਾਰੇ ਸੰਸਾਰ ਵਿਚ ਮੁੱਕ ਰਹੇ ਪਾਣੀ ਦੀ ਬਹੁਤ ਸੁਚੱਜੇ ਢੰਗ ਨਾਲ ਚਿਤਾਵਨੀ ਦਿੱਤੀ ਹੈ। ਇਸ ਪੁਸਤਕ ਦਾ ਪੀਏਯੂ ਦੇ ਇਕ ਪੁਰਾਣੇ ਵਿਦਿਆਰਥੀ ਅਤੇ ਹੁਣ ਅਮਰੀਕਾ ਦੀ ਕੈਲੋਫੋਰਨੀਆ ਯੂਨੀਵਰਸਿਟੀ ਵਿਚ ਪ੍ਰੋਫੈਸਰ ਗੁਰਰੀਤ ਬਰਾੜ ਨੇ ਪੰਜਾਬੀ ਵਿਚ ਅਨੁਵਾਦ ਕਰ ਕੇ ਆਪਣੇ ਖਰਚੇ ਉਤੇ ਛਪਾਈ ਕਰਵਾਈ ਹੈ। ਗੁਰਰੀਤ ਆਪਣੀ ਮਿੱਟੀ ਦਾ ਮੋਹ ਨਹੀਂ ਭੁੱਲਿਆ। ਉਹ ਪੁਸਤਕ ਦੇ ਆਰੰਭ ਵਿਚ ਲਿਖਦਾ ਹੈ, “ਸਾਡੀ ਤਹਿਜ਼ੀਬ ਉਸਾਰਨ ਵਾਲੇ ਪੰਜਾਬ ਦੇ ਸਾਰੇ ਦਰਿਆਵਾਂ ਨੂੰ ਸਮਰਪਿਤ, ਜਿਹੜੇ ਸਿਰਫ ਸਾਡੀ ਸਰਜ਼ਮੀਨ ਉਤੇ ਹੀ ਨਹੀਂ ਸਗੋਂ ਮੇਰੇ ਜਿਹੇ ਹਰ ਪੰਜਾਬੀ ਦੇ ਅੰਦਰ ਵੀ ਵਗਦੇ ਨੇ। ਦੁਆ ਹੈ ਕਿ ਉਨ੍ਹਾਂ ਨੂੰ ਐਸੀ ਕਿਸੇ ਕਿਤਾਬ ਦਾ ਹਿੱਸਾ ਨਾ ਬਣਨਾ ਪਵੇ।”

Advertisement

ਪੁਸਤਕ ਵਿਚ ਫਰੈਡ ਨੇ ਸਾਰੇ ਸੰਸਾਰ ਵਿਚ ਸੁੱਕ ਗਏ ਅਤੇ ਸੁੱਕ ਰਹੇ ਦਰਿਆਵਾਂ ਦਾ ਵੇਰਵਾ ਦਿੱਤਾ ਹੈ ਤੇ ਦਰਿਆਵਾਂ ਨੂੰ ਜਿਊਂਦਿਆਂ ਰੱਖਣ ਲਈ ਅਪੀਲ ਵੀ ਕੀਤੀ ਹੈ। ਪੰਜਾਬ ਵਿਚ ਮੁੱਕ ਰਹੇ ਪਾਣੀ ਲਈ ਅਸੀਂ ਝੋਨੇ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਾਂ ਪਰ ਇਹ ਭੁੱਲ ਜਾਂਦੇ ਹਾਂ ਕਿ ਸਾਰੀ ਵਸੋਂ ਦਾ ਢਿੱਡ ਭਰਨ ਲਈ ਭੋਜਨ ਤਾਂ ਪੈਦਾ ਕਰਨਾ ਹੀ ਪਵੇਗਾ। ਪਾਣੀ ਤਾਂ ਉਨ੍ਹਾਂ ਫ਼ਸਲਾਂ ਨੂੰ ਵੀ ਚਾਹੀਦਾ ਹੈ ਜਿਹੜੀਆਂ ਝੋਨੇ ਦੀ ਥਾਂ ਬੀਜੀਆਂ ਜਾਣਗੀਆਂ। ਲੇਖਕ ਨੇ ਗੁਜਰਾਤ ਦੇ ਦੁੱਧ ਉਤਪਾਦਕਾਂ ਦਾ ਵੇਰਵਾ ਦਿੱਤਾ ਹੈ ਜਿਹੜਾ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ।

ਜੀਤ ਭਾਈ ਚੌਧਰੀ ਗੁਜਰਾਤ ਸੂਬੇ ਦੇ ਕੁਸ਼ਕਲ ਨਾਂ ਦੇ ਪਿੰਡ ਵਿਚ ਖੇਤੀ ਕਰਦਾ ਹੈ। ਉਹ ਰਵਾਇਤੀ ਪੱਖ ਤੋਂ ਆਦਰਸ਼ ਕਿਸਾਨ ਹੈ ਤੇ ਵਾਤਵਰਨ ਪੱਖੀ ਸੋਚ ਵਾਲਾ ਵੀ ਹੈ। ਉਸ ਕੋਲ ਸਿਰਫ 5 ਕਿੱਲੇ ਜ਼ਮੀਨ ਹੈ। ਉਸ ਕੋਲ ਛੋਟਾ ਪੰਪ ਸੀ ਜਿਹੜਾ ਘੰਟੇ ਵਿਚ 12 ਹਜ਼ਾਰ ਲਿਟਰ ਪਾਣੀ ਕੱਢਦਾ ਸੀ। ਇਸ ਨਾਲ ਉਹ ਸਾਲ ਵਿਚ 24 ਵਾਰ ਖੇਤਾਂ ਨੂੰ ਪਾਣੀ ਦਿੰਦਾ ਸੀ। ਇਕ ਵਾਰ ਪਾਣੀ ਦੇਣ ਲਈ 64 ਘੰਟੇ ਲਗਦੇ ਸਨ। ਉਸ ਦੀਆਂ ਗਾਈਆਂ ਦੀ ਦੁੱਧ ਦੀ ਕੁੱਲ ਪੈਦਾਵਾਰ 25 ਕੁ ਲਿਟਰ ਪ੍ਰਤੀ ਦਿਨ ਸੀ। ਇਸ ਤਰ੍ਹਾਂ ਉਸ ਨੂੰ ਇਕ ਸਾਲ ਵਿਚ 9100 ਲਿਟਰ ਦੁੱਧ ਪੈਦਾ ਕਰਨ ਲਈ ਇਕ ਕਰੋੜ ਛਿਆਸੀ ਲੱਖ ਲਿਟਰ ਪਾਣੀ ਚਾਰੇ ਨੂੰ ਲਾਉਣਾ ਪੈਂਦਾ ਸੀ। ਇਕ ਲਿਟਰ ਦੁੱਧ ਮਗਰ 2000 ਲਿਟਰ ਪਾਣੀ। ਇਸ ਬਾਰੇ ਉਸ ਦੱਸਿਆ, “ਹਾਂ, ਮੈਨੂੰ ਡਰ ਹੈ ਕਿ ਪਾਣੀ ਖਤਮ ਹੋ ਜਾਵੇਗਾ ਪਰ ਮੈਂ ਕੀ ਕਰ ਸਕਦਾ ਹਾਂ। ਜੇਕਰ ਮੈਂ ਨਾ ਪਾਣੀ ਖਿੱਚਿਆ ਤਾਂ ਮੇਰੇ ਗੁਆਂਢੀ ਖਿੱਚ ਲੈਣਗੇ।”

