ਕਿਸਾਨ ਜਥੇਬੰਦੀ ਦੇ ਵਿਰੋਧ ਕਾਰਨ ਕਬਜ਼ਾ ਲੈਣ ਤੋਂ ਰੋਕਿਆ
ਲਖਵੀਰ ਸਿੰਘ ਚੀਮਾ
ਟੱਲੇਵਾਲ, 1 ਦਸੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਅੱਜ ਪਿੰਡ ਚੀਮਾ ਵਿਚ ਇੱਕ ਕਿਸਾਨ ਦੇ ਘਰ ਦਾ ਕਬਜ਼ਾ ਵਾਰੰਟ ਰੁਕਵਾਇਆ ਗਿਆ। ਕਿਸਾਨ ਆਗੂ ਦਰਸ਼ਨ ਸਿੰਘ ਚੀਮਾ ਅਤੇ ਗੁਰਨਾਮ ਸਿੰਘ ਭੋਤਨਾ ਨੇ ਦੱਸਿਆ ਕਿ ਪਿੰਡ ਦੇ ਕਿਸਾਨ ਪਿਆਰਾ ਸਿੰਘ ਪੁੱਤਰ ਸਾਧੂ ਸਿੰਘ ਦੇ ਘਰ ਨੂੰ ਢਾਹ ਕੇ ਪੱਕਾ ਸਰਕਾਰੀ ਖਾਲ ਬਣਾਉਣ ਲਈ ਪਹਿਲਾਂ ਵੀ ਪ੍ਰਸ਼ਾਸਨ ਵਲੋਂ ਦੋ ਵਾਰ ਵਾਰੰਟ ਕਬਜ਼ਾ ਲਿਆਂਦਾ ਗਿਆ ਸੀ ਪਰ ਬੀਕੇਯੂ ਉਗਰਾਹਾਂ ਨੇ ਆਪਣੇ ਏਕੇ ਨਾਲ ਅਧਿਕਾਰੀ ਵਾਪਸ ਮੋੜੇ ਸਨ। ਅੱਜ ਮੁੜ ਵਾਰੰਟ ਕਬਜ਼ੇ ਦਾ ਪ੍ਰਸ਼ਾਸਨ ਨੇ ਸਮਾਂ ਤੈਅ ਕੀਤਾ ਸੀ ਪਰ ਅੱਜ ਮੁੜ ਬੀਕੇਯੂ ਉਗਰਾਹਾਂ ਵਲੋਂ ਇਸ ਦਾ ਸਖ਼ਤ ਵਿਰੋਧ ਕਰਕੇ ਸਰਕਾਰ ਦੀ ਧੱਕੇਸ਼ਾਹੀ ਦਾ ਮੂੰਹ ਤੋੜਵਾਂ ਜਵਾਬ ਦੇ ਕੇ ਵਾਰੰਟ ਕਬਜ਼ਾ ਰੋਕਿਆ ਗਿਆ। ਉਨ੍ਹਾਂ ਕਿਹਾ ਕਿ ਇਸ ਕਿਸਾਨ ਨਾਲ ਕੋਈ ਧੱਕੇਸ਼ਾਹੀ ਨਹੀਂ ਹੋਣ ਦਿੱਤੀ ਜਾਵੇਗੀ। ਕਿਸਾਨ ਜਥੇਬੰਦੀ ਇਸੇ ਤਰ੍ਹਾਂ ਡੱਟ ਕੇ ਕਿਸਾਨ ਦਾ ਸਾਥ ਦੇਵੇਗੀ। ਕਿਸਾਨ ਆਗੂ ਗੁਰਚਰਨ ਸਿੰਘ ਭਦੌੜ ਨੇ ਕਿਹਾ ਕਿ ਸਰਕਾਰ ਬਿਨਾਂ ਵਜ੍ਹਾ ਕਿਸਾਨਾਂ ਨੂੰ ਤੰਗ ਕਰਨਾ ਬੰਦ ਕਰੇ। ਸਰਕਾਰ ਆਪਣੀਆਂ ਜ਼ਮੀਨਾਂ ਖੋਹਣ ਦੀ ਨੀਤੀ ਤੋਂ ਬਾਜ਼ ਆਵੇ ਨਹੀਂ ਤਾਂ ਕਿਸਾਨ ਜਥੇਬੰਦੀ ਸੰਘਰਸ਼ ਲਈ ਮਜਬੂਰ ਹੋਵੇਗੀ। ਇਸ ਮੌਕੇ ਮਾਸਟਰ ਗੁਰਚਰਨ ਸਿੰਘ ਭੋਤਨਾ, ਕੌਰ ਸਿੰਘ, ਰਾਜਵਿੰਦਰ ਸਿੰਘ ਮੱਲ੍ਹੀ, ਜਸਵਿੰਦਰ ਸਿੰਘ ਉਗੋਕੇ, ਗੁਰਚਰਨ ਸਿੰਘ ਪੱਖੋਕੇ, ਗੁਰਦੀਪ ਪੱਖੋ, ਮੱਘਰ ਸਿੰਘ ਮੱਲੀਆਂ, ਬਿੰਦਰ ਭਦੌੜ, ਟੇਕ ਸਿੰਘ ਪੱਤੀ, ਹਰੀ ਸਿੰਘ ਭਗਤਪੁਰਾ ਵੀ ਹਾਜ਼ਰ ਸਨ।