ਭਾਰਤ ਮਾਲਾ ਪ੍ਰਾਜੈਕਟ: ਡੀਸੀ ਦੇ ਭਰੋਸੇ ’ਤੇ ਪੱਕਾ ਮੋਰਚਾ ਮੁਲਤਵੀ
ਪ੍ਰਮੋਦ ਕੁਮਾਰ ਸਿੰਗਲਾ
ਸ਼ਹਿਣਾ, 10 ਅਪਰੈਲ
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਬਲਾਕ ਸ਼ਹਿਣਾ ਦੀ ਮਹੀਨਾਵਾਰ ਮੀਟਿੰਗ ਕਸਬਾ ਸ਼ਹਿਣਾ ਵਿੱਚ ਭਾਰਤ ਮਾਲਾ ਪ੍ਰਾਜੈਕਟ ਨਾਲ ਸਬੰਧਤ ਸੜਕ ’ਤੇ ਚੱਲਦੇ ਪੱਕਾ ਮੋਰਚੇ ਵਾਲੀ ਥਾਂ ’ਤੇ ਬਲਾਕ ਪ੍ਰਧਾਨ ਜਗਸੀਰ ਸਿੰਘ ਸ਼ਹਿਣਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉਗੋਕੇ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਮੀਟਿੰਗ ਵਿੱਚ ਵੱਖ-ਵੱਖ ਮੁੱਦਿਆਂ ’ਤੇ ਚਰਚਾ ਹੋਈ। ਇਸੇ ਮੀਟਿੰਗ ’ਚ ਭਾਰਤ ਮਾਲਾ ਪ੍ਰਾਜੈਕਟ ਸਬੰਧੀ ਪਿਛਲੇ ਦੋ ਮਹੀਨੇ ਤੋਂ ਚੱਲਦੇ ਪੱਕੇ ਮੋਰਚੇ ਨੂੰ ਅੱਜ ਡੀ.ਸੀ. ਬਰਨਾਲਾ ਦੇ ਭਰੋਸੇ ’ਤੇ ਇੱਕ ਵਾਰ ਮੁਲਤਵੀ ਕਰ ਦਿੱਤਾ ਗਿਆ। ਡੀ.ਆਰ.ਓ. ਬਰਨਾਲਾ ਨੇ ਭਰੋਸਾ ਦਿਵਾਇਆ ਕਿ ਜਲਦੀ ਹੀ ਸਾਰੀਆਂ ਮੰਗਾਂ ਦਾ ਹੱਲ ਕੀਤਾ ਜਾਵੇਗਾ। ਜਿੰਨਾ ਚਿਰ ਕਿਸਾਨਾਂ ਦੀਆਂ ਪੂਰੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉੱਨਾ ਚਿਰ ਇਨ੍ਹਾਂ ਦੀ ਜ਼ਮੀਨ ਵਿੱਚ ਕੰਮ ਨਹੀਂ ਚਲਾਇਆ ਜਾਵੇਗਾ। ਭਾਕਿਯੂ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਮਈ ਮਹੀਨੇ ਵਿੱਚ ਤਿੰਨ ਵੱਡੀ ਕਾਨਫਰੰਸਾਂ ਕੀਤੀਆਂ ਜਾਣੀਆਂ ਹਨ, ਜਿਸ ਸਬੰਧੀ ਤਿਆਰੀ ਅੱਜ ਤੋਂ ਹੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ਬਲਾਕ ਜਨਰਲ ਸਕੱਤਰ ਭਿੰਦਾ ਸਿੰਘ ਢਿੱਲਵਾਂ, ਬਲਾਕ ਮੀਤ ਪ੍ਰਧਾਨ ਸੁਖਜਿੰਦਰ ਸਿੰਘ ਜੰਗੀਆਣਾ, ਬਲਾਕ ਮੀਤ ਪ੍ਰਧਾਨ ਹਰਬੰਸ ਸਿੰਘ ਚੀਮਾ, ਖਜ਼ਾਨਚੀ ਹਰਬੰਸ ਸਿੰਘ ਭਦੌੜ, ਬਲਾਕ ਆਗੂ ਲਛਮਣ ਸਿੰਘ ਉਗੋਕੇ, ਜ਼ਿਲ੍ਹਾ ਆਗੂ ਮੇਵਾ ਸਿੰਘ, ਜਗਜੀਤ ਸਿੰਘ ਅਲਕੜਾ, ਮਲਕੀਤ ਸਿੰਘ ਸ਼ਹਿਣਾ, ਗੇਜਾ ਸਿੰਘ ਨੈਣੇਵਾਲ, ਪਿਆਰਾ ਮੱਝੂਕੇ, ਸੁਖਦੇਵ ਸਿੰਘ ਗਿੱਲ ਕੋਠੇ, ਭੋਲਾ ਸਿੰਘ ਸੁੱਖਪੁਰਾ, ਪ੍ਰੀਤਮ ਸਿੰਘ ਉੱਗੋਕੇ, ਹਰਦੇਵ ਸਿੰਘ ਚੀਮਾ, ਗੁਰਤੇਜ ਸਿੰਘ ਤਾਜੋ ਤੇ ਭਗਵੰਤ ਸਿੰਘ ਭਦੌੜ ਆਦਿ ਹਾਜ਼ਰ ਸਨ।