ਇਕ ਅਨੁਮਾਨ ਅਨੁਸਾਰ ਭਾਰਤ ਵਿਚ ਸਿੰਜਾਈ ਲਈ ਸਾਲਾਨਾ 20 ਕਰੋੜ ਏਕੜ ਫੁੱਟ ਪਾਣੀ ਧਰਤੀ ਹੇਠੋਂ ਖਿੱਚਿਆ ਜਾਂਦਾ ਹੈ ਅਤੇ ਮੀਂਹ ਇਸ ਨਾਲੋਂ ਮਸਾਂ ਅੱਧੀ ਮਾਤਰਾ ਵਿਚ ਪੈਂਦੇ ਹਨ। ਪੰਜਾਬ ਵਿਚ ਕਦੇ ਖੂਹਾਂ ਵਿਚੋਂ ਪਾਣੀ ਚਰਸ ਨਾਲ ਕੱਢਿਆ ਜਾਂਦਾ ਸੀ। ਇਹ ਚਮੜੇ ਦਾ ਵੱਡਾ ਬੋਕਾ ਹੁੰਦਾ ਸੀ। ਇਸ ਨੂੰ ਖੂਹ ਵਿਚ ਸੁੱਟਿਆ ਜਾਂਦਾ ਸੀ, ਜਦੋਂ ਇਹ ਪਾਣੀ ਨਾਲ ਭਰ ਜਾਂਦਾ ਤਾਂ ਬਲਦਾਂ ਦੀ ਜੋੜੀ ਇਸ ਨੂੰ ਬਾਹਰ ਖਿੱਚਦੀ ਸੀ। ਇਸ ਨਾਲ ਬਹੁਤ ਘੱਟ ਧਰਤੀ ਦੀ ਸਿੰਜਾਈ ਹੁੰਦੀ ਸੀ। ਫਿਰ ਬਲਦਾਂ ਨਾਲ ਚੱਲਣ ਵਾਲੇ ਹਲਟ ਆ ਗਏ। ਖੂਹਾਂ ਵਿਚੋਂ ਕੋਈ 30-40 ਫੁੱਟ ਡੂੰਘਾਈ ਤੋਂ ਟਿੰਡਾਂ ਰਾਹੀਂ ਪਾਣੀ ਖਿੱਚਿਆ ਜਾਂਦਾ ਸੀ। ਹੁਣ ਟਿਊਬਵੈੱਲ ਬੋਰ ਹਰ ਸਾਲ ਡੂੰਘੇ ਕਰਨੇ ਪੈ ਰਹੇ ਹਨ। ਮੋਟਰਾਂ ਵੀ ਵੱਡੀਆਂ ਲੱਗ ਰਹੀਆਂ ਹਨ, ਇੰਝ ਬਿਜਲੀ ਦੀ ਖਪਤ ਵਿਚ ਵੀ ਵਾਧਾ ਹੋਇਆ ਹੈ।

ਜੇ ਕਿਸਾਨਾਂ ਨਾਲ ਬਿਜਲੀ ਦਾ ਮਹੀਨੇਵਾਰ ਕੋਟਾ ਮਿੱਥਿਆ ਜਾਵੇ ਤਾਂ ਇਸ ਨਾਲ ਧਰਤੀ ਹੇਠਲੇ ਪਾਣੀ ਦੀ ਕੁਝ ਬਚਤ ਹੋ ਸਕਦੀ ਹੈ। ਹੇਠਲੀ ਪੱਧਰ ਤੋਂ ਜਿਹੜਾ ਪਾਣੀ ਕੱਢਿਆ ਜਾ ਰਿਹਾ ਹੈ, ਉਸ ਦੀ ਕਦੇ ਵੀ ਭਰਪਾਈ ਨਹੀਂ ਹੋ ਸਕੇਗੀ। ਧਰਤੀ ਹੇਠ ਪਾਣੀ ਜਾਣ ਵਾਲੇ ਅਸੀਂ ਲਗਭਗ ਸਾਰੇ ਸੋਮੇ ਬੰਦ ਕਰ ਦਿੱਤੇ ਹਨ। ਦਰਿਆਵਾਂ, ਬੇਈਆਂ ਦੇ ਪਾਣੀ ਨੂੰ ਬੰਨ੍ਹ ਲਾ ਕੇ ਰੋਕ ਲਿਆ ਹੈ। ਸਾਰੇ ਛੱਪੜ ਪੂਰ ਦਿੱਤੇ ਹਨ। ਗਲੀਆਂ, ਸੜਕਾਂ ਤੇ ਹੋਰ ਖਾਲੀ ਥਾਂ ਪੱਕੇ ਕਰ ਲਏ ਹਨ। ਮੀਂਹ ਦੇ ਪਾਣੀ ਨੂੰ ਹੇਠ ਭੇਜਣ ਦਾ ਕੋਈ ਉਪਰਾਲਾ ਨਹੀਂ ਕੀਤਾ ਹੈ। ਕਿਸੇ ਸਿਆਣੇ ਆਗੂ ਨੇ ਹਰ ਖੇਤ ਤਾਈਂ ਨਹਿਰੀ ਪਾਣੀ ਪਹੁੰਚਾਉਣ ਦਾ ਪ੍ਰਬੰਧ ਕੀਤਾ ਸੀ। ਇਨ੍ਹਾਂ ਦੀ ਸਰਕਾਰ ਨੇ ਕਦੇ ਸਫਾਈ ਨਹੀਂ ਕਰਵਾਈ, ਕੁਝ ਨਹਿਰਾਂ ਪੱਕੀਆਂ ਕਰ ਦਿੱਤੀਆਂ ਹਨ, ਮੀਂਹ ਦਾ ਪਾਣੀ ਇਨ੍ਹਾਂ ਵਿਚ ਭਰਨ ਦਾ ਕਦੇ ਪ੍ਰਬੰਧ ਨਹੀਂ ਕੀਤਾ। ਲੁਧਿਆਣੇ ਤੋਂ ਫਿਲੌਰ ਨੂੰ ਜਾਈਏ ਤਾਂ ਸਤਲੁਜ ਦਰਿਆ ਵਿਚ ਮਸਾਂ ਇਕ ਵੱਡੇ ਟਿਊਬਵੈੱਲ ਜਿਤਨਾ ਪਾਣੀ ਵਗਦਾ ਹੈ। ਸਾਰੀ ਵਸੋਂ ਦਾ ਢਿੱਡ ਭਰਨ ਲਈ ਕੁਦਰਤ ਵਲੋਂ ਸਾਨੂੰ ਬਖ਼ਸ਼ੇ ਤੇ ਸਾਡੇ ਵੱਲੋਂ ਵਰਤੇ ਕੁੱਲ ਪਾਣੀ ਦਾ ਅੱਧਿਉਂ ਵੱਧ ਖੇਤੀਬਾੜੀ ਲਈ ਵਰਤਿਆ ਜਾਂਦਾ ਹੈ। ਪੰਜਾਬ ਵਿਚ ਸੀਵਰੇਜ ਦੇ ਪਾਣੀ ਦੀ ਸੁਧਾਈ ਕਰ ਕੇ ਇਸ ਨੂੰ ਸਿੰਜਾਈ ਲਈ ਵਰਤਣ ਦਾ ਯਤਨ ਨਹੀਂ ਕੀਤਾ ਗਿਆ ਸਗੋਂ ਇਸ ਨੂੰ ਜਾਂ ਤਾਂ ਧਰਤੀ ਹੇਠ ਭੇਜਿਆ ਜਾ ਰਿਹਾ ਹੈ ਜਾਂ ਦਰਿਆਵਾਂ ਵਿਚ ਸੁੱਟਿਆ ਜਾ ਰਿਹਾ ਹੈ। ਇੰਝ ਸਾਡੇ ਦਰਿਆਵਾਂ ਦਾ ਪਾਣੀ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੋ ਗਿਆ ਹੈ। ਮਾਲਵੇ ਦੇ ਕੁਝ ਇਲਾਕੇ ਵਿਚ ਇਸੇ ਪਾਣੀ ਨੂੰ ਪੀਣ ਲਈ ਮਜਬੂਰ ਹੋਣਾ ਪੈਂਦਾ ਹੈ ਜਿਸ ਕਾਰਨ ਇਹ ਇਲਾਕਾ ਕੈਂਸਰ ਪੱਟੀ ਬਣ ਗਿਆ ਹੈ। ਭਵਿੱਖ ਵਿਚ ਪਾਣੀ ਸਭ ਤੋਂ ਵੱਡੀ ਸਮੱਸਿਆ ਹੋਵੇਗੀ, ਇਸ ਕਰ ਕੇ ਸਾਨੂੰ ਆਪਣੇ ਦਰਿਆਵਾਂ ਦੀ ਸੰਭਾਲ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।

