ਫ਼ਰੀਦਕੋਟ ਜ਼ਿਲ੍ਹੇ ’ਚ ਤਸਕਰਾਂ ਦੀ ਕਰੋੜਾਂ ਰੁਪਏ ਦੀ ਜਾਇਦਾਦ ਕੁਰਕ
ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 1 ਮਈ
ਫ਼ਰੀਦਕੋਟ ਪੁਲੀਸ ਨੇ ਜ਼ਿਲ੍ਹੇ ਭਰ ਦੇ ਕਰੀਬ 10 ਤਸਕਰਾਂ ਦੀ 6 ਕਰੋੜ ਰੁਪਏ ਦੇ ਕਰੀਬ ਜਾਇਦਾਦ ਕੁਰਕ ਕੀਤੀ ਹੈ। ਇਨ੍ਹਾਂ ਤਸਕਰਾਂ ਖ਼ਿਲਾਫ਼ ਪੁਲੀਸ ਨੇ ਅਪਰਾਧਿਕ ਗਤੀਵਿਧੀਆਂ ਅਤੇ ਤਸਕਰੀ ਦੀ ਦੋਸ਼ਾਂ ਤਹਿਤ ਇੱਕ ਤੋਂ ਵੱਧ ਪਰਚੇ ਦਰਜ ਕੀਤੇ ਹੋਏ ਹਨ। ਜਾਇਦਾਦ ਦੀ ਕੁਰਕੀ ਸਮੇਂ ਪੁਲੀਸ ਨੇ ਨਸ਼ਾ ਤਸਕਰੀ ਲਈ ਵਰਤੇ ਗਏ ਵਾਹਨ ਘਰ ਇਮਾਰਤਾਂ ਆਦਿ ਨੂੰ ਵੀ ਸੀਲ ਕਰ ਦਿੱਤਾ ਹੈ ਅਤੇ ਇਸ ਨੂੰ ਪੱਕੇ ਤੌਰ ’ਤੇ ਕੁਰਕ ਕਰਕੇ ਨਿਲਾਮ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਲ੍ਹਾ ਪੁਲੀਸ ਮੁਖੀ ਪ੍ਰੱਗਿਆ ਜੈਨ ਨੇ ਕਿਹਾ ਕਿ ਜਿਨ੍ਹਾਂ ਤਸਕਰਾਂ ਦੀ ਜਾਇਦਾਦ ਕੁਰਕ ਕੀਤੀ ਜਾ ਰਹੀ ਹੈ ਉਨ੍ਹਾਂ ਖ਼ਿਲਾਫ਼ ਨਸ਼ਾ ਤਸਕਰੀ ਦੇ ਇੱਕ ਤੋਂ ਵੱਧ ਮੁਕੱਦਮੇ ਦਰਜ ਹਨ ਅਤੇ ਉਹ ਹੋਰ ਵੀ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹਨ। ਫ਼ਰੀਦਕੋਟ ਪੁਲੀਸ ਨੇ ਪਿੰਡ ਰਾਮੇਆਨਾ, ਝੋਟੀਵਾਲਾ, ਜੈਤੋ, ਬਾਜਾਖਾਨਾ, ਕੋਟਕਪੂਰਾ ਅਤੇ ਸਾਦਿਕ ਥਾਣਿਆਂ ਅਧੀਨ ਪੈਂਦੇ ਪਿੰਡਾਂ ਵਿੱਚ ਉਨ੍ਹਾਂ ਸਾਰੇ ਤਸਕਰਾਂ ਦੀ ਜਾਇਦਾਦ ਕੁਰਕ ਕਰ ਲਈ ਹੈ, ਜੋ ਪਿਛਲੇ ਲੰਮੇ ਸਮੇਂ ਤੋਂ ਤਸਕਰੀ ਕਰ ਰਹੇ ਸਨ ਅਤੇ ਪੁਲੀਸ ਨੂੰ ਸੂਚਨਾ ਹੈ ਕਿ ਇਹ ਜਾਇਦਾਦ ਨਸ਼ਾ ਤਸਕਰੀ ਕਰਕੇ ਬਣਾਈ ਗਈ ਹੈ। ਪੰਜਾਬ ਪੁਲੀਸ ਨੇ ਜਾਇਦਾਦਾਂਕੁਰਕ ਕਰਨ ਸਬੰਧੀ ਭਾਰਤ ਸਰਕਾਰ ਦੇ ਵਿੱਤ ਵਿਭਾਗ ਤੋਂ ਮਨਜ਼ੂਰੀ ਮੰਗੀ ਸੀ ਜਿਸ ਤੋਂ ਬਾਅਦ ਵਿਤ ਵਿਭਾਗ ਨੇ ਸਾਰੇ ਤਸਕਰਾਂ ਦੀ ਜਾਇਦਾਦ ਕੁਰਕ ਕਰਨ ਨੂੰ ਹਰੀ ਝੰਡੀ ਦੇ ਦਿੱਤੀ ਸੀ ਜਿਸ ਤੋਂ ਬਾਅਦ ਅੱਜ ਪੁਲਿਸ ਨੇ ਇਸ ਕਾਰਵਾਈ ਨੂੰ ਅੰਜਾਮ ਦੇ ਦਿੱਤਾ।