ਇਸ ਵਿਚ ਕੋਈ ਸ਼ੱਕ ਨਹੀਂ ਕਿ ਧਰਤੀ ਉਤੇ ਵੱਡੀ ਮਾਤਰਾ ਵਿਚ ਪਾਣੀ ਹੈ। ਇਕ ਅੰਦਾਜ਼ੇ ਅਨੁਸਾਰ ਧਰਤੀ ਉਪਰ 1100 ਖਰਬ ਏਕੜ ਫੁੱਟ ਪਾਣੀ ਹੈ ਪਰ ਇਸ ਦਾ 97% ਤੋਂ ਵਧੇਰੇ ਹਿੱਸਾ ਸਮੁੰਦਰੀ ਪਾਣੀ ਹੈ ਜਿਹੜਾ ਅਸੀਂ ਪੀ ਨਹੀਂ ਸਕਦੇ। ਏਸ਼ੀਆ ਅੰਦਰ ਦੁਨੀਆਂ ਦੀ ਦੋ ਤਿਹਾਈ ਆਬਾਦੀ ਵਸਦੀ ਹੈ ਪਰ ਕੁੱਲ ਵਗਦੇ ਪਾਣੀ ਦਾ ਸਿਰਫ ਤੀਜਾ ਹਿੱਸਾ ਹੀ ਇਥੇ ਹੈ। ਇਹਦੇ ਵਿਚੋਂ ਕੋਈ 80% ਪਾਣੀ ਕੇਵਲ ਮੌਨਸੂਨ ਰੁੱਤ ਵੇਲੇ ਹੀ ਵਗਦਾ ਹੈ। ਹਰੀ ਕ੍ਰਾਂਤੀ ਨੇ ਅੰਨ ਭੰਡਾਰ ਤਾਂ ਭਰ ਦਿੱਤੇ ਪਰ ਪਾਣੀ ਦੇ ਸੋਮੇ ਖਾਲੀ ਕਰ ਦਿੱਤੇ। ਆਬਾਦੀ ਦਾ ਢਿੱਡ ਤਾਂ ਭਰ ਦਿੱਤਾ ਪਰ ਪਹਿਲਾਂ ਨਾਲੋਂ ਕੋਈ ਤਿੰਨ ਗੁਣਾ ਵਧੇਰੇ ਪਾਣੀ ਖਰਚ ਹੋਇਆ। ਅਜਿਹਾ ਕਰਨਾ ਮਜਬੂਰੀ ਹੈ। ਭੋਜਨ ਮਨੁੱਖ ਦੀ ਮੁੱਢਲੀ ਲੋੜ ਹੈ, ਇਸ ਕਰ ਕੇ ਰੋਟੀ ਦੇਣਾ ਤਾਂ ਹਰ ਸਰਕਾਰ ਦਾ ਪਹਿਲਾ ਫ਼ਰਜ਼ ਬਣਦਾ ਹੈ। ਖਤਮ ਹੋ ਰਹੇ ਪਾਣੀ ਦੀ ਸੰਭਾਲ ਲਈ ਤੇਜ਼ੀ ਨਾਲ ਵਧ ਰਹੀ ਆਬਾਦੀ ਉਤੇ ਵੀ ਲਗਾਮ ਲਗਾਉਣ ਦੀ ਲੋੜ ਹੈ। ਦੇਸ਼ ਵਿਚ ਲੋਕ ਰਾਜ ਵੋਟ ਰਾਜ ਬਣ ਰਿਹਾ ਹੈ। ਵੋਟ ਰਾਜ ਵਿਚ ਆਬਾਦੀ ਦੇ ਵਾਧੇ ਨੂੰ ਰੋਕਣ ਵਲ ਕੋਈ ਸਰਕਾਰ ਵੀ ਧਿਆਨ ਨਹੀਂ ਦੇ ਰਹੀ।

ਇਹ ਵੀ ਪਤਾ ਲੱਗਿਆ ਹੈ ਕਿ ਧਰਤੀ ਹੇਠਲੇ ਡੂੰਘੇ ਪਾਣੀਆਂ ਵਿਚ ਆਰਸੈਨਿਕ ਦੀ ਮਾਤਰਾ ਵਧ ਹੁੰਦੀ ਹੈ। ਹੁਣ ਜਦੋਂ ਇਹ ਪਾਣੀ ਕੱਢਿਆ ਜਾ ਰਿਹਾ ਹੈ ਤਾਂ ਇਹ ਜ਼ਹਿਰ ਮਨੁੱਖ ਅਤੇ ਪਸ਼ੂ ਖਾ ਰਹੇ ਹਨ। ਇਸ ਨੂੰ ਰੋਕਣ ਲਈ ਸਾਨੂੰ ਆਪਣੇ ਜਲ ਭੰਡਾਰ ਭਰਨ ਵਲ ਧਿਆਨ ਦੇਣਾ ਜ਼ਰੂਰੀ ਹੈ। ਹੁਣ ਜਦੋਂ ਧਰਤੀ ਹੇਠੋਂ ਪਾਣੀ ਕੱਢਿਆ ਜਾਂਦਾ ਹੈ ਤਾਂ ਉਨ੍ਹਾਂ ਖਾਲੀ ਥਾਵਾਂ ਉਤੇ ਫੈਕਟਰੀਆਂ ਤੇ ਪਖਾਨਿਆਂ ਦਾ ਗੰਦਾ ਪਾਣੀ ਭਰਿਆ ਜਾ ਰਿਹਾ ਹੈ। ਇਸ ਸਬੰਧੀ ਖੋਜ ਦੀ ਲੋੜ ਤਾਂ ਇਨਸਾਨੀ ਮਲ ਮੂਤਰ ਧਰਤੀ ਹੇਠ ਨਾ ਜਾਵੇ ਸਗੋਂ ਇਸ ਨੂੰ ਸੋਧ ਕੇ ਖੇਤੀ ਲਈ ਵਰਤਿਆ ਜਾਵੇ। ਖੇਤੀ ਖੋਜ ਨੂੰ ਵੀ ਨਵਾਂ ਮੋੜ ਦੇਣ ਦੀ ਲੋੜ ਹੈ। ਅਜਿਹੀਆਂ ਫ਼ਸਲਾਂ ਅਤੇ ਘਟ ਪਾਣੀ ਦੀ ਲੋੜ ਵਾਲੀਆਂ ਕਿਸਮਾਂ ਵਿਕਸਤ ਕੀਤੀਆਂ ਜਾਣ। ਸਿੰਜਾਈ ਦੇ ਨਵੇਂ ਢੰਗ ਤਰੀਕੇ ਵਿਕਸਤ ਕੀਤੇ ਜਾਣ ਤੇ ਉਨ੍ਹਾਂ ਦੀ ਪਾਲਣਾ ਲਈ ਸੰਜੀਦਾ ਯਤਨ ਕੀਤੇ ਜਾਣ। ਸਾਰੀਆਂ ਨਹਿਰਾਂ ਤੇ ਖਾਲਿਆਂ ਦੀ ਸਫਾਈ ਕਰ ਕੇ ਉਨ੍ਹਾਂ ਦੇ ਕੰਢੇ ਮਜ਼ਬੂਤ ਕੀਤੇ ਜਾਣ ਤਾਂ ਜੋ ਮੀਂਹ ਦਾ ਪਾਣੀ ਉਥੇ ਖੜ੍ਹਾ ਕੀਤਾ ਜਾ ਸਕੇ। ਪਿੰਡਾਂ ਦੇ ਛੱਪੜ ਮੁੜ ਸੁਰਜੀਤ ਕੀਤੇ ਜਾਣ। ਬਾਰਸ਼ ਦੇ ਪਾਣੀ ਨੂੰ ਧਰਤੀ ਹੇਠ ਭੇਜਣ ਲਈ ਵੱਡੀ ਪੱਧਰ ਉਤੇ ਯਤਨ ਕਰਨੇ ਜ਼ਰੂਰੀ ਹਨ। ਹੁਣ ਇਸ ਪਾਸੇ ਕੋਈ ਖਾਸ ਯਤਨ ਨਹੀਂ ਹੋ ਰਹੇ।

ਗੈਰ-ਖੇਤੀ ਲਈ ਵਰਤੇ ਜਾ ਰਹੇ ਪਾਣੀ ਦੀ ਗਲਤ ਵਰਤੋਂ ਰੋਕੀ ਜਾਵੇ ਅਤੇ ਘੱਟ ਤੋਂ ਘੱਟ ਪਾਣੀ ਨਾਲ ਗੁਜ਼ਾਰਾ ਕਰਨ ਲਈ ਲੋਕਾਂ ਨੂੰ ਸਿੱਖਿਅਤ ਕੀਤਾ ਜਾਵੇ। ਮਈ ਜੂਨ ਦੇ ਮਹੀਨੇ ਫ਼ਸਲਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਨਾ ਕੀਤਾ ਜਾਵੇ। ਦਾਲਾਂ, ਬਾਜਰਾ, ਮੱਕੀ ਆਦਿ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਦੀ ਘੱਟੋ-ਘੱਟ ਸਮਰਥਨ ਮੁੱਲ ਉਤੇ ਖਰੀਦ ਯਕੀਨੀ ਬਣਾਈ ਜਾਵੇ। ਬਾਜਰੇ ਅਤੇ ਬਾਸਮਤੀ ਦੀ ਕਾਸ਼ਤ ਨੂੰ ਮਕਬੂਲ ਬਣਾਇਆ ਜਾਵੇ। ਅਗੇਤਾ ਝੋਨਾ ਲਗਾਉਣ ਦੇ ਰੁਝਾਨ ਨੂੰ ਠੱਲ੍ਹ ਪਾਈ ਜਾਵੇ। ਕਦੇ ਸਰਕਾਰ ਨੇ ਇਸ ਉਤੇ ਰੋਕ ਲਗਾਈ ਸੀ ਜਿਸ ਨਾਲ ਪਾਣੀ ਦੀ ਚੋਖੀ ਬਚਤ ਹੋਈ ਸੀ। ਪਿੰਡਾਂ ਦੀਆਂ ਢਾਬਾਂ ਅਤੇ ਖਾਲਿਆਂ ਨੂੰ ਲੋਕਾਂ ਦੇ ਕਬਜ਼ਿਆਂ ਵਿਚੋਂ ਛੁਡਾ ਕੇ ਮੁੜ ਚਾਲੂ ਕੀਤਾ ਜਾਵੇ। ਸ਼ਹਿਰਾਂ ਦੀਆਂ ਪਾਰਕਾਂ ਵਿਚ ਘਾਹ ਨੂੰ ਪਾਣੀ ਲਗਾਉਣ ਲਈ ਨਿਯਮ ਬਣਾਏ ਜਾਣ ਤਾਂ ਜੋ ਪਾਣੀ ਨੂੰ ਬਚਾਇਆ ਜਾ ਸਕੇ। ਜੇ ਸੰਜੀਦਾ ਯਤਨ ਨਾ ਕੀਤੇ ਗਏ ਤਾਂ ਪੀਣ ਲਈ ਵੀ ਸ਼ੁੱਧ ਪਾਣੀ ਮਿਲਣਾ ਮੁਸ਼ਕਿਲ ਹੋ ਜਾਵੇਗਾ ਤੇ ਬੋਤਲਾਂ ਦਾ ਬੰਦ ਪਾਣੀ ਪੀਣ ਲਈ ਮਜਬੂਰ ਹੋਣਾ ਪਵੇਗਾ।
ਸੰਪਰਕ: 94170-87328

Advertisement
Tags :
ਆਬਾਦੀਪਾਣੀ:ਰਿਹਾ